ਗੁਰਮਤਿ ਸਿੱਖੀ ਦਾ ਧੁਰਾ ਹੈ, ਇਸ ਦੇ ਆਧਾਰ ’ਤੇ ਸਿੱਖੀ ਦੀ ਦ੍ਰਿਸ਼ਟੀ, ਸਿਧਾਂਤ, ਪਹੁੰਚ, ਮਰਿਯਾਦਾ, ਜੀਵਨ ਜਾਚ, ਅਧਿਆਤਮ, ਇਤਿਹਾਸ ਆਦਿ ਸਭ ਕੁਝ ਪ੍ਰਭਾਸ਼ਿਤ ਹੁੰਦਾ ਹੈ। ਗੁਰਬਾਣੀ ਗੁਰਮਤਿ ਦਾ ਆਧਾਰ ਅਤੇ ਸਰੋਤ ਹੈ। ਭਾਈ ਵੀਰ ਸਿੰਘ ਗੁਰਮਤਿ ਸਿਧਾਂਤ ਦਾ ਆਧਾਰ ਗੁਰਬਾਣੀ ਨੂੰ ਮੰਨਦੇ ਹਨ। ਉਨ੍ਹਾਂ ਅਨੁਸਾਰ, “ਸਿੱਖ ਈਮਾਨ ਦੀ ਨੀਂਹ ਦੈਵੀ ਗਿਆਨ ਉੱਤੇ ਹੈ। ਗੋਬਿੰਦ ਰੂਪ ਦਸਾਂ ਗੁਰੂ ਸਾਹਿਬਾਨ ਨੂੰ ਵਾਹਿਗੁਰੂ ਦੇ ਨਿਰੰਤਰ ਮੇਲ ਵਿਚ ਜੋ ਗਿਆਨ ਸੁਤੇ ਪ੍ਰਾਪਤ ਸੀ, ਉਹ ਆਪਣੀ ਨਿਰਮਲਤਾ ਵਿਚ ਉਨ੍ਹਾਂ ਦੇ ਹ੍ਰਿਦੇ ਤੋਂ ਬਾਣੀ ਤੇ ਹੁਕਮਾਂ ਦਾ ਰੂਪ ਲੈ ਕੇ ਪ੍ਰਗਟ ਹੋਇਆ, ਇਸ ਪਰ ਸਿੱਖੀ ਈਮਾਨ ਦੀ ਨੀਂਹ ਹੈ।”