ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਇਹ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਮੁਖੀ ਅਮਿਤ ਸ਼ਾਹ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਾਰਟੀ ਮੈਂਬਰਾਂ ਨੂੰ ਰਾਜਨੀਤਕ ਬਦਲਾਖੋਰੀ ਵਿਚ ਮਰਵਾ ਵੀ ਸਕਦੇ ਹਨ।
ਕੇਜਰੀਵਾਲ ਨੇ ਆਪਣੇ ਫੇਸਬੁਕ ‘ਤੇ ਇਕ 9 ਮਿੰਟ ਦੀ ਵੀਡੀਓ ਅਪਲੋਡ ਕਰਕੇ ਆਪਣੇ ਸਾਰੇ ਹੀ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣ ਅਤੇ ਆਪਣੇ ਘਰਦਿਆਂ ਨੂੰ ਕਹਿ ਦੇਣ ਕਿ ਮੋਦੀ ਕਦੇ ਵੀ ਉਨ੍ਹਾਂ ਨੂੰ ਜੇਲ ਭਿਜਵਾ ਸਕਦਾ ਹੈ। ਸਿਰਫ ਜੇਲ੍ਹ ਹੀ ਨਹੀਂ, ਸਗੋਂ ਇਸਤੋਂ ਵੀ ਵੱਡੀ ਸਾਜਿਸ਼ ਰਚੀ ਜਾ ਸਕਦੀ ਹੈ।

ਬੁੱਧਵਾਰ ਨੂੰ ‘ਆਪ’ ਦੇ ਛਤਰਪੁਰ ਹਲਕੇ ਤੋਂ ਵਿਧਾਇਕ ਕਰਤਾਰ ਸਿੰਘ ਦੇ ਘਰ ਇਨਕਮ ਟੈਕਸ ਅਧਿਕਾਰੀਆਂ ਨੇ ਪਹਿਲਾਂ ਦਿਨ ਵਿਚ ਛਾਪਾ ਮਾਰਿਆ ਅਤੇ ਫਿਰ ਸ਼ਾਮ ਨੂੰ ਨਰੇਲਾ ਤੋਂ ਵਿਧਾਇਕ ਸ਼ਰਦ ਚੌਹਾਨ ਨੂੰ ‘ਆਪ’ ਕਾਰਜਕਰਤਾ ਸੋਨੀ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਪੁਲਿਸ ਨੇ ਚੁੱਕਿਆ।
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਅਤੇ ਵੀਡੀਓ ਦੇਖਣ ਲਈ: http://bit.ly/2abkZdF
ਐਤਵਾਰ ਤੋਂ ‘ਆਪ’ ਦੇ ਦੋ ਵਿਧਾਇਕ ਗ੍ਰਿਫਤਾਰ ਕੀਤੇ ਜਾ ਚੁਕੇ ਹਨ ਅਤੇ ਤਿੰਨ ਵੱਖ-ਵੱਖ ਪਰਚੇ ਵਿਧਾਇਕ ਰਾਜੇਸ਼ ਰਿਸ਼ੀ, ਦਿੱਲੀ ਦੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਅਤੇ ‘ਆਪ’ ਦੇ ਯੂਥ ਵਿੰਗ ਦੇ ਮੁਖੀ ਅਮਨ ਡਾਬਾਸ ਦੇ ਖਿਲਾਫ ਦਰਜ ਕੀਤੇ ਗਏ ਹਨ ਅਤੇ ਭਗਵੰਤ ਮਾਨ ਨੂੰ ਵੀ ਮੁਅਤਲ ਕੀਤਾ ਗਿਆ ਹੈ। ਪਿਛਲੇ ਡੇਢ ਸਾਲ ਤੋਂ ਜਦੋਂ ਤੋਂ ‘ਆਪ’ ਸੱਤਾ ਵਿਚ ਆਈ ਹੈ ਉਦੋਂ ਤੋਂ 11 ਵਿਧਾਇਕਾਂ ਨੂੰ ਜੇਲ੍ਹ ਭੇਜਿਆ ਜਾ ਚੁਕਾ ਹੈ।
ਕੇਜਰੀਵਾਲ ਨੇ ਮੋਦੀ ਨੂੰ ਕਿਹਾ ਕਿ ਤੁਸੀਂ ਆਪਣੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਹੈ ਪਰ ਅਸੀਂ ਇਸ ਤੋਂ ਡਰਨ ਵਾਲੇ ਨਹੀਂ ਹਾਂ।
ਆਪਣੀ ਪਾਰਟੀ ਨੂੰ ਸੰਬੋਧਤ ਹੁੰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਵਿਧਾਇਕਾਂ ਅਤੇ ਕੇਂਦਰ ਦੀ ਲੜਾਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਗੰਦੀ ਅਤੇ ਖਤਰਨਾਕ ਹੋ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ, “ਤੁਸੀਂ ਸਾਰੇ ਆਪਣੇ ਪਰਿਵਾਰਾਂ ਨਾਲ ਵਿਚਾਰ ਕਰੋ। ਉਹ ਕੁਝ ਵੀ ਕਰ ਸਕਦੇ ਹਨ, ਮੈਨੂੰ ਮਰਵਾ ਵੀ ਸਕਦੇ ਹਨ।”