ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਦੇ ਕੈਬੀਨਟ ਮੰਤਰੀ ਬਿਕਰਮ ਮਜੀਠੀਆ ‘ਤੇ ਸੂਬੇ ਵਿਚ ਕਈ ਥਾਂ ਹੋਰਡਿੰਗ ਲਾ ਕੇ ਹਮਲਾ ਕਰ ਦਿੱਤਾ। ਇਨ੍ਹਾਂ ਹੋਰਡਿੰਗਾਂ ‘ਤੇ ਲਿਖਿਆ ਹੋਇਆ ਹੈ ਕਿ ਬਿਕਰਮ ਮਜੀਠੀਆ ਪੰਜਾਬ ਵਿਚ ਨਸ਼ੇ ਵੇਚਣ ਦਾ ਸੌਦਾਗਰ ਹੈ। ਆਮ ਆਦਮੀ ਪਾਰਟੀ ਨੇ ਸੋਸ਼ਲ ਨੈਟਵਰਕਿੰਗ ਸਾਈਟਾਂ (ਇੰਟਰਨੈਟ) ‘ਤੇ ਵੀ ਹੈਸ਼ਟੈਗ #ਡਰਗਮਾਫੀਆਮਜੀਠੀਆ ਦੇ ਨਾਂ ‘ਤੇ ਟਵੀਟ ਕੀਤਾ, ਜੋ ਕਿ ਭਾਰਤੀ ਮਹਾਂਦੀਪ ਵਿਚ ਪਹਿਲੇ ਨੰਬਰ ‘ਤੇ ਚੱਲ ਰਿਹਾ ਹੈ।
‘ਆਪ’ ਵਲੋਂ ਇਹ ਹਮਲਾਵਰ ਰੁੱਖ ਉਦੋਂ ਅਪਣਾਇਆ ਗਿਆ ਜਦੋਂ ਅੰਮ੍ਰਿਤਸਰ ਪੁਲਿਸ ਦੀ ਦੋ ਮੈਂਬਰਾਂ ਦੀ ਟੀਮ ਨੇ ਨਵੀਂ ਦਿੱਲੀ ਜਾ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਸੰਜੈ ਸਿੰਘ ਅਤੇ ਆਸ਼ੀਸ਼ ਖੇਤਾਨ ਨੂੰ ਅਦਾਲਤ ਦੇ ਸੰਮਨ ਦਿੱਤੇ ਕਿ ਉਹ 29 ਜੁਲਾਈ ਨੂੰ ਹਾਜ਼ਰ ਹੋਣ।

ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਨੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ, ਦਿੱਲੀ ਡਾਇਲਾਗ ਕਮਿਸ਼ਨ ਦੇ ਆਸ਼ੀਸ਼ ਖੇਤਾਨ ‘ਤੇ ਮਾਣਹਾਨੀ ਕੇਸ ਦਰਜ ਕਰਵਾਇਆ ਸੀ।
ਮਜੀਠੀਆ ਵਲੋਂ 20 ਮਈ ਨੂੰ ਧਾਰਾ 499, 500, 34, 120-ਬੀ ਤਹਿਤ ਕੇਸ ਦਰਜ ਕਰਵਾਇਆ ਗਿਆ ਸੀ ਕਿ ਝੂਠੇ ਇਲਜ਼ਾਮਾਂ ਨਾਲ ਉਨ੍ਹਾਂ (ਮਜੀਠੀਆ) ਦੀ ਛਵੀ ਨੂੰ ਨੁਕਸਾਨ ਪਹੁੰਚਿਆ ਹੈ।
ਹੋਰ ਜਾਣਕਾਰੀ ਲਈ ਅੰਗ੍ਰੇਜ਼ੀ ਵਿਚ ਪੜ੍ਹੋ: http://bit.ly/2a8nblW
ਪੰਜਾਬ ਪੁਲਿਸ ਦੀ ਦੋ ਮੈਂਬਰੀ ਟੀਮ ਵਿਚ ਏਸੀਪੀ ਹਰਦਿਆਲ ਸਿੰਘ ਅਤੇ ਥਾਣਾ ਸਿਵਲ ਲਾਈਨਸ ਦੇ ਐਸ.ਐਚ.ਓ. ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਸ਼ਾਮਲ ਸਨ, ਜੋ ਦਿੱਲੀ ਸੰਮਨ ਦੇਣ ਗਏ ਸਨ।
2016 ਵਿਚ ਇਹ ਦੂਜੀ ਵਾਰ ਹੋਇਆ ਹੈ ਕਿ ‘ਆਪ’ ਸਮਰਥਕਾਂ ਨੇ ਮਜੀਠੀਆ ‘ਤੇ ਇੰਟਰਨੈਟ ਰਾਹੀਂ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ 8 ਫਰਵਰੀ, 2016 ਨੂੰ ਵੀ ਹੈਸ਼ਟੈਗ #ਡਰੱਗਮਾਫੀਆਮਜੀਠੀਆ ਰਾਹੀਂ ਹਮਲਾ ਕੀਤਾ ਗਿਆ ਸੀ।