ਪਟਿਆਲਾ: ਖਾਲਸਾ ਪੰਥ ਦੇ ਅਣਥੱਕ ਸੇਵਕ ਭਾਈ ਸੁਰਿੰਦਰ ਪਾਲ ਸਿੰਘ ਠਰੂਆ ਦੀ ਯਾਦ ਵਿੱਚ ਸਲਾਨਾ ਗੁਰਮਤਿ ਸਮਾਗਮ ਲੰਘੇ ਦਿਨ ੫ ਅਕਤੂਬਰ ੨੦੨੫ (ਐਤਵਾਰ) ਨੂੰ ਗੁਰਦੁਆਰਾ ਸਾਹਿਬ ਅਰਬਨ ਸਟੇਟ (ਫੇਜ਼ ੩) ਪਟਿਆਲਾ ਵਿਖੇ ਕਰਵਾਇਆ ਗਿਆ।

ਇਸ ਸਮਾਗਮ ਵਿੱਚ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੀਆਂ ਕਈ ਪ੍ਰਮੁੱਖ ਸਖਸ਼ੀਅਤਾਂ ਅਤੇ ਮੌਜੂਦਾ ਸਮੇਂ ਪੰਥਕ ਸੇਵਾ ਵਿੱਚ ਵਿਚਰ ਰਹੇ ਵੱਖ-ਵੱਖ ਜਥਿਆਂ ਅਤੇ ਵਿਅਕਤੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿੱਚ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਭਾਈ ਭੁਪਿੰਦਰ ਸਿੰਘ ਗੁਰੂ ਕੀ ਕਾਸ਼ੀ ਵਾਲੇ ਅਤੇ ਬੀਬੀ ਅੰਮ੍ਰਿਤ ਕੌਰ ਜਵਾਹਰਕੇ ਦੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ।

ਇਸ ਮੌਕੇ ਪੰਥ ਸੇਵਕ ਜਥਾ ਦੋਆਬਾ ਦੇ ਸੇਵਾਦਾਰ ਭਾਈ ਮਨਧੀਰ ਸਿੰਘ ਵੱਲੋਂ ਭਾਈ ਸੁਰਿੰਦਰਪਾਲ ਸਿੰਘ ਜੀ ਦੀ ਸ਼ਖਸ਼ੀਅਤ ਅਤੇ ਉਹਨਾ ਵੱਲੋਂ ਕੀਤੀ ਗਈ ਖਾਲਸਾ ਪੰਥ ਦੀ ਸੇਵਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਭਾਈ ਮਨਧੀਰ ਸਿੰਘ ਨੇ ਖਾਲਸਾ ਪੰਥ ਦੀ ਰਵਾਇਤ ਅਨੁਸਾਰ ਆਗੂ ਦੇ ਗੁਣਾਂ, ਆਗੂ ਦੀ ਪਛਾਣ ਅਤੇ ਪ੍ਰਵਾਨਗੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਮੌਜੂਦਾ ਹਾਲਾਤਾਂ ਉੱਤੇ ਵੀ ਚਾਨਣਾ ਪਾਇਆ।

ਖਾਲਸਾ ਰਾਜ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਲੜੀ ਗਈ ਜੁਝਾਰੂ ਲਹਿਰ ਦੌਰਾਨ ਖਾਲਸਾ ਪੰਥ ਦੀ ਸੇਵਾ ਕਰਨ ਵਾਲੇ ਭਾਈ ਦਿਲਬਾਗ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਵਿਧੀਵਤ ਤਰੀਕੇ ਅਨੁਸਾਰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਪੰਥਕ ਰਿਵਾਇਤ ਅਨੁਸਾਰ ਸਨਮਾਨ ਤੋਂ ਪਹਿਲਾਂ ਭਾਈ ਮਨਧੀਰ ਸਿੰਘ ਨੇ ਭਾਈ ਦਿਲਬਾਗ ਸਿੰਘ ਦੇ ਜੀਵਨ ਅਤੇ ਉਹਨਾ ਵੱਲੋਂ ਖਾਲਸਾ ਪੰਥ ਦੀ ਸੇਵਾ ਵਿੱਚ ਪਾਏ ਯੋਗਦਾਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਜਿਸ ਤੋਂ ਬਾਅਦ ਉਹਨਾਂ ਦਾ ਸਨਮਾਨ ਕਰਨ ਲਈ ਸੰਗਤਾਂ ਕੋਲੋਂ ਇਜਾਜ਼ਤ ਮੰਗੀ ਗਈ ਜਿਸ ਦੀ ਪ੍ਰਵਾਨਗੀ ਸੰਗਤਾਂ ਨੇ ਜੈਕਾਰੇ ਨਾਲ ਦਿੱਤੀ। ਫਿਰ ਪੰਜ ਸਿੰਘਾਂ- ਭਾਈ ਦਲਜੀਤ ਸਿੰਘ ਬਿੱਟੂ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਕੁਲਵੀਰ ਸਿੰਘ ਬੜਾਪਿੰਡ, ਭਾਈ ਬਲਬੀਰ ਸਿੰਘ ਮੌਲਵੀਵਾਲਾ ਅਤੇ ਬਾਬਾ ਇੰਦਰ ਸਿੰਘ ਨੇ ਭਾਈ ਦਿਲਬਾਗ ਸਿੰਘ ਨੂੰ ਸਿਰੋਪਾਓ ਵਿੱਚ ਹਜੂਰੀਆ, ਬਸਤਰ ਅਤੇ ਸ਼ਸਤਰ (ਸ੍ਰੀ ਸਾਹਿਬ ਅਤੇ ਸਫਾਜੰਗ) ਭੇਟ ਕੀਤੇ।

ਇਸ ਸਮਾਗਮ ਵਿੱਚ ਸਿੱਖ ਜਥਾ ਮਾਲਵਾ, ਲੱਖੀ ਜੰਗਲ ਖਾਲਸਾ ਜੱਥਾ, ਪੰਥ ਸੇਵਕ ਜਥਾ ਦੋਆਬਾ, ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਨੁਮਾਇੰਦਿਆਂ ਤੋਂ ਇਲਾਵਾ ਅਨੇਕਾਂ ਸ਼ਖਸ਼ੀਅਤਾਂ ਅਤੇ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ।