Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
International Sikh Confederation hosts discussion on Akal Takht Sahib

ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨੇ “ਅਕਾਲ ਤਖਤ: ਸਿਧਾਂਤ ਅਤੇ ਸੰਸਥਾਨ” ਵਿਸ਼ੇ ‘ਤੇ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ

ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨੇ “ਅਕਾਲ ਤਖਤ: ਸਿਧਾਂਤ ਅਤੇ ਸੰਸਥਾਨ” ਵਿਸ਼ੇ ‘ਤੇ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ

ਚੰਡੀਗੜ੍ਹ: ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ 27 ਜੂਨ 2026 ਦਿਨ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 36 ਸਥਿਤ ਪੀਪਲਸ ਕਨਵੈਂਸ਼ਨ ਸੈਂਟਰ ਵਿਖੇ “ਅਕਾਲ ਤਖਤ: ਸਿਧਾਂਤ ਅਤੇ ਸੰਸਥਾਨ” ਵਿਸ਼ੇ ਉੱਪਰ ਇੱਕ ਵਿਚਾਰ ਚਰਚਾ ਕਰਵਾਈ ਗਈ।

ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਡਾ. ਬਰਿੰਦਰਾ ਕੌਰ ਨੇ ਕਿਹਾ ਕਿ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ ਅਕਾਲ ਤਖਤ ਸਾਹਿਬ ਦੇ ਸਿਧਾਂਤ ਅਤੇ ਸੰਸਥਾ ਨਾਲ ਜੁੜੇ ਵਿਸ਼ੇ ਨੂੰ ਅਕਾਦਮਿਕ ਚਰਚਾ ਦੇ ਕੇਂਦਰ ਵਿੱਚ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਦਵਾਨਾਂ ਦੀ ਭੂਮਿਕਾ ਸਿਧਾਂਤ ਅਤੇ ਸੰਸਥਾ ਵਿਚਕਾਰ ਪੁਲ ਵਾਲੀ ਹੁੰਦੀ ਹੈ। ਜਦੋਂ ਕਿਸੇ ਸੰਸਥਾ ਦੇ ਕਾਰ ਵਿਹਾਰ ਵਿੱਚ ਸਿਧਾਂਤ ਦੇ ਪੱਖ ਤੋਂ ਕਮੀਆਂ ਆ ਜਾਣ ਤਾਂ ਵਿਦਵਾਨਾਂ ਨੇ ਉਹਨਾਂ ਕਮੀਆਂ ਦੀ ਨਿਸ਼ਾਨਦੇਹੀ ਕਰਕੇ ਦੂਰ ਕਰਨ ਲਈ ਸੁਝਾਅ ਦੇਣਾ ਹੁੰਦਾ ਹੈ।

International Sikh Confederation hosts discussion on Akal Takht Sahib
ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ ਅਕਾਲ ਤਖਤ ਸਾਹਿਬ ਦੇ ਸਿਧਾਂਤ ਅਤੇ ਸੰਸਥਾਨ ਬਾਰੇ ਵਿਚਾਰ-ਚਰਚਾ ਕਰਵਾਈ ਗਈ

ਇਸ ਮੌਕੇ ਡਾ. ਅਮਰਜੀਤ ਸਿੰਘ ਗਰੇਵਾਲ ਨੇ ਆਪਣਾ ਕੁੰਜੀਵਤ ਭਾਸ਼ਣ ਪੇਸ਼ ਕੀਤਾ। ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਇਮਾਰਤ ਨਹੀਂ ਬਲਕਿ ਸਿਧਾਂਤ ਹੈ। ਅਕਾਲ ਤਖਤ ਸਾਹਿਬ ਅਹੁਦਾ ਨਹੀਂ, ਅਕਾਲ ਤਖਤ ਗੁਰੂ ਪੰਥ ਦੀ ਗੁਰਮਤਿ ਅਧਾਰਤ ਜਮੀਰ ਹੈ। ਅਕਾਲ ਤਖਤ ਹਕੂਮਤ ਨਹੀਂ, ਅਕਾਲ ਤਖਤ ਸਰਬੱਤ ਦੇ ਭਲੇ ਦੀ ਜਵਾਬਦੇਹ ਸੇਵਾ ਹੈ।

ਆਪਣੇ ਪਰਚੇ ਵਿੱਚ ਉਹਨਾਂ ਅਕਾਲ ਤਖਤ ਦੇ ਮੂਲ ਸਿਧਾਂਤ, ਅਕਾਲ ਤਖਤ ਦੀ ਅਥਾਰਟੀ ਕਿੱਥੋਂ ਹੁੰਦੀ ਹੈ, ਅੱਜ ਦਾ ਵਿਰੋਧਾਭਾਸ, ਖੁਦਮੁਖਤਿਆਰੀ ਦੇ ਅਰਥ, ਪਾਰ-ਰਾਸ਼ਟਰੀ ਯੁੱਗ ਵਿੱਚ ਅਕਾਲ ਤਖਤ, ਸਿੱਖ ਦੁਨੀਆਂ ਨੂੰ ਕੀ ਦੇ ਸਕਦੇ ਹਨ, ਮਿਸ਼ਨ ਨੂੰ ਅੱਗੇ ਕਿਵੇਂ ਵਧਾਇਆ ਜਾਵੇ, ਮਿਸ਼ਨ ਦੀ ਭਾਸ਼ਾ ਅਤੇ ਅੰਤਿਮ ਅਪੀਲ ਸਿਰਲੇਖਾਂ ਹੇਠ ਆਪਣੇ ਵਿਚਾਰ ਸਾਂਝੇ ਕੀਤੇ।

ਅਕਾਲ ਤਖਤ ਸਾਹਿਬ ਦੇ ਪ੍ਰਬੰਧ ਬਾਰੇ ਕੀਤੇ ਜਾਣ ਵਾਲੇ ਪੰਜ ਕਾਰਜਾਂ ਬਾਰੇ ਉਹਨਾਂ ਕਿਹਾ ਕਿ ਅਕਾਲ ਤਖਤ ਦਾ ਆਪਣਾ ਸੰਵਿਧਾਨ ਚਾਹੀਦਾ ਹੈ, ਸਰਬੱਤ ਪੰਥਕ ਸੰਸਦ ਹੋਂਦ ਵਿੱਚ ਹੋਣੀ ਚਾਹੀਦੀ ਹੈ, ਜਥੇਦਾਰ ਦੀ ਚੋਣ ਸੁਤੰਤਰ ਹੋਣੀ ਚਾਹੀਦੀ ਹੈ, ਅਕਾਲ ਤਖਤ ਦਾ ਗਲੋਬਲ ਸਕੱਤਰ ਚਾਹੀਦਾ ਹੈ, ਗਲੋਬਲ ਸੰਗਤ ਫੰਡ ਬਣਨਾ ਚਾਹੀਦਾ ਹੈ, ਅਤੇ ਫੈਸਲਾ ਪ੍ਰਕਿਰਿਆ ਨਿਆਂਯੋਗ ਹੋਣੀ ਚਾਹੀਦੀ ਹੈ।

ਡਾ. ਕੇਹਰ ਸਿੰਘ ਨੇ ਕਿਹਾ ਕਿ ਡਾ. ਅਮਰਜੀਤ ਸਿੰਘ ਗਰੇਵਾਲ ਦੇ ਪਰਚੇ ਵਿੱਚ ਦਰਸਾਈ ਗਈ ਸਿਧਾਂਤਕ ਸੇਧ ਦੀ ਸਿਫਤ ਕਰਨੀ ਬਣਦੀ ਹੈ। ਉਹਨਾਂ ਕਿਹਾ ਕਿ ਸਿਧਾਂਤਕ ਚਰਚਾ ਆਪਣੀ ਥਾਂ ਅਹਿਮ ਅਤੇ ਜਰੂਰੀ ਹੈ ਪਰ ਵੱਡੀ ਗੱਲ ਵਿਹਾਰਕਤਾ ਦੀ ਹੈ, ਜਿਸ ਬਾਰੇ ਗੱਲ ਬਹੁਤ ਘੱਟ ਹੋ ਰਹੀ ਹੈ। ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਸਬੰਧੀ ਸਿਧਾਂਤਕ ਪੱਖ ਤਾਂ ਸਪਸ਼ਟ ਹੈ ਪਰ ਵਿਹਾਰਕ ਪੱਖੋਂ ਕੀ ਕੀਤਾ ਜਾ ਸਕਦਾ ਹੈ, ਇਸ ਬਾਰੇ ਚਰਚਾ ਹੋਣੀ ਚਾਹੀਦੀ ਹੈ, ਸਿਰਫ ਵਿਚਾਰਾਂ ਤੱਕ ਸੀਮਤ ਰਹਿਣਾ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਮੌਜੂਦਾ ਸਥਾਪਤੀ ਸਮੇਤ ਕਿਸੇ ਨੂੰ ਵੀ ਬਾਹਰ ਨਹੀਂ ਛੱਡਿਆ ਜਾਣਾ ਚਾਹੀਦਾ ਅਤੇ ਇਹ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਸਾਰਿਆਂ ਨਾਲ ਸੰਵਾਦ ਕਿਵੇਂ ਰਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਿਧਾਂਤਕ ਚਰਚਾ ਤੋਂ ਅਗਾਂਹ ਧਰਾਤਲ ਦੀ ਸਥਿਤੀ ਵਿੱਚ ਕਿਵੇਂ ਜਾਣਾ ਹੈ ਇਸ ਬਾਰੇ ਸੋਚਣ ਦੀ ਜਰੂਰਤ ਹੈ।

ਇੰਸਟੀਟਿਊਟ ਆਫ ਸਿੱਖ ਸਟੱਡੀਜ ਦੇ ਉਪ ਪ੍ਰਧਾਨ ਸ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਅਜਿਹੀਆਂ ਵਿਚਾਰ ਚਰਚਾਵਾਂ ਦੀ ਬਹੁਤ ਜਰੂਰਤ ਹੈ। ਉਹਨਾ ਇਸ ਉਪਰਾਲੇ ਲਈ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦੀ ਸ਼ਲਾਘਾ ਕੀਤੀ।

ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਇਸ ਵਿਚਾਰ ਚਰਚਾ ਮੌਕੇ ਪਿਛਲੇ ਸਾਲ ਪੰਥ ਸੇਵਕ ਜਥਾ ਦੁਆਬਾ ਵੱਲੋਂ “ਤਖਤ ਸਾਹਿਬਾਨ ਦੇ ਪ੍ਰਬੰਧ ਬਾਰੇ ਸੁਝਾਅ (ਕਾਰਜ ਖੇਤਰ, ਬਣਤਰ, ਪਾਤਰਤਾ)” ਸਿਰਲੇਖ ਹੇਠ ਜਾਰੀ ਕੀਤੇ ਗਏ ਦਸਤਾਵੇਜ ਵਿੱਚੋਂ ਬੁਨਿਆਦੀ ਨੁਕਤੇ ਸਾਂਝੇ ਕੀਤੇ। ਅਕਾਲ ਤਖਤ ਸਾਹਿਬ ਦੇ ਕਾਰਜ ਖੇਤਰ ਨੂੰ ਬਿਆਨ ਕਰਦਿਆਂ ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਗੁਰਮਤਿ ਦੇ ਸ਼ੁੱਧ ਸਰੂਪ ਦਾ ਰੱਖਿਅਕ, ਸਾਂਝੇ ਨੀਤੀਗਤ ਫੈਸਲੇ ਲੈਣ ਦਾ ਸਿਰਮੌਰ ਮੰਚ, ਖਾਲਸਾ ਰਾਜਸੀ ਜਮਾਤਾਂ ਦਾ ਕੇਂਦਰੀ ਧੁਰਾ, ਸਮੁੱਚੀ ਗੁਰ-ਸੰਗਤਿ ਦਾ ਪ੍ਰਤੀਨਿਧ ਅਤੇ ਧਰਮ ਯੁੱਧ ਪਰਥਾਏ ਸਰਵਉੱਚ ਅਗਵਾਈ ਕਰਤਾ ਹੈ। ਉਹਨਾਂ ਕਿਹਾ ਕਿ ਖਾਲਸਾ ਪੰਥ ਵਿੱਚ ਸਾਂਝੀ ਅਗਵਾਈ ਦਾ ਵਿਧਾਨ ਹੈ, ਇਸ ਕਰਕੇ ਇੱਕ ਪੁਰਖੀ ਜਥੇਦਾਰ ਨੂੰ ਲਗਾਉਣ ਜਾਂ ਲਾਹੁਣ ਦੇ ਵਿਧੀ ਵਿਧਾਨ ਦੀ ਥਾਂ ਸਾਨੂੰ ਇੱਕ ਵਿਆਪਕ ਢਾਂਚਾਗਤ ਤਬਦੀਲੀ ਲਿਆਉਣ ਦੀ ਜਰੂਰਤ ਹੈ।

ਡਾ. ਅਮਰਜੀਤ ਸਿੰਘ ਗਰੇਵਾਲ ਦੇ ਪਰਚੇ ਉੱਪਰ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਇਸ ਪਰਚੇ ਵਿੱਚ ਵੀ ਸਿਰਫ ਇੱਕ ਵਿਅਕਤੀ ਜਥੇਦਾਰ ਬਾਰੇ ਵਿਧੀ ਵਿਧਾਨ ਬਣਾਉਣ ਦੀ ਗੱਲ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਇਸ ਸਮੇਂ ਘੱਟੋ-ਘੱਟ ਪੰਜ ਵਿਆਪਕ ਢਾਂਚੇ ਉਸਾਰਨ ਦੀ ਜਰੂਰਤ ਹੈ ਜਿਨ੍ਹਾਂ ਵਿੱਚ ਗੁਰਸੰਗਤਿ ਪ੍ਰਤੀਨਿਧ ਸਭਾ, ਸਰਬੱਤ ਖਾਲਸਾ, ਪੰਚ ਪ੍ਰਧਾਨੀ ਪੰਚਾਇਤ, ਅਕਾਲ ਤਖਤ ਸੇਵਾ ਸੰਭਾਲ ਜਥਾ ਅਤੇ ਇਸ ਜਥੇ ਦੇ ਮੁਖੀ ਵਜੋਂ ਤਖਤ ਸਾਹਿਬ ਦੇ ਜਥੇਦਾਰ ਬਾਰੇ ਨੇਮ ਵਿਧਾਨ ਬਣਾਉਣ ਦੀ ਜਰੂਰਤ ਹੈ।

ਪੰਥਕ ਤਾਲਮੇਲ ਸੰਗਠਨ ਦੇ ਮੁਖੀ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸਬੰਧੀ ਵਿਧੀ ਵਿਧਾਨ ਬਣਾਉਣ ਦੇ ਯਤਨ ਪਹਿਲਾਂ ਵੀ ਹੋਏ ਹਨ ਪਰ ਇਸ ਦੇ ਬਾਵਜੂਦ ਵੀ ਪ੍ਰਬੰਧ ਦੇ ਹਾਲਾਤ ਲਗਾਤਾਰ ਨਿੱਘਰਦੇ ਹੀ ਗਏ ਹਨ, ਸੋ ਇਸ ਨੂੰ ਦਰੁਸਤ ਕਰਨ ਬਾਰੇ ਕੋਈ ਅਮਲੀ ਪਹਿਲਕਦਮੀ ਹੋਣੀ ਚਾਹੀਦੀ ਹੈ। ਉਹਨਾਂ ਤਜਵੀਜ ਦਿੱਤੀ ਕਿ ਮੌਜੂਦਾ ਸਮੇਂ ਵਿੱਚ ਇੱਕ “ਸ਼ੈਡੋ ਪ੍ਰਬੰਧ” ਬਣਾਉਣ ਲਈ ਯਤਨ ਕੀਤਾ ਜਾਣਾ ਚਾਹੀਦਾ ਹੈ।

International Sikh Confederation hosts discussion on Akal Takht Sahib in Chandigarh on 27 June 2026
ਇੰਟਰਨੈਸ਼ਨ ਸਿੱਖ ਕਨਫੈਡਰੇਸ਼ਨ ਵੱਲੋਂ ਕਰਵਾਈ ਗਈ ਵਿਚਾਰ-ਚਰਚਾ ਦਾ ਇਕ ਹੋਰ ਦ੍ਰਿਸ਼

ਸੀਨੀਅਰ ਸਾਬਕਾ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਮੌਜੂਦਾ ਸਮੇਂ ਪ੍ਰਚਲਿਤ ਨੇਸ਼ਨ ਸਟੇਟ ਦੀ ਬਣਤਰ ਪੇਚੀਦਾ ਹੈ ਅਤੇ ਅਸੀਂ ਆਪਣੇ ਢਾਂਚਿਆਂ ਨੂੰ ਉਸ ਪੱਧਰ ਦੇ ਮੇਲ ਤੱਕ ਨਹੀਂ ਲਿਜਾ ਸਕੇ। ਉਹਨਾਂ ਕਿਹਾ ਕਿ ਸਿੱਖਾਂ ਵਿਚ ਅਠਾਰਵੀਂ ਸਦੀ ਨੂੰ ਬਹੁਤ ਆਦਰਸ਼ਕ ਰੂਪ ਵਿੱਚ ਵੇਖਿਆ ਜਾ ਰਿਹਾ ਹੈ ਹਾਲਾਂਕਿ ਉਸ ਸਮੇਂ ਦੌਰਾਨ ਰਹੀਆਂ ਕਮੀਆਂ ਅਤੇ ਆਈਆਂ ਗਿਰਾਵਟਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਗੁਰਦੁਆਰਾ ਪ੍ਰਬੰਧ ਪੰਥਕ ਹੱਥਾਂ ਵਿੱਚ ਲੈਣ ਵਾਸਤੇ ਚੱਲੀ ਜੱਦੋਜਹਿਦ ਤੋਂ ਬਾਅਦ ਸੰਘਰਸ਼ ਰਾਹੀਂ ਹੋਂਦ ਵਿੱਚ ਆਈ ਪਹਿਲੀ ਸ਼੍ਰੋਮਣੀ ਕਮੇਟੀ ਨੇ ਸਿਧਾਂਤਕ ਤੌਰ ਉੱਪਰ ਬਹੁਤ ਸਪਸ਼ਟਤਾ ਲਿਆਂਦੀ ਸੀ ਪਰ 1925 ਦੇ ਐਕਟ ਅਤੇ ਖਾਸ ਕਰਕੇ 1947 ਤੋਂ ਬਾਅਦ ਸ਼੍ਰੋਮਣੀ ਕਮੇਟੀ ਉੱਪਰ ਵੋਟ ਰਾਜਨੀਤੀ ਭਾਰੀ ਹੋ ਗਈ ਹੈ। ਉਹਨਾਂ ਕਿਹਾ ਕਿ ਸਿੱਖਾਂ ਵਿੱਚ ਸਰਕਾਰੀ ਦਖਲਅੰਦਾਜੀ ਦਾ ਮੁੱਢ 1925 ਦੇ ਗੁਰਦੁਆਰਾ ਐਕਟ ਤੋਂ ਬੱਝਿਆ ਹੈ। ਮੌਜੂਦਾ ਸਮੇਂ ਅਕਾਲ ਤਖਤ ਸਾਹਿਬ ਦਾ ਵਿਧੀ ਵਿਧਾਨ ਬਣਾਉਣਾ ਬਹੁਤ ਜਰੂਰੀ ਹੈ। ਉਸ ਵਾਸਤੇ ਅਮਲੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਸਮੇਂ ਸੁਧਾਰਵਾਦੀ ਨਹੀਂ ਬਲਕਿ ਕ੍ਰਾਂਤੀਕਾਰੀ ਪਹਿਲਕਦਮੀਆਂ ਦੀ ਜਰੂਰਤ ਹੈ।

ਸਾਬਕਾ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਅਕਾਲ ਤਖਤ ਸਾਹਿਬ ਅਤੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਬਾਰੇ ਵਿਧੀ ਵਿਧਾਨ ਬਣਾਉਣ ਦੇ ਪਿਛਲੇ ਉੱਦਮਾਂ ਦਾ ਜਿਕਰ ਕੀਤਾ ਅਤੇ ਕਿਹਾ ਕਿ ਕਿਸੇ ਵੀ ਨਵੇਂ ਉੱਦਮ ਤੋਂ ਪਹਿਲਾਂ ਪਿਛਲੇ ਉੱਦਮਾਂ ਦੌਰਾਨ ਸਾਹਮਣੇ ਆਏ ਦਸਤਾਵੇਜਾਂ ਦਾ ਅਧਿਐਨ ਜਰੂਰ ਕੀਤਾ ਜਾਣਾ ਚਾਹੀਦਾ ਹੈ। ਡਾ. ਅਮਰਜੀਤ ਸਿੰਘ ਗਰੇਵਾਲ ਦੇ ਪਰਚੇ ਉੱਪਰ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਇਸ ਪਰਚੇ ਵਿੱਚ ਇਹ ਕਹਿਣਾ ਕਿ ਅਕਾਲ ਤਖਤ ਇਮਾਰਤ ਨਹੀਂ ਸਿਧਾਂਤ ਹੈ ਅਸਲ ਵਿੱਚ ਸਰੀਰ ਨੂੰ ਰੂਹ ਤੋਂ ਵੱਖ ਕਰਕੇ ਦਰਸਾਉਣ ਵਾਲੀ ਗੱਲ ਹੈ।

ਉਹਨਾਂ ਕਿਹਾ ਕਿ ਇਸ ਪਰਚੇ ਵਿੱਚ ਅਕਾਲ ਤਖਤ ਸਾਹਿਬ ਦੀ ਹੈਸੀਅਤ ਖੁਦਮੁਖਤਿਆਰੀ ਵਾਲੀ ਦੱਸੀ ਗਈ ਹੈ, ਜਦ ਕਿ ਅਕਾਲ ਤਖਤ ਸਾਹਿਬ ਸਿਰਮੌਰ ਭਾਵ “ਸੋਵਰਨ” ਹੈ ਮਹਿਜ ਖੁਦਮੁਖਤਿਆਰ ਜਾਂ ਅਟਾਨਮਸ ਨਹੀਂ।

ਜਸਵੰਤ ਸਿੰਘ ਜਫਰ ਨੇ ਕਿਹਾ ਕਿ ਉਹ ਵਿਚਾਰ ਹੇਠਲੇ ਮਾਮਲੇ ਉੱਪਰ ਸਭ ਤੋਂ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਹਨ। ਉਹਨਾਂ ਕਿਹਾ ਕਿ ਸਿੱਖਾਂ ਵਿੱਚ ਇਹ ਵੱਡੀ ਦੁਬਿਧਾ ਹੈ ਕਿ ਉਹ ਆਪਣੇ ਸਿਧਾਂਤ ਦੀ ਗੱਲ ਕਰਕੇ ਆਪਣੇ ਆਪ ਨੂੰ ਉੱਤਰ ਦੱਸਦੇ ਹਨ ਪਰ ਦੂਸਰਿਆਂ ਦੇ ਵਿਹਾਰ ਦੀ ਗੱਲ ਕਰਕੇ ਉਹਨਾ ਨੂੰ ਛੁਟਿਆਉਂਦੇ ਹਨ।

ਇੰਸਟੀਚਿਊਸ਼ਨ ਆਫ ਸਿੱਖ ਸਟਡੀਜ਼ ਦੇ ਪ੍ਰਧਾਨ ਸ. ਗੁਰਬੀਰ ਸਿੰਘ ਨੇ ਕਿਹਾ ਕਿ ਇਸ ਚਰਚਾ ਦੌਰਾਨ ਬਹੁਤੀ ਗੱਲ ਅਕਾਲ ਤਖਤ ਸਾਹਿਬ ਬਾਰੇ ਹੋ ਰਹੀ ਹੈ ਜਦਕਿ ਸਾਨੂੰ ਸਾਰੇ ਤਖਤ ਸਾਹਿਬਾਨ ਬਾਰੇ ਹੀ ਗੱਲ ਕਰਨੀ ਚਾਹੀਦੀ ਹੈ। ਮੌਜੂਦਾ ਪ੍ਰਬੰਧ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਪ੍ਰਬੰਧ ਕਾਨੂੰਨ ਅੰਦਰ ਕੰਮ ਕਰ ਰਹੇ ਹਨ ਤੇ ਇੰਝ ਤਖਤਾਂ ਨੂੰ ਸਰਕਾਰੀ ਕਾਨੂੰਨ ਦੇ ਅਧੀਨ ਕੀਤਾ ਜਾ ਰਿਹਾ ਹੈ। ਜਦ ਕਿ ਕਾਨੂੰਨ ਵਿੱਚ ਸਿੱਖ ਤਖਤਾਂ ਨੂੰ ਤਖਤ ਨਹੀਂ ਬਲਕਿ ਗੁਰਦੁਆਰੇ ਮੰਨਿਆ ਗਿਆ ਹੈ। ਸਿੱਖਾਂ ਨੂੰ ਇਹ ਸਾਰੀ ਸਥਿਤੀ ਨੂੰ ਵਿਚਾਰਨ ਅਤੇ ਆਪਣਾ ਸਿੱਖ ਵਿਧੀਸ਼ਾਸਤਰ (ਜਿਉਰਿਸਪਰੂਡੈਂਸ) ਪੈਦਾ ਕਰਨ ਦੀ ਲੋੜ ਹੈ।

ਉਹਨਾਂ ਕਿਹਾ ਕਿ ਅਸੀਂ ਪਿੱਛੇ ਦੀ ਗੱਲ ਬਹੁਤ ਕਰਦੇ ਹਾਂ ਪਰ ਸਾਨੂੰ ਭਵਿੱਖ ਵਾਸਤੇ ਢਾਂਚੇ ਬਣਾਉਣ ਦੀ ਲੋੜ ਹੈ। ਸਾਡੇ ਕੋਲ ਪ੍ਰਣਾਲੀ ਨਹੀਂ ਹੈ ਅਤੇ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪ੍ਰਣਾਲੀ ਭਵਿੱਖ ਵਾਸਤੇ ਬਣੇਗੀ।

ਉਹਨਾਂ ਕਿਹਾ ਕਿ ਸਾਨੂੰ “ਇੰਸਟੀਚਿਊਸ਼ਨ ਆਫ ਸਿੱਖ ਤਖਤ” ਬਣਾਉਣ ਦੀ ਲੋੜ ਹੈ ਜੋ ਕਿ ਅੰਦਰੂਨੀ ਅਤੇ ਬਾਹਰੀ ਟਕਰਾਵਾਂ ਦਾ ਹੱਲ (ਕਨਫਲਿਕਟ ਰੈਜੋਲੂਸ਼ਨ) ਕਰੇਗਾ। ਉਹਨਾਂ ਕਿਹਾ ਕਿ ਇਹ ਅਦਾਰਾ ਗੁਰਮਤਿ ਦੀ ਸਿੱਖਿਆ ਦੇ ਕੇਂਦਰ ਵਜੋਂ ਕਾਰਜ ਕਰੇਗਾ। ਸਾਨੂੰ ਆਪਣੀਆਂ ਪ੍ਰਣਾਲੀਆਂ (ਪ੍ਰੋਸੈਸਿਜ) ਪਰਿਭਾਸ਼ਿਤ ਕਰਨੇ ਪੈਣਗੇ। ਇਹਨਾਂ ਪ੍ਰਣਾਲੀਆਂ ਦੀ ਸੰਗਤ ਕੋਲੋਂ ਮਾਨਤਾ ਕਰਵਾਈ ਜਾਵੇਗੀ ਅਤੇ ‘ਇੰਸਟੀਟਿਊਸ਼ਨ ਆਫ ਸਿੱਖ ਤਖਤ’ ਵੱਲੋਂ ਸਿੱਖ ਵਿਧੀ ਸ਼ਾਸਤਰ (ਜਿਉਰਿਸਪਰੂਡੈਂਸ) ਲਿਖਿਆ ਜਾਵੇਗਾ।

ਬੁਲਾਰਿਆਂ ਵੱਲੋਂ ਵਿਚਾਰ ਸਾਂਝੇ ਕੀਤੇ ਜਾਣ ਤੋਂ ਬਾਅਦ ਕੁੰਜੀਵਤ ਭਾਸ਼ਣ ਦੇ ਪੇਸ਼ਕਾਰ ਡਾ. ਅਮਰਜੀਤ ਸਿੰਘ ਗਰੇਵਾਲ ਨੇ ਪਰਚੇ ਉੱਪਰ ਟਿੱਪਣੀਆਂ ਕਰਨ ਵਾਲੇ ਵਿਚਾਰਵਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਏ ਸੁਝਾਵਾਂ ਮੁਤਾਬਕ ਆਪਣੇ ਪਰਚੇ ਵਿੱਚ ਸੋਧ ਕਰਨਗੇ।

ਇਸ ਤੋਂ ਬਾਅਦ ਡਾ. ਬਲਕਾਰ ਸਿੰਘ ਨੇ ਸਮਾਗਮ ਦੇ ਪ੍ਰਧਾਨ ਦੇ ਤੌਰ ਉੱਪਰ ਆਪਣੇ ਵਿਚਾਰ ਰੱਖੇ ਅਤੇ ਇਸ ਚਰਚਾ ਵਿੱਚ ਹਿੱਸਾ ਲੈਣ ਵਾਲੇ ਸਮੂਹ ਵਿਚਾਰਵਾਨਾਂ ਦਾ ਸ. ਕੇ.ਪੀ. ਸਿੰਘ ਨੇ ਇੰਟਰਨੈਸ਼ਨ ਸਿੱਖ ਕਨਫੈਡਰੇਸ਼ਨ ਵੱਲੋਂ ਧੰਨਵਾਦ ਕੀਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਕਾਲ ਤਖ਼ਤ ਸਕੱਤਰੇਤ ਦਾ ਇਹ ਨੁਕਤਾ ਬਿਲਕੁਲ ਸਹੀ ਹੈ ਕਿ ਸਰਕਾਰ ਵੱਲੋਂ ਬਣਾਇਆ ਗਿਆ ਅਜਿਹਾ ਕਾਨੂੰਨ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਰਾਹ ਖੋਲ੍ਹਦਾ ਹੈ। ਪਰ ਦੂਜੇ ਪਾਸੇ ਅਕਾਲ ਤਖ਼ਤ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਲੰਘੀ 4 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਵੰਤ ਮਾਨ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਲਾਗੂ ਕਰਵਾਉਣ ਲਈ ਪੰਥਕ ਇਕੱਠ ਸੱਦਿਆ ਗਿਆ ਸੀ। ਇਸ ਬਾਰੇ ਬਬਰ ਖਾਲਸਾ
ਸਿੱਖਾਂ ਦੇ ਬਹੁਤਾਤ ਹਿੱਸਿਆਂ ਵਿਚ ਚਰਚਾ ਕਿਹਨਾ ਗੱਲਾਂ ਉੱਤੇ ਹੋ ਰਹੀ ਹੈ ਤੇ ਕਿਹੜੇ ਪੱਖ ਚਰਚਾ ਵਿਚੋਂ ਬਾਹਰ ਹਨ ਅਤੇ ਇਸ ਸਮੁੱਚੀ ਕਾਰਵਾਈ ਦਾ ਹਾਸਲ ਕੀ ਹੈ?

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: