ਜਲੰਧਰ (6 ਦਸੰਬਰ, 2015): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ‘ਚ ਦਿੱਲੀ ਦੀ ਤਿਹਾੜ ਜੇਲ੍ਹ ‘ਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੇ ਸਮੁੱਚੇ ਸਿੱਖ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਗੂ ਮੰਨ ਕੇ ਕੌਮੀ ਏਕਤਾ ਤੇ ਚੜ੍ਹਦੀਕਲਾ ਦੇ ਮਿਸ਼ਨ ਨੂੰ ਆਰੰਭਣ ਦਾ ਸੁਨੇਹਾ ਦਿੱਤਾ । ਇਹ ਸੁਨੇਹਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਪੇਸ਼ੀ ਦੌਰਾਨ ਸਿੱਖ ਆਗੂਆਂ ਤੇ ਆਪਣੇ ਵਕੀਲਾਂ ਰਾਹੀਂ ਭਾਈ ਹਵਾਰਾ ਨੇ ਭੇਜਿਆ ਹੈ ।

ਉਨ੍ਹਾਂ ਕਿਹਾ ਕਿ ਜੇਕਰ ਸਿੱਖ ਪੰਥ ਚੜ੍ਹਦੀਕਲਾ ‘ਚ ਹੋਵੇਗਾ ਤਾਂ ਉਹ ਕਾਲ ਕੋਠੜੀਆਂ ‘ਚ ਵੀ ਚੜ੍ਹਦੀਕਲਾ ‘ਚ ਹੀ ਰਹਿਣਗੇ ।
ਬੇਅਦਬੀ ਦੀਆਂ ਘਟਨਾਵਾਂ ਬਾਰੇ ਭਾਈ ਹਵਾਰਾ ਨੇ ਕਿਹਾ ਕਿ ਸਿੱਖ ਕੌਮ ਨੂੰ ਸਰਕਾਰਾਂ ਤੋਂ ਆਸ ਛੱਡ ਕੇ ਖੁਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਸੁਚੇਤ ਹੋਣਾ ਪਵੇਗਾ ।
ਇਸ ਮੌਕੇ ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਹਰਪਾਲ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਗੀ ਭਾਈ ਬਲਦੀਪ ਸਿੰਘ, ਕੁਮਿੱਕਰ ਸਿੰਘ ਮੁਕੰਦਪੁਰ, ਐਡਵੋਕੇਟ ਮਨਿੰਦਰ ਸਿੰਘ, ਹਰਵਿੰਦਰ ਸਿੰਘ ਦਿੱਲੀ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰਮੁਹੰਮਦ ਸਮੇਤ ਵੱਡੀ ਗਿਣਤੀ ‘ਚ ਸਿੱਖ ਨੌਜਵਾਨ ਹਾਜ਼ਰ ਸਨ ।