ਜਿਹੜਾ ਰਾਜ ਆਪਣੀ ਖ਼ੁਦਮੁਖ਼ਤਿਆਰੀ ਲਈ ਅਮਰੀਕਾ ਨਾਲ ਸੌਦੇਬਾਜ਼ੀ ਕਰ ਰਿਹਾ ਹੈ, ਉਹ ਪੰਜਾਬ ਦੀ ਵੱਖਰੀ ਸਿਆਸੀ ਹਸਤੀ ਅਤੇ ਹੱਕਾਂ ਦੇ ਸਵਾਲ ਨੂੰ ਕਿਵੇਂ ਸੰਬੋਧਨ ਕਰਦਾ ਹੈ?

ਅੱਜ ਦੁਨੀਆ ਇੱਕ ਅਜਿਹੇ ਦੌਰ ਵਿੱਚੋਂ ਲੰਘ ਰਹੀ ਹੈ ਜਿੱਥੇ ਮਹਾਂਸ਼ਕਤੀਆਂ ਦੀ ਸਰਦਾਰੀ ਦਾ ਫ਼ੈਸਲਾ ਸਿਰਫ਼ ਜੰਗ ਦੇ ਮੈਦਾਨ ਵਿੱਚ ਨਹੀਂ ਹੁੰਦਾ। ਹੁਣ ਕਿਸੇ ਦੇਸ਼ ਦੀ ਆਰਥਿਕਤਾ, ਵਪਾਰਕ ਰਾਹ , ਊਰਜਾ ਦੀ ਸਪਲਾਈ, ਤਕਨੀਕੀ ਢਾਂਚਾ, ਵਿੱਤੀ ਲੈਣ-ਦੇਣ ਅਤੇ ਆਲਮੀ ਮੰਡੀਆਂ ਤੱਕ ਪਹੁੰਚ ਵੀ ਤਾਕਤ ਦੇ ਵੱਡੇ ਸਾਧਨ ਬਣ ਚੁੱਕੇ ਹਨ। ਕਿਸੇ ਮੁਲਕ ਨੂੰ ਆਪਣੇ ਦਬਾਅ ਹੇਠ ਲਿਆਉਣ ਲਈ ਹੁਣ ਸਰਹੱਦਾਂ ਉੱਤੇ ਫ਼ੌਜਾਂ ਚਾੜ੍ਹਨੀਆਂ ਜ਼ਰੂਰੀ ਨਹੀਂ ਰਿਹਾ। ਉਸ ਦੇ ਫ਼ੈਸਲਿਆਂ ਦੀ ਆਰਥਿਕ ਕੀਮਤ ਇੰਨੀ ਵਧਾਈ ਜਾ ਸਕਦੀ ਹੈ ਕਿ ਉਹ ਕਾਗ਼ਜ਼ੀ ਤੌਰ ਉੱਤੇ ਆਜ਼ਾਦ ਹੁੰਦਿਆਂ ਵੀ ਆਪਣੀ ਮਰਜ਼ੀ ਨਾਲ ਨੀਤੀ ਬਣਾਉਣ ਤੋਂ ਝਿਜਕਣ ਲੱਗ ਜਾਂਦਾ ਹੈ।

ਅਮਰੀਕਾ ਅਤੇ ਭਾਰਤ ਵਿਚਕਾਰ ਵਧ ਰਹੀ ਰਣਨੀਤਕ ਨੇੜਤਾ ਨੂੰ ਇਸ ਬਦਲਦੇ ਆਲਮੀ ਪ੍ਰਬੰਧ ਦੇ ਅੰਦਰ ਰੱਖ ਕੇ ਸਮਝਣ ਦੀ ਲੋੜ ਹੈ।

ਇੱਕ ਪਾਸੇ ਅਮਰੀਕਾ ਭਾਰਤ ਨੂੰ ਹਿੰਦ-ਪ੍ਰਸ਼ਾਂਤ ਖੇਤਰ (Indo pacific)ਵਿੱਚ ਆਪਣਾ ਅਹਿਮ ਭਾਈਵਾਲ ਬਣਾ ਰਿਹਾ ਹੈ। ਦੋਵਾਂ ਵਿਚਕਾਰ ਰੱਖਿਆ ਸਹਿਯੋਗ, ਜੰਗੀ ਸਾਜ਼ੋ-ਸਾਮਾਨ, ਖ਼ੁਫ਼ੀਆ ਜਾਣਕਾਰੀ, ਕੰਪਿਊਟਰ ਚਿੱਪਾਂ (ਸੈਮੀਕੰਡਕਟਰ), ਬਣਾਉਟੀ ਬੁੱਧ(AI), ਡਿਜੀਟਲ ਢਾਂਚੇ ਅਤੇ ਵਪਾਰਕ ਸਬੰਧਾਂ ਦਾ ਵਿਸਥਾਰ ਹੋ ਰਿਹਾ ਹੈ। ਅਮਰੀਕੀ ਕੰਪਨੀਆਂ ਭਾਰਤੀ ਮੰਡੀ ਵਿੱਚ ਪੈਰ ਪਸਾਰਨਾ ਚਾਹੁੰਦੀਆਂ ਹਨ ਅਤੇ ਭਾਰਤੀ ਹਾਕਮ ਜਮਾਤ ਇਸ ਸਾਂਝ ਨੂੰ ਦੇਸ਼ ਦੇ ਮਹਾਂਸ਼ਕਤੀ ਬਣਨ ਦੇ ਸੁਪਨੇ ਨਾਲ ਜੋੜ ਕੇ ਪੇਸ਼ ਕਰ ਰਹੀ ਹੈ।

ਪਰ ਇਸੇ ਨੇੜਤਾ ਦੇ ਸਮਾਨਾਂਤਰ ਇੱਕ ਹੋਰ ਅਮਲ ਵੀ ਚੱਲ ਰਿਹਾ ਹੈ। ਅਮਰੀਕਾ ਭਾਰਤ ਦੀਆਂ ਵਪਾਰਕ ਸ਼ਰਤਾਂ, ਰੂਸ ਨਾਲ ਤੇਲ ਦੇ ਸਬੰਧਾਂ, ਤਕਨੀਕੀ ਅਦਾਰਿਆਂ ਅਤੇ ਡਿਜੀਟਲ ਮੰਡੀ ਉੱਤੇ ਆਪਣੇ ਆਰਥਿਕ ਰਸੂਖ਼ ਦਾ ਪ੍ਰਭਾਵ ਪਾ ਰਿਹਾ ਹੈ।

ਇਹ ਦੋਵੇਂ ਗੱਲਾਂ ਇੱਕ ਦੂਜੇ ਦੇ ਉਲਟ ਨਹੀਂ। ਵੱਡੀਆਂ ਤਾਕਤਾਂ ਦੀ ਸਿਆਸਤ ਵਿੱਚ ਨੇੜਤਾ ਹੀ ਅਕਸਰ ਦਬਾਅ ਬਣਾਉਣ ਦਾ ਸਭ ਤੋਂ ਕਾਰਗਰ ਹਥਿਆਰ ਬਣ ਜਾਂਦੀ ਹੈ।

ਇੱਥੇ ਇੱਕ ਬੁਨਿਆਦੀ ਸਵਾਲ ਖੜ੍ਹਾ ਹੁੰਦਾ ਹੈ, ਕੀ ਅਮਰੀਕਾ ਭਾਰਤ ਨੂੰ ਇੱਕ ਖ਼ੁਦਮੁਖ਼ਤਿਆਰ ਖੇਤਰੀ ਤਾਕਤ ਵਜੋਂ ਉੱਭਰਨ ਦੇਣਾ ਚਾਹੁੰਦਾ ਹੈ, ਜਾਂ ਉਸ ਦੀ ਸਮਰੱਥਾ ਨੂੰ ਆਪਣੇ ਸੰਸਾਰਕ ਹਿੱਤਾਂ ਨਾਲ ਇੰਨਾ ਬੰਨ੍ਹਣਾ ਚਾਹੁੰਦਾ ਹੈ ਕਿ ਭਾਰਤ ਦੇ ਆਪਣੇ ਫ਼ੈਸਲੇ ਲੈਣ ਦੀ ਗੁੰਜਾਇਸ਼ ਹੀ ਸੀਮਤ ਹੋ ਜਾਵੇ?

ਪੰਜਾਬ ਅਤੇ ਸਿੱਖ ਪੰਥ ਦੇ ਨਜ਼ਰੀਏ ਤੋਂ ਇਹ ਸਵਾਲ ਹੋਰ ਵੀ ਗੰਭੀਰ ਹੈ। ਕਿਉਂਕਿ ਇੱਥੇ ਮਸਲਾ ਸਿਰਫ਼ ਦੋ ਰਾਜਾਂ ਦਾ ਨਹੀਂ, ਸਗੋਂ ਤਿੰਨ ਵੱਖਰੀਆਂ ਧਿਰਾਂ ਆਹਮੋ-ਸਾਹਮਣੇ ਹਨ,ਪਹਿਲੀ ਅਮਰੀਕਾ ਦੀ ਵਿਸ਼ਵ ਸਰਦਾਰੀ, ਦੂਜੀ ਭਾਰਤੀ ਰਾਜ ਦੀ ਖ਼ੁਦਮੁਖ਼ਤਿਆਰੀ(strategic sovereignty)ਅਤੇ ਤੀਜੀ ਸਿੱਖ ਪੰਥ ਦੀ ਆਪਣੀ ਇਤਿਹਾਸਕ ਤੇ ਰਾਜਸੀ ਹਸਤੀ।

ਅਮਰੀਕੀ ਨੀਤੀ,ਭਾਰਤ ਨੂੰ ਮਜ਼ਬੂਤ ਕਰਨਾ ਜਾਂ ਆਪਣੇ ਨਾਲ ਨੂੜਨਾ?

ਅਮਰੀਕਾ ਲਈ ਚੀਨ ਦਾ ਉਭਾਰ ਇੱਕ ਵੱਡੀ ਚੁਣੌਤੀ ਹੈ। ਚੀਨ ਹੁਣ ਸਿਰਫ਼ ਸਸਤਾ ਸਾਮਾਨ ਬਣਾਉਣ ਵਾਲਾ ਮੁਲਕ ਨਹੀਂ ਰਿਹਾ,ਉਹ ਉਦਯੋਗਿਕ ਉਤਪਾਦਨ, ਬਿਜਲਈ ਗੱਡੀਆਂ, ਬੈਟਰੀਆਂ, ਦੂਰਸੰਚਾਰ ਅਤੇ ਆਲਮੀ ਵਪਾਰ ਦੇ ਤਾਣੇ-ਬਾਣੇ ਵਿੱਚ ਅਮਰੀਕੀ ਸਰਦਾਰੀ ਨੂੰ ਵੰਗਾਰ ਰਿਹਾ ਹੈ।

ਇਸ ਮੁਕਾਬਲੇ ਵਿੱਚ ਭਾਰਤ ਦੀ ਭੂਗੋਲਿਕ ਸਥਿਤੀ ਅਮਰੀਕਾ ਲਈ ਬੜੀ ਅਹਿਮ ਹੈ। ਹਿੰਦ ਮਹਾਂਸਾਗਰ, ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਚੀਨ ਨਾਲ ਲੱਗਦੀ ਲੰਮੀ ਸਰਹੱਦ ਭਾਰਤ ਨੂੰ ਅਜਿਹੀ ਥਾਂ ਦਿੰਦੇ ਹਨ ਜਿੱਥੋਂ ਏਸ਼ੀਆ ਦੇ ਤਾਕਤੀ ਸੰਤੁਲਨ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ।

ਇਸੇ ਲਈ ਅਮਰੀਕਾ ਭਾਰਤ ਨਾਲ ਫ਼ੌਜੀ ਅਤੇ ਤਕਨੀਕੀ ਸਾਂਝ ਵਧਾ ਰਿਹਾ ਹੈ। ਪਰ ਇਸ ਨੀਤੀ ਵਿੱਚ ਇੱਕ ਅੰਦਰੂਨੀ ਖਿੱਚੋਤਾਣ ਵੀ ਹੈ।

ਚੀਨ ਦਾ ਮੁਕਾਬਲਾ ਕਰਨ ਲਈ ਅਮਰੀਕਾ ਨੂੰ ਸਮਰੱਥ ਭਾਰਤ ਦੀ ਲੋੜ ਹੈ। ਪਰ ਅਜਿਹਾ ਭਾਰਤ,ਜੋ ਰੂਸ ਨਾਲ ਸੁਤੰਤਰ ਸਬੰਧ ਰੱਖੇ, ਆਪਣੀ ਊਰਜਾ ਨੀਤੀ ਆਪ ਘੜੇ, ਅਮਰੀਕੀ ਕੰਪਨੀਆਂ ਉੱਤੇ ਆਪਣੀਆਂ ਸ਼ਰਤਾਂ ਲਾਗੂ ਕਰੇ ਅਤੇ ਲੋੜ ਪੈਣ ਉੱਤੇ ਵਾਸ਼ਿੰਗਟਨ ਨੂੰ ਨਾਂਹ ਕਹਿ ਸਕੇ,ਹਰ ਮੋੜ ਉੱਤੇ ਅਮਰੀਕੀ ਹਿੱਤਾਂ ਮੁਤਾਬਕ ਨਹੀਂ ਚੱਲੇਗਾ। ਇਸ ਲਈ ਭਾਰਤ ਦੀ ਸਮਰੱਥਾ ਵਧਾਉਣਾ ਅਤੇ ਉਸ ਦੀ ਰਣਨੀਤਕ ਦਿਸ਼ਾ ਨੂੰ ਕੰਟਰੋਲ ਕਰਨਾ, ਦੋਵੇਂ ਇੱਕੋ ਵੇਲੇ ਚੱਲ ਰਹੇ ਹਨ।

ਇਸ ਸਾਰੇ ਕਾਸੇ ਨੂੰ ਸਮਝਣ ਲਈ ਸਿਰਫ਼ ਇਹ ਵੇਖਣਾ ਕਾਫ਼ੀ ਨਹੀਂ ਕਿ ਭਾਰਤ ਵਿੱਚ ਕਿੰਨਾ ਅਮਰੀਕੀ ਨਿਵੇਸ਼ ਆ ਰਿਹਾ ਹੈ। ਜ਼ਰੂਰੀ ਇਹ ਵੇਖਣਾ ਹੈ ਕਿ ਉਸ ਨਿਵੇਸ਼ ਨਾਲ ਖੜ੍ਹੇ ਹੋਣ ਵਾਲੇ ਢਾਂਚੇ ਉੱਤੇ ਅਸਲ ਕੰਟਰੋਲ ਕਿਸਦਾ ਰਹੇਗਾ।

ਜੇ ਭਾਰਤ ਵਿੱਚ ਵੱਡੇ ਡਾਟਾ ਕੇਂਦਰ ਬਣਦੇ ਹਨ, ਪਰ ਉਨ੍ਹਾਂ ਦੇ ਮੁੱਖ ਕੰਪਿਊਟਰ ਚਿੱਪ, ਸਾਫ਼ਟਵੇਅਰ ਅਤੇ ਤਕਨੀਕੀ ਮਨਜ਼ੂਰੀਆਂ ਅਮਰੀਕੀ ਨੀਤੀਆਂ ਦੇ ਰਹਿਮੋ ਕਰਮ ਉੱਤੇ ਹੋਣ, ਤਾਂ ਇਹ ਸਮਰੱਥਾ ਅਸਲ ਵਿੱਚ ਨਵੀਂ ਗ਼ੁਲਾਮੀ ਪੈਦਾ ਕਰੇਗੀ। ਇਸੇ ਤਰ੍ਹਾਂ ਜੇ ਹਥਿਆਰਾਂ ਦਾ ਉਤਪਾਦਨ ਤਾਂ ਭਾਰਤ ਵਿੱਚ ਹੋਵੇ ਪਰ ਉਨ੍ਹਾਂ ਦੇ ਅਹਿਮ ਪੁਰਜ਼ੇ ਅਤੇ ਤਕਨੀਕ ਬਾਹਰੋਂ ਕੰਟਰੋਲ ਹੋਵੇ, ਤਾਂ ਫ਼ੌਜੀ ਫ਼ੈਸਲੇ ਕਦੇ ਵੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਰਹਿ ਸਕਦੇ।

ਰੂਸੀ ਤੇਲ , ਦਬਾਅ ਅਤੇ ਪਰਖ ਦਾ ਮੈਦਾਨ

ਭਾਰਤ ਉੱਤੇ ਅਮਰੀਕੀ ਦਬਾਅ ਦੀ ਸਭ ਤੋਂ ਪ੍ਰਤੱਖ ਮਿਸਾਲ ਰੂਸੀ ਤੇਲ ਦਾ ਮਸਲਾ ਹੈ।

ਭਾਰਤ ਆਪਣੀਆਂ ਊਰਜਾ ਲੋੜਾਂ ਲਈ ਬਾਹਰਲੇ ਤੇਲ ਉੱਤੇ ਨਿਰਭਰ ਹੈ। ਰੂਸ ਤੋਂ ਸਸਤਾ ਤੇਲ ਮਿਲਣਾ ਭਾਰਤੀ ਆਰਥਿਕਤਾ ਲਈ ਵੱਡੀ ਰਾਹਤ ਰਿਹਾ। ਪਰ ਅਮਰੀਕਾ ਨੇ ਇਸ ਵਪਾਰ ਨੂੰ ਆਪਣੀ ਰੂਸ ਵਿਰੋਧੀ ਨੀਤੀ ਨਾਲ ਜੋੜ ਕੇ ਸ਼ਰਤਾਂ ਥੋਪਣੀਆਂ ਸ਼ੁਰੂ ਕਰ ਦਿੱਤੀਆਂ।

ਜਦੋਂ ਕੋਈ ਮਹਾਂਸ਼ਕਤੀ ਦੂਜੇ ਦੇਸ਼ ਦੇ ਵਪਾਰ ਉੱਤੇ ਵਾਧੂ ਕਰ (ਟੈਰਿਫ਼) ਲਾਉਣ ਜਾਂ ਹਟਾਉਣ ਦੀ ਸ਼ਰਤ ਇਹ ਰੱਖ ਦੇਵੇ ਕਿ ਉਹ ਕਿਸੇ ਤੀਜੇ ਦੇਸ਼ ਤੋਂ ਤੇਲ ਖਰੀਦੇਗਾ ਜਾਂ ਨਹੀਂ, ਤਾਂ ਇਹ ਸਿਰਫ਼ ਵਪਾਰਕ ਸੌਦਾ ਨਹੀਂ ਰਹਿੰਦਾ। ਇਹ ਉਸ ਹੱਦ ਦੀ ਪਰਖ ਬਣ ਜਾਂਦੀ ਹੈ ਜਿੱਥੇ ਇੱਕ ਤਾਕਤ ਆਪਣੇ ਬਾਜ਼ਾਰ ਦੇ ਜ਼ੋਰ ਨਾਲ ਦੂਜੇ ਦੇਸ਼ ਦੀ ਵਿਦੇਸ਼ ਨੀਤੀ ਤੈਅ ਕਰਵਾਉਣ ਲੱਗ ਪੈਂਦੀ ਹੈ।

ਜੇ ਭਾਰਤ ਆਪਣੀ ਆਰਥਿਕ ਲੋੜ ਮੁਤਾਬਕ ਨਹੀਂ, ਸਗੋਂ ਅਮਰੀਕੀ ਪਾਬੰਦੀਆਂ ਦੇ ਡਰ ਤੋਂ ਫ਼ੈਸਲੇ ਲੈਣ ਲਈ ਮਜਬੂਰ ਹੁੰਦਾ ਹੈ, ਤਾਂ ਉਸ ਦੀ ਰਣਨੀਤਕ ਖ਼ੁਦਮੁਖ਼ਤਿਆਰੀ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਹਨ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਵਾਸ਼ਿੰਗਟਨ ਕੋਲ ਭਾਰਤ ਦੇ ਆਜ਼ਾਦ ਫ਼ੈਸਲਿਆਂ ਦੀ ਆਰਥਿਕ ਕੀਮਤ ਵਧਾਉਣ ਦੇ ਬਹੁਤ ਅਸਰਦਾਰ ਸੰਦ ਮੌਜੂਦ ਹਨ।

ਭਾਰਤੀ ਆਈ.ਟੀ. ਕੰਪਨੀਆਂ ਅਤੇ ਅਮਰੀਕੀ ਮੰਡੀ ਦਾ ਦਬਾਅ

ਭਾਰਤ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ,ਜਿਵੇਂ ਟਾਟਾ (TCS), ਇਨਫ਼ੋਸਿਸ, ਵਿਪਰੋ ਦਾ ਮੁੱਖ ਕਾਰੋਬਾਰ ਅਮਰੀਕੀ ਮੰਡੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਅਮਰੀਕੀ ਗਾਹਕਾਂ ਅਤੇ ਉੱਥੋਂ ਦੇ ਕੰਮ ਕਾਜੀ ਵੀਜ਼ਾ ਪ੍ਰਬੰਧ ਉੱਤੇ ਟਿਕਿਆ ਹੈ।

ਜਦੋਂ ਵੀ ਅਮਰੀਕੀ ਪ੍ਰਸ਼ਾਸਨ ਪਰਵਾਸੀ ਕਾਮਿਆਂ ਜਾਂ ਵਿਦੇਸ਼ੀ ਭਰਤੀਆਂ ਦੇ ਨਿਯਮਾਂ ਨੂੰ ਸਖ਼ਤ ਕਰਦਾ ਹੈ, ਤਾਂ ਇਸ ਨਿਰਭਰਤਾ ਦੀਆਂ ਹੱਦਾਂ ਨੰਗੀਆਂ ਹੋ ਜਾਂਦੀਆਂ ਹਨ। ਜਿਹੜੀ ਆਰਥਿਕਤਾ ਆਪਣੀ ਵੱਡੀ ਕਮਾਈ ਲਈ ਕਿਸੇ ਦੂਜੇ ਮੁਲਕ ਦੇ ਕਾਨੂੰਨਾਂ ਅਤੇ ਵੀਜ਼ਾ ਨੀਤੀਆਂ ਉੱਤੇ ਨਿਰਭਰ ਹੋਵੇ, ਉਸ ਦੀ ਸਿਆਸੀ ਸੌਦੇਬਾਜ਼ੀ ਕਦੇ ਵੀ ਬਰਾਬਰੀ ਵਾਲੀ ਨਹੀਂ ਹੋ ਸਕਦੀ। ਇੱਥੇ ਵਪਾਰਕ ਰਿਸ਼ਤੇ ਹੌਲੀ-ਹੌਲੀ ਤਾਕਤ ਅਤੇ ਅਧੀਨਗੀ ਦੇ ਰਿਸ਼ਤਿਆਂ ਵਿੱਚ ਬਦਲਣ ਲੱਗਦੇ ਹਨ।

ਕਾਰਪੋਰੇਟ ਸਰਦਾਰੀ ਅਤੇ ਰਾਜ ਦੀ ਪ੍ਰਭੂਸੱਤਾ

ਸੈਟੇਲਾਈਟ ਰਾਹੀਂ ਇੰਟਰਨੈੱਟ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਐਲਨ ਮਸਕ (ਸਟਾਰਲਿੰਕ) ਅਤੇ ਭਾਰਤੀ ਕਾਰੋਬਾਰੀਆਂ ਵਿਚਕਾਰ ਹੋਈ ਖਿੱਚੋਤਾਣ ਵੀ ਇੱਕ ਅਹਿਮ ਸੰਕੇਤ ਹੈ।

ਅੱਜ ਸੈਟੇਲਾਈਟ ਇੰਟਰਨੈੱਟ ਸਿਰਫ਼ ਮਨੋਰੰਜਨ ਜਾਂ ਆਮ ਸੰਚਾਰ ਦਾ ਸਾਧਨ ਨਹੀਂ ਰਿਹਾ। ਜੰਗਾਂ, ਸਰਹੱਦੀ ਇਲਾਕਿਆਂ ਅਤੇ ਕੌਮੀ ਸੁਰੱਖਿਆ ਵਿੱਚ ਇਸ ਦੀ ਭੂਮਿਕਾ ਫ਼ੈਸਲਾਕੁੰਨ ਹੋ ਚੁੱਕੀ ਹੈ। ਜਿਹੜੀ ਬਾਹਰਲੀ ਨਿੱਜੀ ਕੰਪਨੀ ਕਿਸੇ ਦੇਸ਼ ਦੇ ਮੁੱਖ ਸੰਚਾਰ ਢਾਂਚੇ ਵਿੱਚ ਪੈਰ ਧਰਦੀ ਹੈ, ਉਹ ਭਵਿੱਖ ਵਿੱਚ ਉਸ ਦੇ ਸੁਰੱਖਿਆ ਪ੍ਰਬੰਧ ਨੂੰ ਵੀ ਪ੍ਰਭਾਵਿਤ ਕਰਨ ਦੀ ਤਾਕਤ ਰੱਖਦੀ ਹੈ। ਮਸਕ ਵਾਲੇ ਵਰਤਾਰੇ ਵਿੱਚ ਭਾਰਤ ਦਾ ਸਸਤਾ ਡਾਟੇ ਦਾ ਵੀ ਇੱਕ ਅਹਿਮ ਪੱਖ ਹੈ।

ਇਹ ਵਰਤਾਰਾ ਦਰਸਾਉਂਦਾ ਹੈ ਕਿ ਆਧੁਨਿਕ ਦੌਰ ਵਿੱਚ ਮਹਾਂਸ਼ਕਤੀਆਂ ਦੀ ਤਾਕਤ ਸਿਰਫ਼ ਉਨ੍ਹਾਂ ਦੀਆਂ ਸਰਕਾਰਾਂ ਤੱਕ ਸੀਮਤ ਨਹੀਂ,ਵੱਡੇ ਬਹੁ ਕੌਮੀ ਕਾਰਪੋਰੇਟ ਅਦਾਰੇ ਵੀ ਦੇਸ਼ਾਂ ਦੀਆਂ ਨੀਤੀਆਂ ਨੂੰ ਮੋੜਾ ਦੇਣ ਦੀ ਸਮਰੱਥਾ ਰੱਖਦੇ ਹਨ। ਭਵਿੱਖ ਵਿੱਚ ਪ੍ਰਭੂਸੱਤਾ ਦੀ ਲੜਾਈ ਸਿਰਫ਼ ਜ਼ਮੀਨੀ ਸਰਹੱਦਾਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਡਾਟਾ, ਸੈਟੇਲਾਈਟ ਅਤੇ ਤਕਨੀਕੀ ਪ੍ਰਬੰਧ ਵੀ ਇਸ ਦਾ ਮੁੱਖ ਅਖਾੜਾ ਹੋਣਗੇ।

ਅਧੀਨ ਰਾਜ ਬਣਨ ਦਾ ਅਮਲ,ਪ੍ਰਭੂਸੱਤਾ ਦਾ ਅਸਲ ਅਰਥ

ਇਤਿਹਾਸ ਗਵਾਹ ਹੈ ਕਿ ਅਧੀਨ ਰਾਜ ਉਹ ਹੁੰਦਾ ਹੈ ਜਿਸ ਦੀ ਸਰਕਾਰ ਅਤੇ ਫ਼ੌਜ ਤਾਂ ਆਪਣੀ ਦਿਖਾਈ ਦਿੰਦੀ ਹੋਵੇ, ਪਰ ਉਸ ਦੇ ਵੱਡੇ ਫ਼ੈਸਲੇ ਕਿਸੇ ਹੋਰ ਦੇ ਇਸ਼ਾਰੇ ਉੱਤੇ ਹੁੰਦੇ ਹੋਣ।

ਅੱਜ ਇਹ ਅਧੀਨਗੀ ਹੋਰ ਵੀ ਸੂਖ਼ਮ ਰੂਪ ਧਾਰ ਚੁੱਕੀ ਹੈ। ਕਿਸੇ ਮੁਲਕ ਦਾ ਝੰਡਾ, ਸੰਵਿਧਾਨ, ਸੰਸਦ ਅਤੇ ਕੂਟਨੀਤੀ ਕਾਇਮ ਰਹਿ ਸਕਦੀ ਹੈ, ਪਰ ਜੇ ਉਸ ਦੀ ਊਰਜਾ ਨੀਤੀ ਬਾਹਰਲੀਆਂ ਪਾਬੰਦੀਆਂ ਦੇ ਡਰ ਨਾਲ, ਤਕਨੀਕੀ ਨੀਤੀ ਵਿਦੇਸ਼ੀ ਕੰਪਨੀਆਂ ਦੇ ਦਬਾਅ ਨਾਲ ਅਤੇ ਵਪਾਰਕ ਨੀਤੀ ਕਿਸੇ ਮਹਾਂਸ਼ਕਤੀ ਦੀਆਂ ਸ਼ਰਤਾਂ ਅਨੁਸਾਰ ਬਣਨ ਲੱਗ ਪਵੇ, ਤਾਂ ਉਸ ਦੀ ਆਜ਼ਾਦੀ ਸਿਰਫ਼ ਇੱਕ ਭਰਮ ਰਹਿ ਜਾਂਦੀ ਹੈ। ਜਪਾਨ ਇਸ ਦੀ ਪ੍ਰਤੱਖ ਉਦਾਹਰਣ ਹੈ।

sovereignty ਸਿਰਫ਼ ਕਾਨੂੰਨੀ ਤੌਰ ਉੱਤੇ ਫ਼ੈਸਲਾ ਲੈਣ ਦਾ ਨਾਂ ਨਹੀਂ, ਸਗੋਂ ਉਸ ਫ਼ੈਸਲੇ ਉੱਤੇ ਡਟੇ ਰਹਿਣ ਦੀ ਸਮਰੱਥਾ ਦਾ ਨਾਂ ਹੈ।

ਪਰ ਇੱਥੇ ਇੱਕ ਅਜਿਹਾ ਸਵਾਲ ਖੜ੍ਹਾ ਹੁੰਦਾ ਹੈ ਜਿਸ ਨੂੰ ਭਾਰਤੀ ਰਾਸ਼ਟਰਵਾਦ ਅਕਸਰ ਅੱਖੋਂ-ਪਰੋਖੇ ਕਰ ਦਿੰਦਾ ਹੈ,ਜੇ ਭਾਰਤੀ ਰਾਜ ਬਾਹਰਲੀ ਮਹਾਂਸ਼ਕਤੀ ਸਾਹਮਣੇ ਆਪਣੀ ਖ਼ੁਦਮੁਖ਼ਤਿਆਰੀ ਦਾ ਇੰਨਾ ਦਾਅਵਾ ਕਰਦਾ ਹੈ, ਤਾਂ ਉਹ ਆਪਣੇ ਅੰਦਰ ਮੌਜੂਦ ਵੱਖਰੀਆਂ ਕੌਮਾਂ ਅਤੇ ਇਤਿਹਾਸਕ ਹਸਤੀਆਂ ਦੀ ਖ਼ੁਦਮੁਖ਼ਤਿਆਰੀ ਨੂੰ ਕੀ ਥਾਂ ਦਿੰਦਾ ਹੈ?

ਪੰਜਾਬ ਦਾ ਸਵਾਲ ਅਤੇ ਸਿੱਖ ਪੰਥ ਦੀ ਰਾਜਸੀ ਹਸਤੀ

ਪੰਜਾਬ ਨੂੰ ਸਿਰਫ਼ ਭਾਰਤ ਦੇ ਇੱਕ ਸਰਹੱਦੀ ਸੂਬੇ ਵਜੋਂ ਦੇਖਣ ਨਾਲ ਇਸ ਦੇ ਇਤਿਹਾਸਕ ਅਤੇ ਰਾਜਸੀ ਸਵਾਲਾਂ ਦੀ ਸਮਝ ਨਹੀਂ ਪੈ ਸਕਦੀ।

ਸਿੱਖ ਪੰਥ ਦੀ ਹਸਤੀ ਆਧੁਨਿਕ ਭਾਰਤੀ ਰਾਜ ਦੇ ਹੋਂਦ ਵਿੱਚ ਆਉਣ ਤੋਂ ਸਦੀਆਂ ਪਹਿਲਾਂ ਦੀ ਹੈ। ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸਿੱਖ ਪਰੰਪਰਾ ਵਿੱਚ ਨਿਆਂ, ਮਨੁੱਖੀ ਆਜ਼ਾਦੀ ਅਤੇ ਸਮਾਜਿਕ ਜ਼ਿੰਮੇਵਾਰੀ ਨੇ ਇੱਕ ਨਿਵੇਕਲਾ ਰਾਜਸੀ ਰੂਪ ਧਾਰਿਆ। ਛੇਵੇਂ ਪਾਤਸ਼ਾਹ ਵੱਲੋਂ ਮੀਰੀ-ਪੀਰੀ ਦਾ ਸੰਕਲਪ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਅਤੇ ਦਸਮ ਪਾਤਸ਼ਾਹ ਵੱਲੋਂ ਖ਼ਾਲਸੇ ਦੀ ਸਿਰਜਣਾ ਸਿੱਖ ਰਾਜਸੀ ਚਿੰਤਨ ਦੇ ਥੰਮ੍ਹ ਹਨ। ਇਹ ਪਰੰਪਰਾ ਮਹਿਜ਼ ਰਾਜ ਸੱਤਾ ਹਾਸਲ ਕਰਨ ਦੀ ਲਾਲਸਾ ਨਹੀਂ, ਸਗੋਂ ਜ਼ੁਲਮ ਦਾ ਵਿਰੋਧ, ਧਾਰਮਿਕ ਆਜ਼ਾਦੀ ਅਤੇ ਜ਼ਿੰਮੇਵਾਰ ਰਾਜਸੀ ਅਮਲ ਦੀ ਜ਼ਾਮਨ ਹੈ। ਸਰਬੱਤ ਖ਼ਾਲਸਾ, ਗੁਰਮਤਾ, ਮਿਸਲਾਂ ਅਤੇ ਖ਼ਾਲਸਾ ਰਾਜ ਇਸੇ ਚਿੰਤਨ ਦੇ ਪ੍ਰਤੱਖ ਪ੍ਰਗਟਾਵੇ ਸਨ।

ਇਸ ਲਈ ਪੰਥਕ ਨਜ਼ਰੀਏ ਤੋਂ sovereignty ਸਿਰਫ਼ ਪੱਛਮੀ ਤਰਜ਼ ਦੇ ਰਾਸ਼ਟਰ ਰਾਜ (Nation State) ਦਾ ਕਾਨੂੰਨੀ ਸੰਕਲਪ ਨਹੀਂ, ਸਗੋਂ ਪੰਥ ਦੀ ਸਮੂਹਿਕ ਹਸਤੀ, ਉਸ ਦੇ ਸੁਤੰਤਰ ਰਾਜਸੀ ਅਮਲ ਅਤੇ ਨਿਆਂ ਪ੍ਰਤੀ ਜ਼ਿੰਮੇਵਾਰੀ ਨਾਲ ਜੁੜੀ ਹੋਈ ਹੈ।

ਭਾਵੇਂ ਅੱਜ ਇਸ ਦੇ ਹੱਲ ਬਾਰੇ ਵੱਖ ਵੱਖ ਰਾਜਸੀ ਵਿਚਾਰ ਮੌਜੂਦ ਹਨ ਕੋਈ ਵੱਧ ਸੰਘੀ ਹੱਕਾਂ ਦੀ ਗੱਲ ਕਰਦਾ ਹੈ ਅਤੇ ਕੋਈ ਮੁਕੰਮਲ ਸਵੈ ਨਿਰਣੇ ਦੀ,ਪਰ ਮੂਲ ਸਵਾਲ ਇੱਕੋ ਹੈ, ਕੀ ਪੰਜਾਬ ਦੇ ਲੋਕਾਂ ਕੋਲ ਆਪਣੇ ਰਾਜਸੀ, ਆਰਥਿਕ ਅਤੇ ਕੁਦਰਤੀ ਸਰੋਤਾਂ ਬਾਰੇ ਖ਼ੁਦ ਫ਼ੈਸਲੇ ਲੈਣ ਦੀ ਅਸਲ ਤਾਕਤ ਹੈ?

ਭਾਰਤੀ ਹਾਕਮ ਬਾਹਰਲੀ ਦੁਨੀਆ ਸਾਹਮਣੇ ਆਪਣੀ ਆਜ਼ਾਦ ਵਿਦੇਸ਼ ਨੀਤੀ ਦੇ ਸੋਹਲੇ ਗਾਉਂਦੇ ਹਨ, ਪਰ ਆਪਣੇ ਘਰ ਅੰਦਰ ਇਹੀ ਅਸੂਲ ਪੰਜਾਬ ਉੱਤੇ ਲਾਗੂ ਕਰਨ ਤੋਂ ਭੱਜਦੇ ਹਨ।

ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ, ਖੇਤੀ ਨੀਤੀਆਂ ਦੀ ਮਾਰ, ਵਪਾਰਕ ਲਾਂਘਿਆਂ ਦੀ ਬੰਦਸ਼ ਅਤੇ ਸੂਬਾਈ ਹੱਕਾਂ ਨੂੰ ਕੁਚਲਣ ਦਾ ਲੰਮਾ ਇਤਿਹਾਸ ਹੈ। ਇੱਥੇ ਇੱਕ ਸਪੱਸ਼ਟ ਦੋਗਲਾਪਣ ਸਾਹਮਣੇ ਆਉਂਦਾ

੧ ਜਿਸ ਤਰ੍ਹਾਂ ਭਾਰਤ ਚਾਹੁੰਦਾ ਹੈ ਕਿ ਉਸ ਦੇ ਆਰਥਿਕ ਅਤੇ ਸੁਰੱਖਿਆ ਫ਼ੈਸਲਿਆਂ ਉੱਤੇ ਅਮਰੀਕਾ ਦਾ ਦਬਾਅ ਨਾ ਹੋਵੇ,

੨ ਉਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਜੀਵਨ, ਸਾਧਨਾਂ ਅਤੇ ਹੋਂਦ ਦੇ ਫ਼ੈਸਲਿਆਂ ਉੱਤੇ ਦਿੱਲੀ ਦਾ ਇੱਕ ਪਾਸੜ ਗ਼ਲਬਾ ਨਾ ਹੋਵੇ।

ਇੱਕ ਮਸਲਾ ਕੌਮਾਂਤਰੀ ਸਬੰਧਾਂ ਦਾ ਹੈ ਅਤੇ ਦੂਜਾ ਅੰਦਰੂਨੀ ਸੰਘੀ ਪ੍ਰਬੰਧ ਅਤੇ ਕੌਮੀ ਹੱਕਾਂ ਦਾ। ਪਰ ਦੋਵਾਂ ਦੇ ਕੇਂਦਰ ਵਿੱਚ ਸਵਾਲ ਇੱਕੋ ਹੈ, ਤਾਕਤ ਦੀ ਵੰਡ ਅਤੇ ਆਜ਼ਾਦ ਫ਼ੈਸਲੇ ਲੈਣ ਦੀ ਸਮਰੱਥਾ। ਇਸ ਲਈ ਭਾਰਤੀ ਰਾਜ ਦੀ ਖ਼ੁਦਮੁਖ਼ਤਿਆਰੀ ਨੂੰ ਕਿਸੇ ਵੀ ਹਾਲਤ ਵਿੱਚ ਪੰਜਾਬ ਦੀ ਖ਼ੁਦਮੁਖ਼ਤਿਆਰੀ ਨਹੀਂ ਮੰਨਿਆ ਜਾ ਸਕਦਾ।

ਅਮਰੀਕਾ ਭਾਰਤ ਸਾਂਝ ਅਤੇ ਪੰਜਾਬ ਸਾਹਮਣੇ ਚੁਣੌਤੀਆਂ

ਜੇ ਭਾਰਤ ਤੇ ਅਮਰੀਕੀ ਪ੍ਰਭਾਵ ਹੋਰ ਵੱਧ ਜਾਂਦਾ ਹੈ, ਤਾਂ ਪੰਜਾਬ ਉੱਤੇ ਇਸ ਦੇ ਸਿੱਧੇ ਕੀ ਅਸਰ ਪੈਣਗੇ:

੧ ਖੇਤੀਬਾੜੀ ਉੱਤੇ ਸੱਟ:-ਦੋਵਾਂ ਦੇਸ਼ਾਂ ਵਿਚਕਾਰ ਖੇਤੀ ਵਪਾਰ ਦੇ ਸਮਝੌਤੇ ਪੰਜਾਬ ਦੀ ਖੇਤੀ ਆਰਥਿਕਤਾ, ਫ਼ਸਲਾਂ ਦੇ ਸਰਕਾਰੀ ਮੁੱਲ, ਮੰਡੀ ਪ੍ਰਬੰਧ ਅਤੇ ਬੀਜਾਂ ਦੇ ਅਧਿਕਾਰਾਂ ਉੱਤੇ ਨਵੇਂ ਕਾਰਪੋਰੇਟ ਹਮਲਿਆਂ ਦਾ ਰਾਹ ਖੋਲ੍ਹ ਸਕਦੇ ਹਨ।

੨ ਸੁਰੱਖਿਆ ਗੱਠਜੋੜ ਅਤੇ ਸਿੱਖ ਸਿਆਸਤ:- ਅਮਰੀਕਾ ਅਤੇ ਭਾਰਤ ਵਿਚਕਾਰ ਖ਼ੁਫ਼ੀਆ ਤੇ ਸੁਰੱਖਿਆ ਸਹਿਯੋਗ ਵਧਣ ਨਾਲ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦੀ ਸਿਆਸੀ ਆਵਾਜ਼ ਨੂੰ ਦਬਾਉਣ ਦੇ ਯਤਨ ਹੋ ਸਕਦੇ ਹਨ। ਭਾਵੇਂ ਪੱਛਮੀ ਮੁਲਕਾਂ ਦੇ ਆਪਣੇ ਕਾਨੂੰਨ ਅਤੇ ਅਦਾਲਤਾਂ ਹਨ, ਪਰ ਪੰਥ ਲਈ ਚਿੰਤਾ ਇਹ ਰਹੇਗੀ ਕਿ ਸਿੱਖਾਂ ਦੇ ਜਮਹੂਰੀ ਹੱਕ ਮਹਾਂਸ਼ਕਤੀਆਂ ਦੀ ਆਪਸੀ ਕੂਟਨੀਤੀ ਦੀ ਭੇਟ ਨਾ ਚੜ੍ਹ ਜਾਣ।

੧)ਸਰਹੱਦੀ ਘੇਰਾਬੰਦੀ: ਪੰਜਾਬ ਇਤਿਹਾਸਕ ਤੌਰ ਉੱਤੇ ਮੱਧ ਏਸ਼ੀਆ ਵੱਲ ਖੁੱਲ੍ਹਣ ਵਾਲਾ ਵਪਾਰਕ ਦਰਵਾਜ਼ਾ ਰਿਹਾ ਹੈ। ਪਰ ਜੇ ਭਾਰਤ ਦੀ ਨੀਤੀ ਵਿੱਚ ਖੇਤਰੀ ਤਣਾਅ ਅਤੇ ਅਮਰੀਕੀ ਧੜੇਬੰਦੀ ਕੇਂਦਰੀ ਬਣੀ ਰਹਿੰਦੀ ਹੈ, ਤਾਂ ਪੰਜਾਬ ਨੂੰ ਸਿਰਫ਼ ਇੱਕ ਫ਼ੌਜੀ ਛਾਉਣੀ ਅਤੇ ਸੰਵੇਦਨਸ਼ੀਲ ਸਰਹੱਦ ਵਜੋਂ ਹੀ ਦੇਖਿਆ ਜਾਵੇਗਾ, ਜਿਸ ਨਾਲ ਉਸ ਦੇ ਆਰਥਿਕ ਤੇ ਵਪਾਰਕ ਲਾਂਘੇ ਸਦਾ ਲਈ ਬੰਦ ਰਹਿਣਗੇ।

ਕੀ ਭਾਰਤ ਦੇ ਮਜ਼ਬੂਤ ਹੋਣ ਨਾਲ ਪੰਜਾਬ ਦਾ ਮਸਲਾ ਹੱਲ ਹੋਵੇਗਾ?

ਇਹ ਭਰਮ ਵੀ ਦੂਰ ਹੋਣਾ ਚਾਹੀਦਾ ਹੈ ਕਿ ਜੇ ਭਾਰਤ ਅਮਰੀਕਾ ਅੱਗੇ ਨਹੀਂ ਝੁਕਦਾ ਅਤੇ ਇੱਕ ਵੱਡੀ ਖੇਤਰੀ ਸ਼ਕਤੀ ਬਣ ਜਾਂਦਾ ਹੈ, ਤਾਂ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ।
ਬਿਲਕੁਲ ਨਹੀਂ।

ਕਿਸੇ ਰਾਜ ਦੀ ਬਾਹਰੀ ਤਾਕਤ ਅਤੇ ਉਸ ਦੇ ਅੰਦਰ ਲੋਕਾਂ ਦੀ ਆਜ਼ਾਦੀ ਦੋ ਵੱਖਰੀਆਂ ਗੱਲਾਂ ਹਨ। ਕੋਈ ਰਾਜ ਬਾਹਰੋਂ ਬਹੁਤ ਤਾਕਤਵਰ ਹੋ ਕੇ ਵੀ ਅੰਦਰੂਨੀ ਤੌਰ ਉੱਤੇ ਤਾਕਤ ਦਾ ਅੰਨ੍ਹਾ ਕੇਂਦਰੀਕਰਨ ਕਰ ਸਕਦਾ ਹੈ ਅਤੇ ਘੱਟ ਗਿਣਤੀਆਂ ਨੂੰ ਹੋਰ ਬੇਵੱਸ ਕਰ ਸਕਦਾ ਹੈ। ਇਸ ਲਈ, ਭਾਰਤ ਦਾ ਅਮਰੀਕਾ ਅੱਗੇ ਦਬਣਾ ਜਾਂ ਅਮਰੀਕਾ ਅੱਗੇ ਅੜਨਾ,ਆਪਣੇ ਆਪ ਪੰਜਾਬ ਦੇ ਹੱਕ ਵਿੱਚ ਨਹੀਂ ਭੁਗਤਦੀਆਂ।

ਪੰਥਕ ਰਾਜਸੀ ਚਿੰਤਨ ਦੀ ਸੁਤੰਤਰ ਕਸੌਟੀ

ਸਿੱਖ ਚਿੰਤਨ ਵਿੱਚ ਰਾਜ ਦੀ ਤਾਕਤ ਨੂੰ ਆਪਣੇ ਆਪ ਵਿੱਚ ਅੰਤਿਮ ਸੱਚ ਜਾਂ ਨਿਆਂ ਨਹੀਂ ਮੰਨਿਆ ਗਿਆ। ਗੁਰਮਤਿ ਪਰੰਪਰਾ ਵਿੱਚ ਰਾਜਸੀ ਤਾਕਤ ਦੀ ਪਰਖ ਉਸ ਦੇ ਅਮਲ ਤੋਂ ਹੁੰਦੀ ਹੈ,ਕੀ ਉਹ ਤਾਕਤ ਨਿਆਂ, ਸੱਚ ਅਤੇ ਮਨੁੱਖੀ ਆਜ਼ਾਦੀ ਦੀ ਰਾਖੀ ਕਰਦੀ ਹੈ ਜਾਂ ਜ਼ੁਲਮ ਦਾ ਸੰਦ ਬਣਦੀ ਹੈ?

ਇਸ ਕਸੌਟੀ ਉੱਤੇ ਦੋਵੇਂ ਧਿਰਾਂ ਪਰਖੀਆਂ ਜਾਣਗੀਆਂ,

ਅਮਰੀਕਾ ਦਾ ਮਹਾਂਸ਼ਕਤੀ ਹੋਣਾ ਉਸ ਦੀਆਂ ਆਲਮੀ ਚੌਧਰ ਵਾਲੀਆਂ ਨੀਤੀਆਂ ਨੂੰ ਜਾਇਜ਼ ਨਹੀਂ ਠਹਿਰਾਉਂਦਾ।

ਇਸੇ ਤਰ੍ਹਾਂ ਭਾਰਤ ਦਾ ਅਮਰੀਕੀ ਦਬਾਅ ਦਾ ਵਿਰੋਧ ਕਰਨਾ ਉਸ ਵੱਲੋਂ ਪੰਜਾਬ ਨਾਲ ਕੀਤੇ ਜਾਂਦੇ ਧੱਕੇ ਨੂੰ ਸਹੀ ਸਿੱਧ ਨਹੀਂ ਕਰਦਾ।

ਮੀਰੀ-ਪੀਰੀ ਦਾ ਸੰਕਲਪ ਸਪੱਸ਼ਟ ਕਰਦਾ ਹੈ ਕਿ ਸਿਆਸਤ ਕਦੇ ਵੀ ਨੈਤਿਕਤਾ ਅਤੇ ਨਿਆਂ ਤੋਂ ਵੱਖਰੀ ਨਹੀਂ ਹੋ ਸਕਦੀ। ਇਸ ਲਈ ਪੰਥਕ ਭੂ-ਰਾਜਨੀਤੀ ਦਾ ਮਤਲਬ ਕਿਸੇ ਇੱਕ ਮਹਾਂਸ਼ਕਤੀ ਦੀ ਅੰਨ੍ਹੀ ਹਮਾਇਤ ਜਾਂ ਦੂਜੀ ਦੀ ਵਿਰੋਧਤਾ ਨਹੀਂ, ਸਗੋਂ ਆਪਣੇ ਸਿਧਾਂਤਾਂ, ਇਤਿਹਾਸਕ ਹਸਤੀ ਅਤੇ ਲੋਕਾਂ ਦੇ ਹੱਕਾਂ ਦੇ ਆਧਾਰ ਉੱਤੇ ਆਲਮੀ ਹਲਾਤਾਂ ਨੂੰ ਨਿਰਪੱਖ ਹੋ ਕੇ ਸਮਝਣਾ ਹੈ।

ਕਿਸੇ ਵੀ ਰਾਜ ਦੀ ਪ੍ਰਭੂਸੱਤਾ ਦੀ ਅਸਲ ਪਰਖ ਸਿਰਫ਼ ਇਸ ਗੱਲ ਤੋਂ ਨਹੀਂ ਹੁੰਦੀ ਕਿ ਉਹ ਆਪਣੇ ਤੋਂ ਵੱਡੀ ਤਾਕਤ ਨੂੰ ਕਿੰਨੇ ਜ਼ੋਰ ਨਾਲ ਨਾਂਹ ਕਹਿੰਦਾ ਹੈ,ਸਗੋਂ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਆਪਣੇ ਅੰਦਰ ਵੱਸਦੀਆਂ ਵੱਖਰੀਆਂ ਕੌਮਾਂ, ਪਛਾਣਾਂ ਅਤੇ ਸੂਬਿਆਂ ਦੇ ਹੱਕਾਂ ਦਾ ਕਿੰਨਾ ਸਤਿਕਾਰ ਕਰਦਾ ਹੈ। ਪੰਥਕ ਨਜ਼ਰੀਏ ਤੋਂ ਅਸਲ ਸਵਾਲ ਇਹੀ ਹੈ ਕਿ ਸੰਸਾਰ ਦੀਆਂ ਤਾਕਤਾਂ ਦੇ ਵੱਡੇ ਸਮਝੌਤਿਆਂ ਦਰਮਿਆਨ ਪੰਜਾਬ ਦੀ ਆਪਣੀ ਆਵਾਜ਼, ਆਪਣੇ ਸਾਧਨ ਅਤੇ ਆਪਣੀ ਰਾਜਸੀ ਹਸਤੀ ਕਿਵੇਂ ਕਾਇਮ ਰਹਿੰਦੀ ਹੈ।

Comments

comments