ਫ਼ਤਿਹਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਵਿਖੇ ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਯੋਗਦਾਨ ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ‘ਮਰਜੀਵੜਾ ਜਸਵੰਤ ਸਿੰਘ ਖਾਲੜਾ’ ਦੀ ਲੇਖਕ ਅਤੇ ਪ੍ਰਸਿੱਧ ਬਿਰਤਾਂਤਕਾਰ ਗੁਰਮੀਤ ਕੌਰ ਮੁੱਖ ਵਕਤਾ ਵਜੋਂ ਸ਼ਾਮਲ ਹੋਏ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦਾ ਸੰਘਰਸ਼ ਗੁਰਮਤਿ ਦੇ ਬਰਾਬਰੀ ਅਤੇ ਆਜ਼ਾਦੀ ਦੇ ਸਿਧਾਂਤਾਂ ਦੀ ਰਾਖੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਹੱਕਾਂ ਦਾ ਮਸਲਾ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਬੇਹੱਦ ਮਹੱਤਵਪੂਰਨ ਸਰੋਕਾਰ ਹੈ ਅਤੇ ਕਿਸੇ ਵੀ ਸਮਾਜ ਦੇ ਸਵੈਮਾਣ ਅਤੇ ਪਰੰਪਰਾਵਾਂ ਦੀ ਰਾਖੀ ਲਈ ਮਨੁੱਖੀ ਹੱਕਾਂ ਦੀ ਬਹਾਲੀ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਮੁੱਖ ਵਕਤਾ ਗੁਰਮੀਤ ਕੌਰ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਨਾ ਸਿਰਫ਼ ਸਿੱਖ ਨੌਜਵਾਨਾਂ ਦੇ ਹੱਕਾਂ ਦੀ ਰਾਖੀ ਲਈ ਉਪਰਾਲੇ ਕੀਤੇ, ਸਗੋਂ ਉਨ੍ਹਾਂ ਨੇ ਹਿੰਦੂ ਨੌਜਵਾਨਾਂ ਉੱਪਰ ਹੋਏ ਪੁਲਿਸ ਅੱਤਿਆਚਾਰ ਨੂੰ ਵੀ ਆਪਣੀ ਖੋਜ ਅਤੇ ਦਸਤਾਵੇਜ਼ੀਕਰਨ ਦਾ ਹਿੱਸਾ ਬਣਾਇਆ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਔਰਤਾਂ, ਦਲਿਤਾਂ ਅਤੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਵੀ ਮੁੱਲਵਾਨ ਯੋਗਦਾਨ ਪਾਇਆ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਵੱਲੋਂ ਕੀਤੇ ਕਾਰਜ ਨਾਲ ਅਸਲ ਨਿਆਂ ਉਦੋਂ ਹੀ ਹੋਵੇਗਾ, ਜਦੋਂ ਦੋਸ਼ੀ ਵਿਅਕਤੀਆਂ ਨੂੰ ਬਣਦੀ ਸਜ਼ਾ ਅਤੇ ਮਜਲੂਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣਗੇ।
ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਦੇ ਕਨਵੀਨਰ ਅਤੇ ਡੀਨ, ਫੈਕਲਟੀ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼, ਡਾ. ਹਰਦੇਵ ਸਿੰਘ ਨੇ ਸਮਾਗਮ ਦੀ ਰੂਪ-ਰੇਖਾ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਅਸਲ ਸਰੋਕਾਰਾਂ ਨੂੰ ਅਕਾਦਮਿਕ ਜਗਤ ਵਿੱਚ ਵਿਚਾਰਨਾ ਬੇਹੱਦ ਜ਼ਰੂਰੀ ਹੈ, ਤਾਂ ਜੋ ਇਨ੍ਹਾਂ ਸਬੰਧੀ ਇੱਕ ਸਾਵੀਂ ਅਤੇ ਮਿਆਰੀ ਦ੍ਰਿਸ਼ਟੀ ਪੈਦਾ ਕੀਤੀ ਜਾ ਸਕੇ।
ਇਸ ਦੌਰਾਨ ਡੀਨ ਰਿਸਰਚ ਪ੍ਰੋ. (ਡਾ.) ਨਵਦੀਪ ਕੌਰ ਨੇ ਵਿਦਵਾਨ ਵਕਤਾ, ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਵਿਚਾਰ-ਚਰਚਾ ਨੂੰ ਸਾਰਥਕ ਦੱਸਿਆ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮਹੱਤਵਪੂਰਨ ਵਿਸ਼ਿਆਂ ’ਤੇ ਅਕਾਦਮਿਕ ਚਰਚਾ ਕਰਨਾ ਸਮੇਂ ਦੀ ਲੋੜ ਹੈ।
ਸਮਾਗਮ ਦੌਰਾਨ ਮੰਚ ਸਕੱਤਰ ਦੀ ਭੂਮਿਕਾ ਡਾ. ਪਲਵਿੰਦਰ ਕੌਰ, ਸਹਾਇਕ ਪ੍ਰੋਫੈਸਰ, ਧਰਮ ਅਧਿਐਨ ਵਿਭਾਗ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਖੁਸ਼ਹਾਲ ਸਿੰਘ, ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ; ਸਿੱਖ ਵਿਦਵਾਨ ਰਾਜਵਿੰਦਰ ਸਿੰਘ ਰਾਹੀ; ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਸਤਨਾਮ ਸਿੰਘ ਤੋਂ ਇਲਾਵਾ ਡਾਇਰੈਕਟਰ ਆਈ.ਕਿਊ.ਏ.ਸੀ. ਡਾ. ਅੰਕਦੀਪ ਕੌਰ ਅਟਵਾਲ, ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ, ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਮੁਖੀ, ਰਾਜਨੀਤੀ ਸ਼ਾਸਤਰ ਵਿਭਾਗ ਡਾ. ਰਮਨਦੀਪ ਕੌਰ, ਇੰਚਾਰਜ, ਇਤਿਹਾਸ ਵਿਭਾਗ ਡਾ. ਜਸਪ੍ਰੀਤ ਕੌਰ, ਮੁਖੀ, ਸਰੀਰਕ ਸਿੱਖਿਆ ਵਿਭਾਗ ਡਾ. ਵਰਿੰਦਰ ਸਿੰਘ ਭੁੱਲਰ ਅਤੇ ਲੋਕ ਸੰਪਰਕ ਅਫਸਰ ਜਸਪ੍ਰੀਤ ਕੌਰ ਹਾਜ਼ਰ ਸਨ।