ਜੈਤੋ (6 ਦਸੰਬਰ, 2015): ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਇੱਥੇ ਗੁਰਗੁਆਰਾ ਸਾਹਿਬ ਵਿੱਚ ਲਾਗੂ ਕਰਨ ਵਿੱਚ ਗੁਰਦੁਆਰਾ ਪ੍ਰਬੰਧਕਾਂ ਖੜੀਆਂ ਕੀਤੀਆਂ ਰੁਕਾਵਟਾਂ ਦੇ ਰੋਸ ਵਜੌਂ ਗੁਰਦੁਆਰਾ ਗੰਗਸਰ ਸਾਹਿਬ ਦੇ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ।
ਉਨ੍ਹਾਂ ਗੁਰਦੁਆਰਾ ਗੰਗਸਰ ਸਾਹਿਬ ਦੇ ਮੈਨੇਜਰ ਨੂੰ ਸੌਂਪੇ ਆਪਣੇ ਤਿਆਗ ਪੱਤਰ ਵਿੱਚ ਲਿਖਿਆ ਹੈ ਕਿ ਅਹੁਦਾ ਤਿਆਗਣ ਦੀ ਪਹਿਲਾ ਕਾਰਨ ਉਨ੍ਹਾਂ ਵੱਲੋਂ ਰਹਿਤ ਮਰਿਯਾਦਾ ਅਨੁਸਾਰ ਕੀਤੀ ਜਾ ਰਹੀ ਸੇਵਾ ਵਿੱਚ ਪ੍ਰਬੰਧਕੀ ਢਾਂਚੇ ਵੱਲੋਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਰੁਕਾਵਟਾਂ ਹਨ। ਦੂਜਾ ਕਾਰਨ ੳੁਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਧਾਰਨ ਕੀਤੇ ਕਥਿਤ ਨਾਂਹ-ਪੱਖੀ ਵਤੀਰੇ ਨੂੰ ਦੱਸਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਚਾਲਿਤ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ (ਪਾਤਸ਼ਾਹੀ ਦਸਵੀਂ) ਦੇ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਆਪਣੇ ਅਸਤੀਫੇ ਵਿੱਚ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ‘ਤੇ ਕਈ ਸਵਾਲ ਉਠਾਏ ਹਨ।
ਇਸ ਫੈਸਲੇ ਮਗਰੋਂ ਉਨ੍ਹਾਂ ਨੂੰ ਸੰਗਤ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਤਪਾਲ ਸਿੰਘ, ਜਸਵੰਤ ਸਿੰਘ, ਉਜਾਗਰ ਸਿੰਘ, ਪ੍ਰਕਾਸ਼ ਸਿੰਘ, ਹਰਪ੍ਰੀਤ ਸਿੰਘ, ਗੁਰਚਰਨ ਸਿੰਘ, ਗੋਪਾਲ ਸਿੰਘ, ਕਰਮਜੀਤ ਸਿੰਘ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਬੀਬੀ ਰਾਜਿੰਦਰ ਕੌਰ ਸਮੇਤ ਕਾਫ਼ੀ ਸੰਗਤ ਹਾਜ਼ਰ ਸੀ।
ਸੰਪਰਕ ਦੌਰਾਨ ਗੁਰਦੁਆਰਾ ਗੰਗਸਰ ਸਾਹਿਬ ਦੇ ਮੈਨੇਜਰ ਸਾਰਜ ਸਿੰਘ ਨੇ ਗ੍ਰੰਥੀ ਰਣਜੀਤ ਸਿੰਘ ਵੱਲੋਂ ਪ੍ਰਬੰਧਕਾਂ ‘ਤੇ ਅੜਿੱਕੇ ਡਾਹੁਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਇਨ੍ਹਾਂ ਨੂੰ ਬੇਬੁਨਿਆਦ ਦੱਸਿਆ। ਅਸਤੀਫ਼ਾ ਪ੍ਰਾਪਤ ਹੋਣ ਦੀ ਉਨ੍ਹਾਂ ਪੁਸ਼ਟੀ ਕੀਤੀ ਅਤੇ ਕਿਹਾ ਕਿ ਅਸਤੀਫ਼ੇ ਬਾਰੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਨੂੰ ਸੂਚਨਾ ਭੇਜ ਦਿੱਤੀ ਹੈ।