ਦਿੱਲੀ: ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ ਕਰਨ ਪਟਿਆਲਾ ਹਾਊਸ ਕੋਰਟ ਕੰ ਪਲੈਕਸ ਗਏ ਸਨ। ਜਿਸ ਪਿੱਛੋਂ ਜਦੋਂ ਉਹ ਉਹਨਾਂ ਨਾਲ ਮੁਲਾਕਾਤ ਕਰਨ ਤਿਹਾੜ ਜੇਲ ਵਿੱਚ ਗਏ ਤਾਂ ਤਿਹਾੜ ਜੇਲ ਦੇ ਅਧਿਕਾਰੀਆਂ ਨੇ ਐਡਵੋਕੇਟ ਵਕੀਲ ਜਸਪਾਲ ਸਿੰਘ ਮੰਝਪੁਰ ਦੀ ਕਿਰਪਾਨ ‘ਤੇ ਇਤਰਾਜ ਜਤਾਉਂਦਿਆਂ ਬੰਦੀ ਸਿੱਖਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ। ਵਕੀਲ ਮੰਝਪੁਰ ਪਿਛਲੇ 20 ਸਾਲਾਂ ਤੋਂ ਬੰਦੀ ਸਿੱਖਾਂ ਦੇ ਕੇਸ ਲੜਦੇ ਆ ਰਹੇ ਹਨ।

ਵਕੀਲ ਮੰਝਪੁਰ ਦੇ ਅਨੁਸਾਰ ਜੇਲ ਅਧਿਕਾਰੀ (ਸੀ.ਪੀ.ਆਰ.ਓ 1 ਦੇ ਇੰਚਾਰਜ) ਨੂੰ ਉਹਨਾਂ ਦੱਸਿਆ ਕਿ ਉਹ ਪਿਛਲੇ ਦੋ ਦਹਾਕੇ ਤੋਂ ਵੱਖ-ਵੱਖ ਬੰਦੀ ਸਿੰਘਾਂ ਦੇ ਵਕੀਲ ਹਨ ਤਾਂ ਉਸ ਜੇਲ ਅਧਿਕਾਰੀ ਦਾ ਜਵਾਬ ਸੀ ਕਿ ਉਸਨੇ ਪਿਛਲੇ 3 ਸਾਲਾਂ ਤੋਂ ਕਿਸੇ ਨੂੰ ਵੀ ਕਿਰਪਾਨ ਰਾਹੀਂ ਅੰਦਰ ਜਾਣ ਨਹੀਂ ਦਿੱਤਾ।

ਵਕੀਲ ਜਸਪਾਲ ਸਿੰਘ ਮੰਝਪੁਰ ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਦਇਆ ਸਿੰਘ ਲਹੌਰੀਆ, ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ, ਜਗਤਾਰ ਸਿੰਘ ਉਰਫ ਜੱਗੀ ਜੋਹਲ ਸਮੇਤ ਕਈ ਬੰਦੀ ਸਿੰਘਾਂ ਦੇ ਵਕੀਲ ਰਹੇ ਹਨ।
ਵਕੀਲ ਮੰਝਪੁਰ 2019 ਤੋਂ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਦੀ ਕੇਸਾਂ ਦੀ ਪੈਰਵਾਈ ਕਰ ਰਹੇ ਹਨ। ਵਕੀਲ ਮੰਝਪੁਰ 2019 ਤੋਂ ਹੀ ਉਹਨਾਂ ਨਾਲ ਅਕਸਰ ਤਿਹਾੜ ਜੇਲ ਦੇ ਵਿੱਚ ਮੁਲਾਕਾਤ ਕਰਦੇ ਰਹਿੰਦੇ ਹਨ।
ਤਿਹਾੜ ਜੇਲ ਦੇ ਵਿੱਚ ਵਕੀਲ ਮੰਝਪੁਰ ਨੂੰ ਕਿਰਪਾਨ ਪਹਿਣ ਕੇ ਜਾਣ ‘ਤੇ ਉਸ ਦਿਨ ਰੋਕਿਆ ਜਦੋਂ ਪੂਰੀ ਦੁਨੀਆਂ ਦੇ ਵਿੱਚ ਮਨੁੱਖੀ ਅਧਿਕਾਰ ਦਿਹਾੜਾ (10 ਦਸੰਬਰ) ਮਨਾਇਆ ਜਾ ਰਿਹਾ ਸੀ।