ਫਰੀਮਾਂਟ/ਮਿਲਪੀਟਸ (ਕੈਲੇਫੋਰਨੀਆ): ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਕੈਲੀਫੋਰਨੀਆ ਦੇ ਦੋ ਸ਼ਹਿਰਾਂ ਫਰੀਮਾਂਟ ਅਤੇ ਮਿਲਪੀਟਸ ਵਿਖੇ ਦੋ ਵੱਖ-ਵੱਖ ਸਮਾਗਮਾਂ ਦੌਰਾਨ ਮਨਾਈ ਗਈ, ਜਿੱਥੇ ਵੱਡੀ ਗਿਣਤੀ ‘ਚ ਸੰਗਤ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ।
ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦੀ 31ਵੀਂ ਬਰਸੀ ਮੌਕੇ “ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਪ੍ਰਤੀਕਰਮ 1986-2017” ਵਿਸ਼ੇ ‘ਤੇ ਸੈਮੀਨਾਰ 4 ਫਰਵਰੀ 2017 ਦਿਨ ਸ਼ਨੀਵਾਰ ਨੂੰ ਗੁਰਦਵਾਰਾ ਸਿੰਘ ਸਭਾ ਬੇ-ਏਰੀਆ ਮਿਲਪੀਟਸ, ਕੈਲੀਫੋਰਨੀਆ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਡਾ. ਹਰਿੰਦਰ ਸਿੰਘ ਵਲੋਂ ਸਾਕਾ ਨਕੋਦਰ ਦੌਰਾਨ ਹੋਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਹੋਏ ਸਿੱਖ ਪ੍ਰਤੀਕਰਮ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੱਥਾਂ ਅਤੇ ਸਬੂਤਾਂ ਸਮੇਤ ਪੇਸ਼ ਕੀਤੀ ਗਈ।

ਡਾ. ਹਰਿੰਦਰ ਸਿੰਘ ਨੇ ਸ਼ਹੀਦ ਸਿੰਘਾਂ ਭਾਈ ਹਰਮਿੰਦਰ ਸਿੰਘ ਚਲੂਪੁਰ ਅਤੇ ਭਾਈ ਬਲਧੀਰ ਸਿੰਘ ਜੀ ਦੀਆਂ ਪੋਸਟ ਮਾਰਟਮ ਰਿਪੋਰਟਾਂ ਪੇਸ਼ ਕੀਤੀਆਂ, ਜਿਨ੍ਹਾਂ ‘ਤੇ ਇਨ੍ਹਾਂ ਸਿੰਘਾਂ ਦੇ ਅਤੇ ਸਿੰਘਾਂ ਦੇ ਪਿਤਾ ਜੀ ਦੇ ਨਾਮ ਦਰਜ ਹਨ ਅਤੇ ਉਨ੍ਹਾਂ ਦੇ ਪਤੇ ਵੀ ਦਰਜ ਹਨ। ਕੌਮਾਂਤਰੀ ਮਨੁੱਖੀ ਅਧਿਕਾਰ ਸਭਾ ਦੀ ਰਿਪੋਰਟ ਵੀ ਪੇਸ਼ ਕੀਤੀ ਗਈ, ਜਿਸ ਵਿੱਚ ਮੌਕੇ ਦੇ ਐੱਸ.ਡੀ.ਐੱਮ. ਨੇ ਮੰਨਿਆ ਹੈ ਕਿ 3 ਸ਼ਹੀਦ ਸਿੰਘਾਂ ਦੀ ਪਹਿਚਾਣ 4 ਫਰਵਰੀ ਦੀ ਸ਼ਾਮ ਨੂੰ ਹੋ ਗਈ ਸੀ। ਇਸ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਭਾਈ ਹਰਮਿੰਦਰ ਸਿੰਘ ਚਲੂਪੁਰ ਨੂੰ ਪੁਲਿਸ ਅਧਿਕਾਰੀਆਂ ਵਲੋਂ ਫੜ ਕੇ ਕਤਲ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪੁਲਿਸ ਵਲੋਂ ਉਸ ਮੌਕੇ ਇਨ੍ਹਾਂ ਸਿੰਘਾਂ ਨੂੰ ਅਣਪਛਾਤੇ ਅਤੇ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ ਸੀ। ਡਾ. ਹਰਿੰਦਰ ਸਿੰਘ ਵਲੋਂ ਇਹ ਪੋਸਟ ਮਾਰਟਮ ਰਿਪੋਰਟਾਂ ਪੇਸ਼ ਕਰਕੇ ਇਹ ਸਾਬਤ ਕੀਤਾ ਕਿ ਪੁਲਿਸ ਨੇ ਇਨ੍ਹਾਂ ਸਿੰਘਾਂ ਦੀ ਪਛਾਣ ਨਾ ਹੋਣ ਬਾਰੇ ਝੂਠ ਬੋਲਿਆ। ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਪਿਤਾ ਜੀ ਉਸ ਸਮੇਂ ਮੌਕੇ ‘ਤੇ ਹਾਜ਼ਰ ਸਨ ਅਤੇ ਉਨ੍ਹਾਂ ਵਲੋਂ ਆਪਣੇ ਪੁੱਤਰ ਦੀ ਪਹਿਚਾਣ ਕਰਕੇ ਪੁਲਿਸ ਤੋਂ ਆਪਣੇ ਪੁੱਤਰ ਦਾ ਮ੍ਰਿਤਕ ਸਰੀਰ ਲੈਣ ਲਈ ਮੰਗ ਕੀਤੀ ਸੀ, ਜੋ ਇਹ ਸਾਬਿਤ ਕਰਦਾ ਹੈ ਕਿ ਪੁਲਿਸ ਵਲੋਂ ਇਨ੍ਹਾਂ ਸਿੰਘਾਂ ਨੂੰ ਜਾਣ ਬੁੱਝਕੇ ਲਾਵਾਰਿਸ ਕਰਾਰ ਦਿੱਤਾ ਗਿਆ। ਡਾ. ਹਰਿੰਦਰ ਸਿੰਘ ਵਲੋਂ ਪੇਸ਼ ਕੀਤੀਆਂ ਚਾਰੇ ਪੋਸਟ ਮਾਰਟਮ ਰਿਪੋਰਟਾਂ ਵਿੱਚ ਲਿਖਿਆ ਹੈ ਕਿ ਪੁਲਿਸ ਵਲੋਂ ਤਿੰਨ ਸਿੰਘਾਂ ਦੀਆਂ ਛਾਤੀਆਂ ਵਿੱਚ ਗੋਲੀਆਂ ਮਾਰੀਆਂ ਸਨ ਅਤੇ ਇੱਕ ਸਿੰਘ ਦੇ ਮੂੰਹ ਵਿੱਚ ਗੋਲੀਆਂ ਮਾਰੀਆਂ ਸਨ।

ਇਸ ਸੈਮੀਨਾਰ ਦੇ ਦੂਸਰੇ ਬੁਲਾਰੇ ਡਾ. ਅਮਰਜੀਤ ਸਿੰਘ ਵਲੋਂ 1986 ਦੇ ਇਸ ਸਾਕੇ ਤੋਂ ਲੈਕੇ ਹੁਣ ਤੱਕ ਹੋਈਆਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਸਾਕਾ ਨਕੋਦਰ ਦੀ ਸਿੱਖ ਇਤਿਹਾਸ ਵਿੱਚ ਮਹੱਤਤਾ ਬਾਰੇ ਵੀ ਬਹੁਤ ਹੀ ਸਾਰਥਿਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਇਸ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਿਕ ਕਮੇਟੀ ਵਲੋਂ ਇਨ੍ਹਾਂ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਨਾ ਲਗਾਉਣ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਇਕੱਤਰ ਸੰਗਤਾਂ ਅਤੇ ਅਮਰੀਕਨ ਗੁਰਦਵਾਰਾ ਪ੍ਰਬੰਧਿਕ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਨ੍ਹਾਂ ਸਿੰਘਾਂ ਦੀਆਂ ਤਸਵੀਰਾਂ ਬਿਨਾਂ ਕਿਸੇ ਦੇਰੀ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਤ ਕੀਤੀਆਂ ਜਾਣ। ਇਸ ਸੈਮੀਨਾਰ ਦਾ ਟੀ.ਵੀ. ’84 ਵਲੋਂ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਜੀ ਦੇ ਮਾਤਾ ਬਲਦੀਪ ਕੌਰ ਅਤੇ ਬਾਪੂ ਬਲਦੇਵ ਸਿੰਘ ਜੀ ਨੂੰ ਏ.ਜੀ.ਪੀ.ਸੀ. ਅਤੇ ਗੁਰਦਵਾਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ।

ਦੂਜਾ ਸਮਾਗਮ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਹੋਇਆ, ਜਿੱਥੇ ਸੰਗਤਾਂ ਦੇ ਵੱਡੇ ਇਕੱਠ ਵਿੱਚ ਬੁਲਾਰਿਆਂ ਨੇ ਸ਼ਹੀਦਾਂ ਦੇ ਜੀਵਨ, ਪਰਿਵਾਰਾਂ ਦੇ ਸੰਘਰਸ਼ ਅਤੇ ਮੌਜੂਦਾ ਹਾਲਾਤ ਬਾਰੇ ਚਾਨਣਾ ਪਾਇਆ। ਗਿਆਨੀ ਗੁਰਭੇਜ ਸਿੰਘ ਨੇ ਕਥਾ ਰਾਹੀਂ ਆਪਣੇ ਵਿਚਾਰ ਸਰਵਣ ਕਰਵਾਏ ਅਤੇ ਵਾਸ਼ਿੰਗਟਨ ਡੀ.ਸੀ. ਤੋਂ ਉਚੇਚੇ ਪੁੱਜੇ ਡਾ. ਅਮਰਜੀਤ ਸਿੰਘ ਨੇ ਸਾਕਾ ਨਕੋਦਰ ਤੋਂ ਲੈ ਕੇ ਹੁਣ ਤੱਕ ਹੋਈ ਸਿੱਖਾਂ ਦੀ ਖੱਜਲ-ਖੁਆਰੀ ਨੂੰ ਆਪਣੀ ਤਕਰੀਰ ਵਿੱਚ ਪੇਸ਼ ਕੀਤਾ। ਪ੍ਰਬੰਧਕ ਕਮੇਟੀ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਲੰਗਰ ਹਾਲ ਵਿੱਚ ਲਗਾਉਣ ਦੇ ਨਾਲ ਸ਼ਹੀਦ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਸੰਗਤ ਵਲੋਂ ਸ਼ਹੀਦ ਪਰਿਵਾਰਾਂ ਨਾਲ ਬੇਹੱਦ ਅਪਣੱਤ ਦਾ ਇਜ਼ਹਾਰ ਕੀਤਾ ਗਿਆ ਅਤੇ ਸਿੰਘਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਪਰਿਵਾਰਾਂ ਦੇ ਹੌਂਸਲੇ ਦੀ ਦਾਦ ਦਿੱਤੀ ਗਈ।
ਸਾਕਾ ਨਕੋਦਰ ਬਾਰੇ ਵਧੇਰੇ ਜਾਣਕਾਰੀ ਲਈ ਪੜ੍ਹੋ:
ਵਰਦੀਧਾਰੀ ਦਹਿਸ਼ਤਗਰਦਾਂ ਵਲੋਂ ਹੋਈ ਸਿੱਖ ਨਸਲਕੁਸ਼ੀ ਦੀ ਬਾਤ ਪਾਉਂਦਾ ਹੈ “ਸਾਕਾ ਨਕੋਦਰ” (4 ਫਰਵਰੀ 1986) …