ਐਸਏਐਸ ਨਗਰ (6 ਦਸੰਬਰ, 2015): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦਾ ਆਮ ਆਦਮੀ ਪਾਰਟੀ ਪੰਜਾਬ ਦੀ ਨੌਜਵਾਨ ਇਕਾਈ ਵੱਲੋਂ ਘਿਰਾਓੁ ਕਰਨ ਜਾ ਰਹੇ ਨੌਜਵਾਨ ਕਾਰਕੂਨਾ ਦਾ ਚੰਡੀਗੜ੍ਹ ਪਲਿਸ ਨੇ ਪਾਣੀ ਦੀ ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਸਵਾਗਤ ਕੀਤਾ।
ਆਮ ਆਦਮੀ ਪਾਰਟੀ (ਆਪ) ਦੇ ਯੂਥ ਵਿੰਗ ਦੇ ਕਨਵੀਨਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਬਰਖਾਸਤ ਕਰਨ ਲਈ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਪਾਰਟੀ ਕਾਰਕੁਨਾਂ ’ਤੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਦਾਗੇ।

ਇਸ ਦੌਰਾਨ ਕਈ ਵਾਲੰਟੀਅਰਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਮਹਿਲਾ ਵਿੰਗ ਦੀ ਸੂਬਾਈ ਕਨਵੀਨਰ ਪ੍ਰੋ. ਬਲਜਿੰਦਰ ਕੌਰ ਤੇ ਪੰਜਾਬੀ ਜਾਗਰਣ ਦੀ ਜ਼ਿਲ੍ਹਾ ਇੰਚਾਰਜ ਜ਼ਾਹਿਦਾ ਸੁਲੇਮਾਨ ਸਣੇ ਕਈ ਹੋਰ ਮੀਡੀਆ ਕਰਮੀਅਾਂ ਤੇ ਵਲੰਟੀਅਰਾਂ ਦੇ ਸੱਟਾਂ ਲੱਗੀਆਂ। ਜ਼ਾਹਿਦਾ ਦੇ ਸੱਜੇ ਪੈਰ ਵਿੱਚ ਮੋਚ ਆਈ ਹੈ। ਮਾਲੇਰਕੋਟਲਾ ਦਾ ਵਾਲੰਟੀਅਰ ਮੁਹੰਮਦ ਸਦੀਕ ਗੋਡੇ ’ਤੇ ਅੱਥਰੂ ਗੈਸ ਦਾ ਗੋਲਾ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਐਤਵਾਰ ਨੂੰ ਸਵੇਰੇ ਸਾਢੇ 10 ਵਜੇ ਪੰਜਾਬ ਭਰ ’ਚੋਂ ਆਪ ਦੇ ਵਾਲੰਟੀਅਰ ਇੱਥੋਂ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਸਾਹਮਣੇ ਗਮਾਡਾ ਦੇ ਪਾਰਕ ਵਿੱਚ ਪਹੁੰਚਣੇ ਸ਼ੁਰੂ ਹੋਏ ਸਨ ਅਤੇ 12.30 ਤਕ ਵਲੰਟੀਅਰ ਵੱਡੀ ਗਿਣਤੀ ਵਿੱਚ ਇਕੱਤਰ ਹੋ ਗਏ ਸਨ। ਇਸ ਮਗਰੋਂ ਸਾਰੇ ਵਲੰਟੀਅਰ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐਸ) ਚੌਕ ਨੇੜੇ ਪੁੱਜੇ।
ਉਨ੍ਹਾਂ ਅਕਾਲੀ-ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ‘ਆਪ’ ਆਗੂਆਂ ਨੇ ਮੰਗ ਕੀਤੀ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ। ਕਰੀਬ ਡੇਢ ਵਜੇ ਯੂਥ ਵਿੰਗ ਦੇ ਕਨਵੀਨਰ ਦੀ ਅਗਵਾਈ ਹੇਠ ‘ਆਪ’ ਵਾਲੰਟੀਅਰਾਂ ਨੇ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਬਾਦਲ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ ਪਰ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਨਾ ਜਾਣ ਦਿੱਤਾ। ਇਸ ’ਤੇ ਉਨ੍ਹਾਂ ਨੇ ਸੜਕ ’ਤੇ ਧਰਨਾ ਲਗਾ ਦਿੱਤਾ ਅਤੇ ਮਗਰੋਂ ਉਨ੍ਹਾਂ ਪੁਲੀਸ ਦਾ ਘੇਰਾ ਤੋੜ ਕੇ ਅੱਗੇ ਲੰਘਣ ਦਾ ਯਤਨ ਕੀਤਾ। ਇਸ ਕਾਰਨ ਚੰਡੀਗੜ੍ਹ ਪੁਲੀਸ ਵੱਲੋਂ ਵਾਲੰਟੀਅਰਾਂ ਨੂੰ ਖਦੇੜਨ ਲਈ ਹਲਕਾ ਲਾਠੀਚਾਰਜ ਕਰਦਿਆਂ ਉਨ੍ਹਾਂ ’ਤੇ ਪਾਣੀ ਦੀਆਂ ਬੁਛਾੜਾਂ ਛੱਡੀਅਾਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ।
ਇਸ ਬਾਅਦ ਪ੍ਰਦਰਸ਼ਨਕਾਰੀਆਂ ਨੇ ਵਾਪਸ ਵਾਈਪੀਐਸ ਚੌਕ ’ਤੇ ਪਹੁੰਚ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਘਰਾਂ ਨੂੰ ਮੁਡ਼ ਗਏ। ਇਸ ਤੋਂ ਪਹਿਲਾਂ ਸ੍ਰੀ ਬੈਂਸ ਨੇ ਕਿਹਾ ਕਿ ਤੋਤਾ ਸਿੰਘ ਨੂੰ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ। ਉਨ੍ਹਾਂ ਖ਼ਿਲਾਫ਼ ਮੁਹਾਲੀ ਦੀ ਅਦਾਲਤ ਵਿੱਚ ਵੀ ਕੇਸ ਚੱਲ ਰਿਹਾ ਹੈ।
ਪਾਰਟੀ ਦੇ ਬੀਬੀਆਂ ਦੇ ਵਿੰਗ ਦੀ ਸੂਬਾਈ ਕਨਵੀਨਰ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਨਕਲੀ ਬੀਜ ਤੇ ਕੀਟਨਾਸ਼ਕ ਦਵਾਈਆਂ ਦੇ ਘਪਲੇ ਵਿੱਚ ਤੋਤਾ ਸਿੰਘ ਦੀ ਭੂਮਿਕਾ ਦੀ ਸੱਚਾਈ ਸਾਹਮਣੇ ਲਿਆਉਣ ਲਈ ਇਸ ਮਾਮਲੇ ਦੀ ਹਾਈ ਕੋਰਟ ਦੇ ਸੇਵਾਮੁਕਤ ਜੱਜ ਤੋਂ ਸਮਾਂਬੱਧ ਜਾਂਚ ਕਰਾਈ ਜਾਵੇ। ਆਪ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਮਾਵੀ ਤੇ ਸ਼ਰਨਜੀਤ ਸਿੰਘ ਜੋਗੀਪੁਰ ਨੇ ਕਿਹਾ ਕਿ ਅਕਾਲੀ-ਭਾਜਪਾ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ।