ਚੰਡੀਗੜ੍ਹ: ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਯਾਦ ਕੀਤੇ ਜਾਦੇ ੧੯੮੪ ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਮਿਤੀ 2 ਨਵੰਬਰ 2025 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਲੱਖੀ ਜੰਗਲ ਖਾਲਸਾ ਜਥੇ ਦੇ ਪੜਾਅ ਤੇ ਗੁਰਮਤਿ ਸਮਾਗਮ ਮੌਕੇ ਜਾਰੀ ਕੀਤੀ ਗਈ। ਜਥੇ ਵੱਲੋ ਇਹ ਗੁਰਮਤਿ ਸਮਾਗਮ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਅਤੇ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਸੀ।

ਸਮਾਗਮ ਦੌਰਾਨ ਢਾਡੀ ਜਥੇ ਅਤੇ ਕੀਰਤਨੀ ਸਿੰਘਾਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਉਪਰੰਤ ਡਾ. ਸੇਵਕ ਸਿੰਘ ਅਤੇ ਪੰਥ ਸੇਵਕ ਜਥਾ ਦੁਆਬਾ ਤੋਂ ਭਾਈ ਮਨਧੀਰ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਇਹ ਕਿਤਾਬ ਪ੍ਰਸਿੱਧ ਲੇਖਕ ਏ.ਆਰ. ਦਰਸ਼ੀ ਦੀ ਅੰਗਰੇਜ਼ੀ ਰਚਨਾ “The Gallant Defender” ਦਾ ਪੰਜਾਬੀ ਉਲੱਥਾ ਹੈ, ਜਿਸ ਦਾ ਅਨੁਵਾਦ ਬੀਬੀ ਸਰਤਾਜ ਕੌਰ ਵੱਲੋਂ ਕੀਤਾ ਗਿਆ ਹੈ। ਕਿਤਾਬ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੂਰਬੀਰ ਸ਼ਖਸੀਅਤ ਅਤੇ ਉਨ੍ਹਾਂ ਦੇ ਜੁਝਾਰੂ ਸੰਘਰਸ਼ ਨੂੰ ਸਹੀ ਢੰਗ ਨਾਲ ਸਮਝਣ ਦਾ ਇੱਕ ਸੁਹਿਰਦ ਤੇ ਭਾਵਪੂਰਤ ਯਤਨ ਹੈ।

ਬੀਬੀ ਸਰਤਾਜ ਕੌਰ ਅਤੇ ਉਨ੍ਹਾਂ ਦਾ ਪਰਿਵਾਰ ੧੯੮੪ ਤੋਂ ਬਾਅਦ ਦੇ ਜੁਝਾਰੂ ਦੌਰ ਦੇ ਗਵਾਹ ਰਹੇ ਹਨ ਅਤੇ ਇਸ ਸੰਘਰਸ਼ ਨੂੰ ਨੇੜਿਓਂ ਤੱਕਿਆ ਤੇ ਹੰਢਾਇਆ ਹੈ। ਖਾੜਕੂ ਲਹਿਰ ਤੋਂ ਬਾਅਦ ਦੇ ਪੰਥਕ ਹਾਲਾਤ ਨੂੰ ਵੀ ਬੀਬੀ ਜੀ ਨੇ ਖਾਲਸਾ ਪੰਥ ਦੇ ਅਣਥੱਕ ਸੇਵਕ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਜੀਵਨ ਸਾਥੀ ਦੇ ਤੌਰ ਤੇ ਨੇੜਿਓ ਵੇਖਿਆ ਹੈ।
ਇਸ ਤੋਂ ਪਹਿਲਾਂ ਹੋਇਆ ਪੰਜਾਬੀ ਉਲਥਾ ਕਈ ਥਾਵਾਂ ਉੱਤੇ ਮੂਲ ਅੰਗਰੇਜ਼ੀ ਲਿਖਤ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦਾ ਸੀ। ਨਵੇਂ ਉਲਥੇ ਵਿੱਚ ਮੂਲ ਲਿਖਤ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹੋਏ, ਲੇਖਕ ਵੱਲੋਂ ਦਰਸਾਏ ਤੱਥਾਂ ਅਤੇ ਵਿਆਖਿਆ ਨੂੰ ਉਲਥਾਕਾਰ ਵੱਲੋਂ ਅਸਲ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਕਿਤਾਬ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਜੰਗਜੂ ਸਖਸ਼ੀਅਤ ਦੇ ਨਾਲ-ਨਾਲ ਨਕਲੀ ਨਿਰੰਕਾਰੀ ਗੁਰੂਡੰਮ ਵਿਰੁੱਧ ਸੰਘਰਸ਼, ਅਨੰਦਪੁਰ ਸਾਹਿਬ ਮਤੇ ਲਈ ਕੀਤੀ ਜੱਦੋਜਹਿਦ ਅਤੇ 1984 ਦੀਆਂ ਘਟਨਾਵਾਂ ਦੇ ਪਿਛੋਕੜ ਦੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਹੈ। ਲੇਖਕ ਨੇ ਮੂਲ ਕਿਤਾਬ ਵਿੱਚ ਅੰਤਿਕਾਵਾਂ ਵਜੋਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਸ਼ਾਮਿਲ ਕੀਤਾ ਸੀ। ਹਥਲੇ ਸੰਸਕਰਣ ਵਿੱਚ ਉਲਥਾਕਾਰ ਨੇ ਅਨੰਦਪੁਰ ਸਾਹਿਬ ਮਤੇ ਦੇ ਪ੍ਰਚਲਤ ਸਾਰੇ ਰੂਪਾਂ ਨੂੰ ਅੰਤਿਕਾਵਾਂ ਵਜੋਂ ਪਾਠਕਾਂ ਦੀ ਸਪਸ਼ਟਤਾ ਲਈ ਟਿੱਪਣੀਆਂ ਲਾ ਕੇ ਸ਼ਾਮਿਲ ਕੀਤਾ। ਇਹ ਕਿਤਾਬ ਸਿੱਖ ਇਤਿਹਾਸ ਦੇ ਉਸ ਨਾਜ਼ੁਕ ਦੌਰ ਨੂੰ ਸਮਝਣ ਵਿੱਚ ਸਹਾਇਕ ਸਾਬਤ ਹੋਵੇਗੀ ਅਤੇ ਪਹਿਲਾਂ ਹੋਏ ਉਲਥੇ ਵਿੱਚ ਰਹੀਆਂ ਘਾਟਾਂ ਨੂੰ ਪੂਰਾ ਕਰੇਗੀ।
ਇਹ ਕਿਤਾਬ ਭਾਈ ਦਲਜੀਤ ਸਿੰਘ, ਬਾਬਾ ਇੰਦਰ ਸਿੰਘ, ਬਾਬਾ ਦਿਲਬਾਗ ਸਿੰਘ , ਭਾਈ ਮਨਧੀਰ ਸਿੰਘ, ਜਥੇਦਾਰ ਪਿੱਪਲ ਸਿੰਘ,ਗਿਆਨੀ ਜੱਸਾ ਸਿੰਘ ਕੁੰਡਲ, ਡਾ. ਸੇਵਕ ਸਿੰਘ, ਬੀਬੀ ਸਰਤਾਜ ਕੌਰ ਅਤੇ ਬੀਬੀ ਅੰਮ੍ਰਿਤ ਕੌਰ ਵੱਲੋ ਜਾਰੀ ਕੀਤੀ ਗਈ।