ਸੰਗਰੂਰ: ਸਿੱਖ ਜਥਾ ਮਾਲਵਾ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਵੱਲੋਂ ਪੰਥ ਦੋਖੀ ਲਾਲਾ ਜਗਤ ਨਰਾਇਣ ਸਬੰਧੀ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਅਤੇ ਉਸ ਦੀ ਤਸਵੀਰ ਅੱਗੇ ਜੋਤ ਜਗਾਉਣ ਦੇ ਮਾਮਲੇ ਨੂੰ ਗੰਭੀਰ ਦੱਸਦਿਆਂ ਸਿੱਖ ਸੰਸਥਾਵਾਂ ਦੇ ਮੁਖੀਆਂ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਦੇ ਅਜਿਹੇ ਅਮਲਾਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ।

sikh-jatha-malwa-accountability-sikh-institution-heads
ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਵੱਲੋਂ ਲਾਲਾ ਜਗਤ ਨਰਾਇਣ ਦੀ ਤਸਵੀਰ ਅੱਗੇ ਜੋਤ ਜਗਾਉਣ ਦਾ ਮਾਮਲਾ ਚਰਚਾ ਵਿੱਚ।

ਬੀਤੀ 8 ਅਗਸਤ ਨੂੰ ਸੰਗਰੂਰ ਦੇ ਲਿਟਲ ਫਲਾਵਰ ਸਕੂਲ ਵਿੱਚ ਪੰਜਾਬ ਕੇਸਰੀ, ਜੱਗ ਬਾਣੀ ਅਤੇ ਸਕੂਲ ਵੱਲੋਂ ਪੰਥ ਦੋਖੀ ਲਾਲਾ ਜਗਤ ਨਰਾਇਣ ਦੀ ਬਰਸੀ ਸਬੰਧੀ ਖੂਨਦਾਨ ਕੈਂਪ ਲਗਾਇਆ ਗਿਆ ਸੀ। ਇਸ ਕੈਂਪ ਵਿੱਚ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਨੇ ਬਤੌਰ ਮਹਿਮਾਨ ਸ਼ਿਰਕਤ ਕੀਤੀ ਅਤੇ ਲਾਲਾ ਜਗਤ ਨਰਾਇਣ ਦੀ ਤਸਵੀਰ ਅੱਗੇ ਜੋਤ ਵੀ ਜਗਾਈ। ਜਥੇ ਅਨੁਸਾਰ ਇਸ ਸਬੰਧੀ 10 ਅਗਸਤ 2026 ਦੀਆਂ ਅਖਬਾਰਾਂ ਵਿੱਚ ਤਸਵੀਰਾਂ ਸਮੇਤ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਹਨ ਅਤੇ ਵੀਡੀਓ ਵੀ ਮੌਜੂਦ ਹੈ।

ਸਿੱਖ ਜਥਾ ਮਾਲਵਾ ਨੇ ਕਿਹਾ ਕਿ ਜੂਨ 1984 ਦੇ ਤੀਜੇ ਘੱਲੂਘਾਰੇ ਤੋਂ ਪਹਿਲਾਂ ਸਿੱਖਾਂ ਖਿਲਾਫ਼ ਮਾਹੌਲ ਬਣਾਉਣ ਵਿੱਚ ਲਾਲਾ ਜਗਤ ਨਰਾਇਣ ਦੀ ਕੀ ਭੂਮਿਕਾ ਸੀ, ਇਸ ਗੱਲ ਤੋਂ ਕੋਈ ਵੀ ਅਣਜਾਣ ਨਹੀਂ ਹੈ। ਉਹਨਾਂ ਕਿਹਾ ਕਿ ਅਕਾਲ ਕਾਲਜ ਕੌਂਸਲ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਸਥਾਪਿਤ ਕੀਤੀ ਗਈ ਸੀ ਅਤੇ ਅਜਿਹੀ ਸੰਸਥਾ ਦੇ ਮੋਹਰੀ ਦਾ ਲਾਲਾ ਜਗਤ ਨਰਾਇਣ ਵਰਗੇ ਪੰਥ ਦੋਖੀ ਦੇ ਸਮਾਗਮ ਵਿੱਚ ਜਾਣਾ ਅਤੇ ਉਸ ਦੀ ਤਸਵੀਰ ਅੱਗੇ ਜੋਤ ਜਗਾਉਣਾ ਬਹੁਤ ਗੰਭੀਰ ਮਸਲਾ ਹੈ।

sikh jatha malwa accountability sikh institution heads

ਜਥੇ ਨੇ ਪਿਛਲੇ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁਖੀ ਦੇ ਆਰ.ਐੱਸ.ਐੱਸ. ਦੇ ਸਮਾਗਮ ਵਿੱਚ ਜਾਣ ਦੇ ਮਾਮਲੇ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਬਹੁਤੀ ਵਾਰ ਵੱਡੀਆਂ ਥਾਵਾਂ ’ਤੇ ਬੈਠੇ ਵਿਅਕਤੀ ਆਪਣੀਆਂ ਨਿੱਜੀ ਰੁਚੀਆਂ ਕਾਰਨ ਅਜਿਹੀਆਂ ਥਾਵਾਂ ’ਤੇ ਆਪਣਾ ਮਿਲ-ਵਰਤਣ ਬਣਾ ਲੈਂਦੇ ਹਨ ਅਤੇ ਰੁਤਬਾ ਸੰਸਥਾਵਾਂ ਦਾ ਵਰਤਦੇ ਹਨ, ਜਦਕਿ ਸੰਸਥਾਵਾਂ ਕਿਸੇ ਦੀ ਨਿੱਜੀ ਮਲਕੀਅਤ ਨਹੀਂ ਹੁੰਦੀਆਂ।

ਉਹਨਾਂ ਕਿਹਾ ਕਿ ਅਜਿਹੇ ਕਈ ਮਸਲੇ ਸਮੇਂ-ਸਮੇਂ ’ਤੇ ਸਾਹਮਣੇ ਆਉਂਦੇ ਰਹੇ ਹਨ, ਜੋ ਇਕ ਵਕਤੀ ਚਰਚਾ ਦਾ ਹਿੱਸਾ ਤਾਂ ਬਣਦੇ ਹਨ ਪਰ ਕਿਸੇ ਪੱਕੇ ਹੱਲ ਵੱਲ ਗੱਲ ਨਹੀਂ ਤੁਰਦੀ। ਅਜਿਹੇ ਮਸਲਿਆਂ ਦੇ ਸਦੀਵੀ ਹੱਲ ਵੱਲ ਸੁਹਿਰਦ ਯਤਨ ਹੋਣੇ ਚਾਹੀਦੇ ਹਨ ਅਤੇ ਸਿੱਖਾਂ ਦੀਆਂ ਸੰਸਥਾਵਾਂ ਦੇ ਮੁਖੀਆਂ ਜਾਂ ਹੋਰ ਜ਼ਿੰਮੇਵਾਰ ਵਿਅਕਤੀਆਂ ਦਾ ਵਰਤ-ਵਰਤਾਓ ਅਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਕੋਈ ਵਿਅਕਤੀ ਜਿੱਥੇ ਦਿਲ ਕੀਤਾ ਵਰਤ ਲਵੇ, ਸੰਗਤ ਪ੍ਰਤੀ ਕੋਈ ਜਵਾਬਦੇਹੀ ਵੀ ਨਾ ਹੋਵੇ ਅਤੇ ਮੁੜ ਸੰਗਤ ਵਿੱਚ ਵੀ ਵਿਚਰਦਾ ਰਹੇ।

ਸਿੱਖ ਜਥਾ ਮਾਲਵਾ ਨੇ ਕਿਹਾ ਕਿ ਹਾਲੀਆ ਮਸਲੇ ਸਬੰਧੀ ਜਿੱਥੇ ਜਵਾਬਦੇਹੀ ਹੋਣੀ ਚਾਹੀਦੀ ਹੈ, ਉੱਥੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਸਬੰਧੀ ਵੀ ਅਕਾਲ ਤਖਤ ਸਾਹਿਬ ਤੋਂ ਗੁਰੂ ਖਾਲਸਾ ਪੰਥ ਵੱਲੋਂ ਕੋਈ ਪੱਕਾ ਵਿਧੀ-ਵਿਧਾਨ ਤੈਅ ਹੋਣਾ ਚਾਹੀਦਾ ਹੈ।

Comments

comments