ਬਾਬਾ ਬਕਾਲਾ ਸਾਹਿਬ: ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ। ਅਕਾਲੀ ਦਲ ਵਾਰਿਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ (ਬਾਦਲ), ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵੱਲੋਂ ਕੀਤੀਆਂ ਇਨ੍ਹਾਂ ਕਾਨਫਰੰਸਾਂ ਦੌਰਾਨ ਆਗੂਆਂ ਨੇ ਪੰਜਾਬ, ਪੰਥ ਅਤੇ ਲੋਕਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ਨੂੰ ਉਭਾਰਦਿਆਂ ਆਪੋ-ਆਪਣੇ ਸਿਆਸੀ ਏਜੰਡੇ ਅਤੇ ਦਾਅਵੇ ਪੇਸ਼ ਕੀਤੇ।
ਬਾਬਾ ਬਕਾਲਾ ਸਾਹਿਬ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ “ਸਾਚਾ ਗੁਰ ਲਾਧੋ ਰੇ” ਪੰਥਕ ਕਾਨਫ਼ਰੰਸ ਕੀਤੀ ਗਈ । ਇਸ ਮੌਕੇ ਪੰਥ ਅਤੇ ਪੰਜਾਬ ਦੇ ਵੱਖ-ਵੱਖ ਮਸਲਿਆਂ ਦੇ ਨਾਲ-ਨਾਲ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਗੰਭੀਰ ਸੰਕਟ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦਾ ਅਹਿਦ ਕੀਤਾ। ਕਾਨਫ਼ਰੰਸ ਦੇ ਮੰਚ ਤੋਂ ਖਡੂਰ ਸਾਹਿਬ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬੀਆਂ ਨਾਲ ਕੀਤੇ ਅਹਿਦ ਨੂੰ ਉਹਨਾਂ ਦੇ ਪਿਤਾ ਸ. ਤਰਸੇਮ ਸਿੰਘ ਨੇ ਪੜ੍ਹ ਕੇ ਸੁਣਾਇਆ ਤੇ ਕਿਹਾ ਕਿ ਜਦੋਂ ਪੰਜਾਬ ਅਤੇ ਪੰਜਾਬੀਆਂ ਬਾਰੇ ਫ਼ੈਸਲੇ ਲੈਣ ਦੀ ਤਾਕਤ ਪੰਜਾਬੀਆਂ ਦੇ ਆਪਣੇ ਹੱਥਾਂ ਵਿੱਚ ਆਵੇਗੀ ਤਾਂ 1997 ਤੋਂ 2027 ਤੱਕ ਦੇ 30 ਸਾਲਾਂ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਸਾਰ ਬਾਰੇ ਇੱਕ ਵਿਸਥਾਰਤ ਵਾਈਟ ਪੇਪਰ ਜਾਰੀ ਕੀਤਾ ਜਾਵੇਗਾ।

ਇਸ ਵ੍ਹਾਈਟ ਪੇਪਰ ਰਾਹੀਂ ਪੰਜਾਬ ਵਿੱਚ ਨਸ਼ਿਆਂ ਦੇ ਫੈਲਾਅ ਦੀ ਪੂਰੀ ਤਸਵੀਰ ਲੋਕਾਂ ਸਾਹਮਣੇ ਰੱਖੀ ਜਾਵੇਗੀ। ਇਸ ਵਿੱਚ ਇਹ ਸਾਹਮਣੇ ਲਿਆਂਦਾ ਜਾਵੇਗਾ ਕਿ ਨਸ਼ਾ ਪੰਜਾਬ ਵਿੱਚ ਕਿਵੇਂ ਆਇਆ, ਕਿਵੇਂ ਪੈਰ ਪਸਾਰਦਾ ਗਿਆ, ਇਸ ਨੂੰ ਅੱਗੇ ਵਧਾਉਣ ਵਿੱਚ ਕਿਹੜੇ-ਕਿਹੜੇ ਲੋਕਾਂ ਦੀ ਭੂਮਿਕਾ ਰਹੀ ਅਤੇ ਪੰਜਾਬ ਦੀ ਜਵਾਨੀ ’ਤੇ ਇਸ ਦੇ ਕੀ ਮਾਰੂ ਅਸਰ ਪਏ। ਨਸ਼ਿਆਂ ਕਾਰਨ ਹੋਈਆਂ ਮੌਤਾਂ, ਨਸ਼ੇ ਦੀ ਪਹੁੰਚ ਲੜੀ ਅਤੇ ਇਸ ਸਾਰੇ ਮਾਮਲੇ ਵਿੱਚ ਸਿਆਸੀ ਆਗੂਆਂ, ਪੁਲਿਸ , ਸਰਕਾਰੀ ਅਧਿਕਾਰੀਆਂ ਅਤੇ ਹੋਰ ਸੁਰੱਖਿਆ ਬਲਾਂ ਦੀ ਕਥਿਤ ਸ਼ਮੂਲੀਅਤ ਜਾਂ ਮਿਲੀ-ਭੁਗਤ ਬਾਰੇ ਸਾਹਮਣੇ ਆਉਣ ਵਾਲੇ ਤੱਥ ਵੀ ਜਨਤਕ ਕੀਤੇ ਜਾਣਗੇ।

ਪਾਰਟੀ ਆਗੂਆਂ ਨੇ ਕਿਹਾ ਕਿ ਨਸ਼ਿਆਂ ਕਾਰਨ ਜਾਨਾਂ ਗੁਆਉਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਜੁੜੇ ਅੰਕੜੇ, ਨਸ਼ਾ ਵੇਚਣ ਵਾਲਿਆਂ ਅਤੇ ਨਸ਼ੇ ਦੇ ਸੌਦਾਗਰਾਂ ਨਾਲ ਸਬੰਧਤ ਉਪਲਬਧ ਰਿਕਾਰਡ ਅਤੇ ਉਨ੍ਹਾਂ ਦੀ ਕਥਿਤ ਪੁਸ਼ਤਪਨਾਹੀ ਕਰਨ ਵਾਲੇ ਸਰਕਾਰੀ ਮੋਹਰਿਆਂ, ਪੁਲਿਸ ਅਤੇ ਹੋਰ ਅਧਿਕਾਰੀਆਂ ਦੀ ਸੰਭਾਵੀ ਭੂਮਿਕਾ ਨਾਲ ਸਬੰਧਤ ਜਾਂਚ ਰਿਪੋਰਟਾਂ ਅਤੇ ਡਾਟਾ ਵੀ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਲੋਕਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਆਗੂਆਂ ਨੇ ਮੰਚ ਤੋਂ ਕਿਹਾ ਕਿ ਜੇਕਰ ਉਹ ਇਹ ਵਾਅਦਾ ਪੂਰਾ ਨਾ ਕਰ ਸਕੇ ਤਾਂ ਆਪਣੇ ਆਪ ਨੂੰ ਪੰਜਾਬ ਦੇ ਗੁਨਾਹਗਾਰ ਸਮਝਣਗੇ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਗਈ ‘ਸਾਚਾ ਗੁਰੂ ਲਾਧੋ ਰੇ’ ਪੰਥਕ ਕਾਨਫਰੰਸ ਦੌਰਾਨ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਤੋਂ ਇਲਾਵਾ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ । ਉਨ੍ਹਾਂ ਦੋਸ਼ ਲਾਇਆ ਕਿ ਅੱਜ ਹਿੰਦੂਤਵ ਦੀ ਵਿਚਾਰਧਾਰਾ ਨੂੰ ‘ਬੰਦੇ ਮਾਤਰਮ’ ਵਰਗੇ ਗੀਤਾਂ ਰਾਹੀਂ ਸਿੱਖਾਂ ’ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ. ਮਾਨ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਸਿੱਖਾਂ ਨਾਲ ਵਾਪਰ ਰਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਨ੍ਹਾਂ ਮਾਮਲਿਆਂ ਪ੍ਰਤੀ ਸੁਚੇਤ ਅਤੇ ਜਾਗਰੂਕ ਰਹਿਣਾ ਪਵੇਗਾ।

ਕਾਨਫਰੰਸ ਦੌਰਾਨ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਯਾਦ ਕੀਤਾ ਗਿਆ। ਪਾਰਟੀ ਆਗੂਆਂ ਵੱਲੋਂ 5 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਅਤੇ 15 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਜਮਹੂਰੀਅਤ ਦਿਹਾੜਾ ਮਨਾਉਣ ਦੀ ਅਪੀਲ ਕੀਤੀ ਗਈ।
ਰੱਖੜ ਪੁੰਨਿਆ ਮੌਕੇ ਭਾਰਤੀ ਜਨਤਾ ਪਾਰਟੀ ਵੱਲੋਂ ਛਾਪਿਆਂਵਾਲੀ ਸਾਹਮਣੇ ਜਲੰਧਰ-ਬਟਾਲਾ ਰੋਡ ’ਤੇ ਸਿਆਸੀ ਕਾਨਫਰੰਸ ਕਰਵਾਈ ਗਈ। ਕਾਨਫਰੰਸ ਦੌਰਾਨ ਪਾਰਟੀ ਆਗੂਆਂ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਅਹਿਦ ਕੀਤਾ ਅਤੇ ਸੂਬੇ ਦੀ ‘ਆਪ’ ਸਰਕਾਰ ਅਤੇ ਕਾਂਗਰਸ ’ਤੇ ਤਿੱਖੇ ਸਿਆਸੀ ਹਮਲੇ ਕੀਤੇ।

ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਲੋਕਾਂ ਨੂੰ 2027 ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਵੀਂ ਦਿਸ਼ਾ ਅਤੇ ਵਿਕਾਸ ਦੇ ਰਾਹ ’ਤੇ ਲਿਜਾਣ ਲਈ ਭਾਜਪਾ ਦੀ ਸਰਕਾਰ ਦੀ ਲੋੜ ਹੈ। ਪਾਰਟੀ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ‘ਆਪ’ ਸਰਕਾਰ ਨਸ਼ਾ ਵੇਚਣ ਅਤੇ ਲੁੱਟ ਕਰਨ ਵਾਲਿਆਂ ਨਾਲ ਖੜ੍ਹੀ ਹੈ, ਜਦਕਿ ਕਾਂਗਰਸੀ ਆਗੂ ਕੁਰਸੀ ਦੀ ਲੜਾਈ ਨੂੰ ਲੈ ਕੇ ਆਪਸ ਵਿੱਚ ਹੀ ਉਲਝੇ ਹੋਏ ਹਨ।
ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆ ਕਰ ਕੇ ਕਿਸੇ ਵੀ ਦੇਸ਼ ਨਾਲ ਕੋਈ ਅਜਿਹਾ ਸਮਝੌਤਾ ਨਹੀਂ ਕੀਤਾ ਜਾਵੇਗਾ, ਜੋ ਕਿਸਾਨਾਂ ਲਈ ਨੁਕਸਾਨਦੇਹ ਸਾਬਤ ਹੋਵੇ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਭਾਰਤ ਦਾ ਹਾਲੇ ਕੋਈ ਅੰਤਿਮ ਸਮਝੌਤਾ ਨਹੀਂ ਹੋਇਆ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਿਰਫ਼ ਗੱਲਬਾਤ ਚੱਲ ਰਹੀ ਹੈ।
ਕਾਂਗਰਸ ਵੱਲੋਂ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜੇ ਜਲੰਧਰ-ਬਟਾਲਾ ਰੋਡ ’ਤੇ ਸਿਆਸੀ ਕਾਨਫਰੰਸ ਕੀਤੀ ਗਈ। ਕਾਨਫਰੰਸ ਦੌਰਾਨ ਪੰਜਾਬ ਕਾਂਗਰਸ ਦੇ ਕਈ ਪ੍ਰਮੁੱਖ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ।

ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਕਾਂਗਰਸ ਦੀ ਹੋਰ ਲੀਡਰਸ਼ਿਪ ਮੌਜੂਦ ਰਹੀ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਸੂਬੇ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤੋਂ ਪੰਜਾਬ ਦੇ ਲੋਕ ਨਿਰਾਸ਼ ਹੋ ਚੁੱਕੇ ਹਨ। ਉੱਥੇ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਉਭਾਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਦਾ ਦਾਅਵਾ ਕੀਤਾ ਸੀ, ਪਰ ਇਸ ਦੇ ਬਾਵਜੂਦ ਅੱਜ ਵੀ ਪਿੰਡਾਂ ਵਿੱਚ ਸ਼ਰੇਆਮ ਨਸ਼ਾ ਤਸਕਰੀ ਹੋ ਰਹੀ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੈਂਗਸਟਰਾਂ ਵੱਲੋਂ ਮਿਲ ਰਹੀਆਂ ਧਮਕੀਆਂ ਕਾਰਨ ਆਮ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਲੋਕ ਹੁਣ ਅਗਲੀ ਵਾਰ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।
ਬਾਬਾ ਬਕਾਲਾ ਰੱਖੜ ਪੁੰਨਿਆ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰੂ ਤੇਗ਼ ਬਹਾਦਰ ਹਾਕੀ ਸਟੇਡੀਅਮ ਵਿਖੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਅਤੇ ਪੰਜਾਬ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ।

ਉਨ੍ਹਾਂ ਕਿਹਾ ਕਿ ਦਿੱਲੀ ਵਾਲੇ ਪੰਜਾਬ ਅਤੇ ਪੰਥ ਦਾ ਕੁਝ ਵੀ ਸੰਵਾਰ ਨਹੀਂ ਸਕਦੇ, ਸਗੋਂ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਿਆ, ਉਨ੍ਹਾਂ ਨੇ ਪੰਥ ਨੂੰ ਵੰਡਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਇਸ ਸਬੰਧੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਜ਼ਿਕਰ ਵੀ ਕੀਤਾ।
ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਲੋਕਾਂ ਨੇ ਸਾਢੇ ਚਾਰ ਸਾਲ ਪਹਿਲਾਂ ਪੰਜਾਬ ਦੀ ਵਾਗਡੋਰ ਚੁਟਕਲੇ ਸੁਣਾਉਣ ਵਾਲੇ ਵਿਅਕਤੀ ਦੇ ਹੱਥ ਸੌਂਪ ਦਿੱਤੀ, ਜਿਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਸਰਕਾਰ ਵੱਲੋਂ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਲਈ ਕੀਤੇ ਗਏ ਕੰਮਾਂ ਦੀ ਕੋਈ ਹੋਰ ਸਿਆਸੀ ਪਾਰਟੀ ਬਰਾਬਰੀ ਨਹੀਂ ਕਰ ਸਕਦੀ। ਉਨ੍ਹਾਂ ਅਹਿਦ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਬਣਨ ’ਤੇ ਪੰਜਾਬ ਦੇ ਲੋਕਾਂ ਨੂੰ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਰਈਆ ਅਨਾਜ ਮੰਡੀ ਵਿੱਚ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਅਕਾਲੀ ਦਲ ’ਤੇ ਸੱਤਾ ਵਿੱਚ ਵਾਪਸੀ ਲਈ ਭਾਜਪਾ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਨੂੰ ਮੁੜ ਸੱਤਾ ਵਿੱਚ ਨਹੀਂ ਆਉਣ ਦੇਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਅਤੇ ਗਾਰੰਟੀਆਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਅਤੇ ਸੂਬੇ ਦੀ ਤਰੱਕੀ ਰੋਕੀ।