ਬਸਤੀਵਾਦੀ ਸ਼ਾਸਨ ਦੇ ਪੱਕੇ ਪੈਰੀਂ ਹੁੰਦਿਆਂ ਹੀ ਜਦ ਪੰਜਾਬ ਦੇ ਵਿਹੜੇ ‘ਆਧੁਨਿਕਤਾ’ ਨੇ ਪੈਰ ਧਰਿਆ ਤਾਂ ਜਿਥੇ ਇਸ ਨੇ ਹੋਰਨਾਂ ਭਾਈਚਾਰਿਆਂ ਨੂੰ ਆਪਣੇ ਪ੍ਰਭਾਵ ਥੱਲੇ ਲਿਆਂਦਾ ਓਥੇ ਸਿੱਖਾਂ ਉਪੱਰ ਵੀ ਗਹਿਰਾ ਅਸਰ ਪਿਆ। ਸਿੰਘ ਸਭਾ ਲਹਿਰ ਅਤੇ ਖਾਲਸਾ ਦੀਵਾਨ ਆਦਿ ਸੰਸਥਾਵਾਂ ਇਸੇ ਪ੍ਰਭਾਵ ਦਾ ਨਤੀਜਾ ਸਨ। ਓਪਰੋਕਤ ਸੰਸਥਾਵਾਂ ਦੀ ਪੈੜ ਨੱਪਦਿਆਂ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਾਉਂਦਿਆਂ ਦੋ ਹੋਰ ਮਹੱਤਵਪੂਰਨ ਸੰਸਥਾਵਾਂ ਨੇ ਉਨੀ ਸੌ ਵੀਹ ਤੋਂ ਪੰਝੀ ਦੇ ਵਿਚਕਾਰ ਆਪਣਾ ਅਕਾਰ ਧਾਰਿਆ…ਇਹ ਸਨ…”ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ”……ਇਹ ਸੰਸਥਾਵਾਂ ਸਦੀ ਲੰਮਾ ਸਫ਼ਰ ਤੈਅ ਕਰਕੇ ਅੱਜ ਵੀ ਸਿੱਖਾਂ ਦੀਆਂ ਮਹੱਤਵਪੂਰਨ ਸੰਸਥਾਵਾਂ ਹਨ। ਇਹਨਾਂ ਸੰਸਥਾਵਾਂ ਦੇ ਇਸ ਸਫ਼ਰ ਦੀਆਂ ਬਾਤਾਂ ਬਹੁਤ ਸਾਰੇ ਲੇਖਕਾਂ ਨੇ ਬੀਤੇ ਵਿਚ ਪਾਈਆਂ ਹਨ। ਭਾਵੇਂ ਕਿ ਬਹੁਤੀਆਂ ਕਿਤਾਬਾਂ ਓਪਰੋਕਤ ਸੰਸਥਾਵਾਂ ਦਾ ਉਪਭਾਵਕ ਗੁਣਗਾਣ ਹੀ ਕਰਦੀਆਂ ਹਨ। ਫਿਰ ਵੀ ਕਿਉਂਕਿ ਇਹਨਾਂ ਸੰਸਥਾਵਾਂ ਨੇ ਸਿੱਖਾਂ ਉਪਰ ਸਦੀ ਜਿੰਨੇ ਲੰਮੇ ਸਮੇਂ ਅੰਦਰ ਗਹਿਰਾ ਅਸਰ ਪਾਇਆ ਸੋ ਇਹ ਚਿਰਕਾਲੀ ਲੋੜ ਮਹਿਸੂਸ ਹੋ ਰਹੀ ਸੀ ਕਿ ਕੋਈ ਕਿਤਾਬ ਇਹਨਾਂ ਬਾਰੇ ਗਹਿਰ ਗੰਭੀਰ ਅਧਿਐਨ ਪਾਠਕਾਂ ਸਨਮੁੱਖ ਰੱਖੇ। ਜਿਸ ਵਿਚ ਇਹਨਾਂ ਸੰਸਥਾਵਾਂ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਨੂੰ ਬਾਰੀਕ ਨਜ਼ਰ ਨਾਲ ਪਰਖਦਿਆਂ ਸਮੇਂ ਸਮੇਂ ਆਏ ਉਤਰਾਵਾਂ ਚੜਾਵਾਂ ਦੀ ਕੋਈ ਪੁਖਤਾ ਜਾਣਕਾਰੀ ਸਾਹਮਣੇ ਆ ਸਕੇ।

ਹਥਲੀ ਕਿਤਾਬ “ਅਕਾਲੀ ਸਿਆਸਤ- ਤੱਥਾਂ, ਤਰੀਕਾਂ ਅਤੇ ਦਸਤਾਵੇਜ਼ਾਂ ਦੀ ਰੌਸ਼ਨੀ ਵਿੱਚ ਸਦੀ ਭਰ ਦਾ ਇਤਿਹਾਸ” ਨੂੰ ਪੜ੍ਹਦਿਆਂ ਇਹ ਮਹਿਸੂਸ ਹੋਇਆ ਕਿ ਇਸ ਕਿਤਾਬ ਦੇ ਕਰਤਾ ਸਰਦਾਰ ਕੰਵਰਜੀਤ ਸਿੰਘ ਸਿੱਧੂ ਨੇ ਸਾਡੀ ਇਸ ਚਿਰਕਾਲੀ ਲੋੜ ਨੂੰ ਪੂਰਾ ਕੀਤਾ ਹੈ। ਸਰਦਾਰ ਕੰਵਰਜੀਤ ਸਿੰਘ ਸਿੱਧੂ ਭਾਵੇਂ ਕਿ ਪਹਿਲਾਂ ਵੀ ਕਾਫੀ ਪੁਸਤਕਾਂ ਦੇ ਚੁੱਕੇ ਹਨ….ਪਰ ਉਹਨਾਂ ਪੁਸਤਕਾਂ ਦਾ ਖੇਤਰ ਨਿਰੋਲ ਸਾਹਿਤਕ ਰਿਹਾ। ਪਰ ਇਤਿਹਾਸ ਨਾਲ ਸਬੰਧਿਤ ਪੁਸਤਕ ਨੂੰ ਇਸ ਕਦਰ ਬਹੁਤ ਮਿਹਨਤ ਨਾਲ ਅਕਾਰ ਦੇਣ ਸਦਕਾ ਲੇਖਕ ਦੀ ਬਹੁਪੱਖੀ ਪ੍ਰਤਿਭਾ ਸਾਹਮਣੇ ਆਉਂਦੀ ਹੈ। ਇਹ ਸ਼ਾਇਦ ਤਾਂ ਹੀ ਸੰਭਵ ਹੋ ਸਕਿਆ ਕਿ ਲੇਖਕ ਆਪਣੀ ਅੱਲੜ ਵਰੇਸ ਤੋਂ ਹੀ ਸਾਹਿਤ, ਇਤਿਹਾਸ ਔਰ ਸਿਆਸੀ ਗਤੀਵਿਧੀਆਂ ਦਾ ਗੰਭੀਰ ਪਾਠਕ ਰਿਹਾ। ਸੋ ਉਹਨਾਂ ਦੇ ਇਸ ਅਧਿਐਨ ਚੋਂ ਹੀ ਇਸ ਕਿਤਾਬ ਨੇ ਜਨਮ ਲਿਆ। ਕਿਤਾਬ ਦੀ ਝੋਲੀ ਵਿਚ ਗੁਣਾਂ ਦਾ ਪੱਲੜਾ ਭਾਰੀ ਹੈ ਤੇ ਔਗੁਣਾਂ ਦੀ ਕਿਤੇ ਕਿਤੇ ਝਾਤ….
ਪੰਜ ਸੌ ਸਤਾਨਵੇਂ ਪੰਨਿਆਂ ਦੀ ਇਸ ਕਿਤਾਬ ਦੇ ਪੰਜ ਚੈਪਟਰ ਹਨ ਜੋ ਕਿ ਅਕਾਲੀ ਸਿਆਸਤ ਦੇ ਜਨਮ ਤੋਂ ਲੈ ਕੇ ਹੁਣ ਤੱਕ ਆਏ ਵੱਖ ਵੱਖ ਪੜਾਵਾਂ ਅਨੁਸਾਰ ਵਿਉਂਤੇ ਗਏ ਹਨ…ਇਸ ਤੋਂ ਇਲਾਵਾ ਪੈਂਹਠ ਅੰਤਿਕਾਵਾਂ ਹਨ ਜਿਨ੍ਹਾਂ ਵਿਚ ਵੱਖ ਵੱਖ ਸਮੇਂ ਪੇਸ਼ ਹੋਏ ਮਤੇ, ਚਿੱਠੀਆਂ ਜਾਂ ਹੋਰ ਦਸਤਾਵੇਜ ਆਪਣੇ ਅਸਲ ਰੂਪ ਵਿਚ ਦਰਜ ਹਨ ਤਾਂ ਜੋ ਪਾਠਕ ਉਹਨਾਂ ਤੋਂ ਜਾਣੂ ਹੋ ਕੇ ਸਹੀ ਜਾਣਕਾਰੀ ਲੈ ਸਕਣ। ਇਹ ਕਿਤਾਬ ਆਪਣੇ ਟਾਈਟਲ ਅਨੁਸਾਰ ਹੀ ਤਰੀਕਾਂ ਅਨੁਸਾਰ ਚੱਲਦੀ ਹੋਈ ਤੱਥਾਂ ਔਰ ਦਸਤਾਵੇਜ਼ਾਂ ਦੀ ਬਾਤ ਪਾਉਂਦੀ ਹੈ। ਹੋ ਸਕਦਾ ਕੁੱਝ ਪਾਠਕਾਂ ਨੂੰ ਤਰੀਕਾਂ ਦੀ ਇਹ ਭਰਮਾਰ ਉਕਤਾਊ ਲੱਗੇ ਪਰ ਇਹ ਕਿਤਾਬੀ ਵਿਉਂਤ ਦਾ ਜਰੂਰੀ ਅੰਗ ਹੈ। ਇਹ ਤਰੀਕਾਂ ਅਤੇ ਇਹਨਾਂ ਦੌਰਾਨ ਵਾਪਰੀਆਂ ਘਟਨਾਵਾਂ ਜਾਂ ਗਤੀਵਿਧੀਆਂ ਹੀ ਸਾਨੂੰ ਦੱਸਦੀਆਂ ਹਨ ਕਿ ਅਕਾਲੀ ਸਿਆਸਤ ਦੇ ਕਾਰਕੁੰਨ ਜਾਂ ਆਗੂ ਨਿੱਤ ਨਵੀਂ ਸਵੇਰ ਕੀ ਸੋਚਦੇ ਰਹੇ ਜਾਂ ਕੀ ਕਰਦੇ ਰਹੇ। ਉਹਨਾਂ ਦੀ ਇਸ ਸੋਚਣੀ ਅਤੇ ਕਰਨੀ ਨੇ ਅਕਾਲੀ ਸਿਆਸਤ ਦਾ ਮੂੰਹ ਮੁਹਾਂਦਰਾ ਘੜਿਆ। ਅੱਜ ਜਿਸ ਰੂਪ ਵਿੱਚ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਦੇਖ ਰਹੇ ਹਾਂ….ਇਸ ਸਰੂਪ ਜਾਂ ਸੁਭਾਅ ਨੂੰ ਸਮਝਣ ਲਈ ਸਾਨੂੰ ਇਹਨਾਂ ਤਰੀਕਾਂ ਥਾਣੀ ਲੰਘਣਾ ਹੀ ਪੈਣਾ ਸੀ।
ਲੇਖਕ ਨੇ ਕਿਤਾਬ ਲਿਖਣ ਦੀ ਵਿਉਂਤ ਨੂੰ ਆਪਣੀ ਇਸ ਨਿਵੇਕਲੀ ਵਿਧੀ ਰਾਂਹੀ ਹੀ ਨੇਪਰੇ ਚਾੜ੍ਹਿਆ। ਤਰੀਕਾਂ ਦੀ ਇਸ ਤਰਤੀਬ ਵਿਚ ਚੱਲੇ ਇਤਿਹਾਸ ਨੂੰ ਲੇਖਕ ਨੇ ਉਸਦੇ ਸ਼ੁੱਧ ਰੂਪ ਵਿੱਚ ਹੀ ਬਿਆਨਿਆ ਭਾਵ ਤਰੀਕਾਂ ਅੰਦਰ ਪੇਸ਼ ਤੱਥਾਂ ਨੂੰ ਹੂ ਬ ਹੂ ਉਸੇ ਤਰ੍ਹਾਂ ਲਿਖਿਆ ਜਿਵੇਂ ਦੇ ਉਹ ਅਸਲ ਸਨ। ਹਾਂ ਨਾਲ ਨਾਲ ਲੇਖਕ ਨੇ ਆਪਣੀਆਂ ਢੁਕਵੀਆਂ ਟਿੱਪਣੀਆਂ ਰਾਹੀਂ ਆਪਣੇ ਖਿਆਲਾਤ ਜਰੂਰ ਦਰਜ ਕਰਵਾਏ….ਜਿਨ੍ਹਾਂ ਤੋਂ ਸਾਨੂੰ ਓਪਰੋਕਤ ਤਰੀਕਾਂ ਤੱਥਾਂ ਜਾਂ ਦਸਤਾਵੇਜ਼ਾਂ ਦੀ ਪੂਰੀ ਸਮਝ ਪੈਂਦੀ ਹੈ। ਇਕ ਗੱਲ ਹੋਰ ਲੇਖਕ ਦੀਆਂ ਇਹ ਟਿੱਪਣੀਆਂ ਅਕਾਲੀ ਸਿਆਸਤ ਦੇ ਕਾਰਕੁੰਨਾਂ ਜਾਂ ਆਗੂਆਂ ਦੇ ਗੁਣਾਂ ਤੇ ਉਹਨਾਂ ਦੀਆਂ ਕਮੀਆਂ ਨੂੰ ਵੀ ਸਾਡੇ ਸਨਮੁੱਖ ਕਰਦੀਆਂ ਹਨ। ਗੁਣਾਂ ਨੇ ਅਕਾਲੀਆਂ ਦੇ ਸਖਸ਼ੀ ਕਿਰਦਾਰ ਨੂੰ ਬੁਲੰਦ ਕੀਤਾ ਔਰ ਕਮੀਆਂ ਨੇ ਉਹਨਾਂ ਦੀ ਸਿਆਸੀ ਸੂਝ ਦੀ ਘਾਟ ਨੂੰ ਸਾਹਮਣੇ ਲਿਆਦਾ ਜਿਸ ਸਦਕਾ ਉਹ ਆਪਣੀ ਇਤਿਹਾਸਿਕ ਭੂਮਿਕਾ ਅਦਾ ਕਰਨ ਤੋਂ ਵਾਂਝੇ ਰਹਿ ਗਏ। ਅਕਾਲੀ ਸਿਆਸਤ ਦੇ ਇਹ ਔਗੁਣ ਜਾਂ ਕਮੀਆਂ ਇਹਨਾਂ ਦੀ ਜੰਮਣ ਪੀੜਾ ਵਿਚ ਹੀ ਪਏ ਹਨ….ਕਿਸ ਕਿਸਮ ਦੇ ਹਾਲਾਤ ਚੋਂ ਇਹਨਾਂ ਸੰਸਥਾਵਾਂ ਨੇ ਜਨਮ ਅਤੇ ਅਕਾਰ ਲਿਆ ਜਾਂ ਕਿਹੜੇ ਪ੍ਰਭਾਵ ਸਨ ਜਿਹਨਾਂ ਨੂੰ ਨਾਲ ਲੈ ਕੇ ਹੀ ਇਤਿਹਾਸ ਵਿੱਚ ਸਫ਼ਰ ਤੈਅ ਕੀਤਾ। ਇਸ ਲਈ ਕਿਤਾਬ ਦਾ ਲਗਾਤਾਰ ਪਾਠ, ਪਾਠਕ ਨੂੰ ਅਕਾਲੀ ਸਿਆਸਤ ਦੇ ਅਜੋਕੇ ਨਿਘਾਰ ਨੂੰ ਸਮਝਣ ਵਿਚ ਮੱਦਦ ਕਰੇਗਾ। ਕਿ ਇਹ ਸਭ ਕੁੱਝ ਕਿਉਂ ਵਾਪਰਿਆ….ਇਸ ਸਭ ਕਾਸੇ ਦੇ ਕਾਰਨ ਇਤਿਹਾਸ ਵਿਚ ਹੀ ਪਏ ਹਨ।
ਬਾਕੀ ਬਹੁਤਾ ਕੁੱਝ ਪਾਠਕਾਂ ਨੇ ਨਿਰਧਾਰਿਤ ਕਰਨਾ ਹੈ ਕਿ ਕਿਤਾਬ ਨੇ ਆਪਣੇ ਵਿਸ਼ੇ ਸੰਗ ਕਿੰਨਾ ਕੁ ਇਨਸਾਫ ਕੀਤਾ ਹੈ…..ਲੇਖਕ ਦੀ ਮਿਹਨਤ ਨੂੰ ਸਿਜਦਾ ਜਿਸ ਨੇ ਇਸ ਵਿਸ਼ੇ ਨੂੰ ਇਕ ਨਵੇਂ ਅਤੇ ਮੌਲਿਕ ਦ੍ਰਿਸ਼ਟੀਕੋਣ ਤੋਂ ਵਾਚਿਆ ਅਤੇ ਕਿਤਾਬੀ ਰੂਪ ਦਿੱਤਾ। ਕਿਤਾਬ ਦੇ ਪ੍ਰਕਾਸ਼ਕ ਬਿਬੇਕਗੜ੍ਹ ਪ੍ਰਕਾਸ਼ਨ (ਬਿਬੇਕਗੜ੍ਹ ਪ੍ਰਕਾਸ਼ਨ) ਵੀ ਇਸ ਸੰਜੀਦਾ ਆਹਰ ਲਈ ਸਾਬਾਸ਼ੇ ਦਾ ਹੱਕਦਾਰ ਹੈ।