ਭਾਈ(ਵੀਰ ਸਿੰਘ) ਸਾਹਿਬ ਦੀ ਛੋਹ ਮਾਤ੍ਰ ਹੀ ਕਵੀ ਬਣਾ ਦੇਂਦੀ ਹੈ। ਮੈਂ ਨਿਰਅੱਖਰ ਮਰਦ ਤੇ ਤੀਵੀਆਂ ਨੂੰ ਵੇਖਿਆ ਹੈ ਕਿ ਉਨ੍ਹਾਂ ਦੇ ਕੋਲ ਬੈਠਣ ਨਾਲ ਹੀ ਉਹ ਕਵਿਤਾ (ਦੇ ਭਾਵਾਂ) ਨਾਲ ਚਮਕ ਉਠਦੇ ਹਨ। ਮੈਂ ਉਨ੍ਹਾਂ ਦੇ ਕਮਰਿਆਂ ਵਿਚ ਭੌਂਦਾ ਹਾਂ, ਉੱਥੇ ਬਹਿੰਦਾ ਹਾਂ, ਉਥੇ ਖੜੋਂਦਾ ਹਾਂ, ਕੁਝ ਨਾ ਕਰਦਾ, ਕੁਝ ਨਾ ਸੋਚਦਾ, ਕੇਵਲ ਹੈਰਾਨ ਹੁੰਦਾ ਤੇ ਸ਼ਲਾਘਾ ਵਿਚ ਜਾਂਦਾ ਹਾਂ, ਉਨ੍ਹਾਂ ਨਾਲ ਬਹਿ ਕੇ ਚਾਹ ਪੀਂਦਾ ਯਾ ਉਨ੍ਹਾਂ ਨਾਲ ਸਵੇਰ ਦਾ ਪ੍ਰਸ਼ਾਦਾ ਛਕਦਾ। ਜਦੋਂ ਉਹ ਅਸ਼ਨਾਨ ਕਰਦੇ, ਪ੍ਰਸ਼ਾਦ ਛਕਦੇ, ਗੱਲਾਂ ਕਰਦੇ ਯਾ ਸੁਣਦੇ ਤਾਂ ਉਨ੍ਹਾਂ ਵੱਲ ਤੱਕਦਾ ਰਹਿੰਦਾ ਹਾਂ, ਤੇ ਜਦੋਂ ਮੁੜ ਘਰ ਆਉਂਦਾ ਹਾਂ ਤਾਂ ਆਪਣੇ ਆਪ ਨੂੰ ਇਕ ਇਲਾਹੀ ਪ੍ਰਕਾਸ਼ ਨਾਲ ਭਰਪੂਰ ਵੇਖਦਾ ਹਾਂ। ਮੇਰਾ ਅੰਤਹਕਰਣ ਪ੍ਰਕਾਸ਼ਮਈ, ਰੱਬੀ ਜਲਾਲ, ਮਿਹਰ ਦੇ ਪ੍ਰੇਮ ਨਾਲ ਭਰਪੂਰ ਹੁੰਦਾ ਹੈ। ਉਨ੍ਹਾਂ ਦਾ ਦਰਸ਼ਨ ਕਰਕੇ ਮੈਨੂੰ ਆਪਣਾ ਆਪ ਸੁਹਣਾ ਲਗਦਾ ਹੈ ਕਿ ਮੈਨੂੰ ਆਪਣਾ ਆਪਾ ਪਿਆਰ ਕਰਨ, ਸਤਿਕਾਰ ਕਰਨ ਤੇ ਸਲਾਹੁਣ ਜੋਗ ਭਾਸਦਾ ਹੈ। ਐਉਂ ਜਾਪਦਾ ਹੈ ਕਿ ਮੈਂ ਆਪਣੇ (ਇਸ ਉਨ੍ਹਾਂ ਦੇ ਦਰਸ਼ਨ ਦੇ ਜਾਗੇ) ਆਪੇ ਦੀ ਪੂਜਾ ਕਰਦਾ ਹਾਂ। ਮੇਰਾ ਆਪਣਾ ਆਪਾ ਬਹੁਤ ਹੀ (ਕਾਵਯ) ਰਚਨਾ ਵਾਲਾ ਭਾਸਦਾ ਹੈ।
