ਅਮਰਿੰਦਰ ਸਿੰਘ
ਸਿੱਖ ਸ਼ਹਾਦਤ, ਅੰਕ ੧੭
ਅੱਜ ਦੇ ਅਤੀ ਆਧੁਨਿਕ ਦੋਰ ਵਿੱਚ ਸ਼ੋਸ਼ਲ ਮੀਡੀਆ ‘ਤੇ ਆਪਾ ਅਕਸਰ ਹੀ ਜੈਨ ਐਕਸ, ਜੈਨ ਜੀ ਬਾਰੇ ਸੁਣਦੇ ਤੇ ਦੇਖਦੇ ਹਾਂ ਅਤੇ ਇਨ੍ਹਾਂ ਜਨਰੇਸ਼ਨਾ ਦੇ ਸੁਭਾਅ ਬਾਰੇ ਵੀ ਦੱਸਿਆ ਜਾਂਦਾ ਹੈ ਕਿ ਅੱਡ ਅੱਡ ਜਨਰੇਸ਼ਨਾ ਵਿੱਚ ਕੀ ਫਰਕ ਹਨ। ਪਰ ਇਹ ਜਨਰੇਸ਼ਾ ਕੀ ਹੈ ਅਤੇ ਇਹ ਕਦੋਂ ਤੋਂ ਗਿਣੀਆਂ ਜਾਂਦੀਆਂ ਹਨ ਅਤੇ ਇਹ ਸਾਨੂੰ ਕੀ ਜਾਣਕਾਰੀਆਂ ਦਿੰਦੀਆਂ ਹਨ ? ਅਸਲ ਵਿੱਚ ਮਨੁੱਖ ਦੇ ਸੁਭਾਅ ਨੂੰ ਸਮਝ ਦੇ ਅਨੇਕਾ ਤਰੀਕੇ ਅਤੇ ਵਿਧਾਵਾ ਸਮੇਂ ਸਮੇਂ ਅਨੁਸਾਰ ਹੋਂਦ ਵਿੱਚ ਆਉਂਦੀਆਂ ਰਹੀਆਂ ਹਨ। ਧਰਮ, ਦਰਸ਼ਨ , ਮਨੋਵਿਗਿਆਨ , ਸਮਾਜਿਕ ਵਿਗਿਆਨ ਆਦਿ ਇੰਨਾਂ ਸਾਰੇ ਖੇਤਰਾਂ ਦਾ ਆਪਣੀਆਂ ਆਪਣੀਆਂ ਪਹੁੰਚ ਵਿਧੀਆ ਅਨੁਸਾਰ ਮਨੁੱਖੀ ਮਨ, ਉਸਦੀ ਬਣਤਰ ਅਤੇ ਉਸਦੀ ਚੇਤਨਾ ਦੇ ਪਸਾਰ ਅਤੇ ਉਸਦੇ ਪੈਣ ਵਾਲੇ ਪ੍ਰਭਾਵਾਂ ਨੂੰ ਗਿਣਨ ਮਿਥਣ ਦੇ ਸਦਾ ਹੀ ਯਤਨ ਹੁੰਦੇ ਆਏ ਹਨ। ਸੋ ਇਸੇ ਤਰਾਂ ਇਸ ਲੇਖ ਵਿੱਚ ਅਸੀਂ ਵੇਖ ਸਕਦੇ ਹਾਂ ਕੇ ਸ਼ੋਸ਼ੋਲੋਜੀ ਦੇ ਅਧਿਐਨ ਅਨੁਸਾਰ ਇਹ ਇੱਕ ਨਵੀਂ ਥਿਊਰੀ ਸਾਹਮਣੇ ਆਈ ਸੀ ਜੋ ਇਹ ਮੰਨਦੀ ਹੈ ਕੇ ਮਨੁੱਖੀ ਸਮਝ ਨੂੰ ਇੱਕ ਖਾਸ ਸਮਾਂ ਅਤੇ ਉਸ ਸਮੇਂ ਦੋਰਾਨ ਪ੍ਰਵਾਹਿਤ ਵਿਚਾਰ ਜਾਂ ਅਮਲੀ ਧਾਰਾਵਾਂ ਨਿਰਧਾਰਿਤ ਕਰਦੀਆਂ ਹਨ। ਉਸ ਨਿਰਧਾਰਿਤ ਸਮੇਂ ਤੋਂ ਅਗਲੇ ਸਮੇਂ ਵਿੱਚ ਜਨਮੀ ਪੀੜੀ ਬਿਲਕੁਲ ਹੋਰ ਤਰਾ ਸੋਚਦੀ ਅਤੇ ਆਲੇ ਦੁਆਲੇ ਨੂੰ ਵੇਖਦੀ ਹੈ। ਅਸੀਂ ਇਸ ਲੇਖ ਵਿੱਚ ਇਨ੍ਹਾ ਜਨਰੇਸ਼ਨਾ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਅਤੇ ਇਸ ਦੇ ਪਿੱਛਲੇ ਖ਼ਿਆਲ ਨੂੰ ਇੱਥੇ ਵਿਚਾਰਨ ਦਾ ਯਤਨ ਕਰਾਂਗੇ।
ਜਨਰੇਸ਼ਨਲ ਥਿਊਰੀ ਕੀ ਹੈ : ਯੂਰੋਪੀਅਨ ਵਿਦਵਾਨ ਮਨੁੱਖ ਨੂੰ ਸਦਾ ਹੀ ਬਾਈਨਰੀ ਵਿਚ ਵੇਖਦੇ ਆਏ ਹਨ ਆਪਣੀ ਇਸ ਬੁਨਿਆਦੀ ਫ਼ਿਤਰਤ ਕਰਕੇ ਉਹ ਚੀਜਾਂ ਨੂੰ ਸਮਝਣ ਲਈ ਉਨ੍ਹਾਂ ਦੀ ਖਾਨਾ ਵੰਡ ਕਰਦੇ ਰਹਿੰਦੇ ਹਨ। ਇਸੇ ਖਾਨਾ ਵੰਡ ਦੇ ਰੁਝਾਨ ਵਿਚੋਂ ਜਨਰੇਸ਼ਨਲ ਥਿਊਰੀ ਦਾ ਜਨਮ ਹੁੰਦਾ ਹੈ। ਸਭ ਤੋਂ ਪਹਿਲਾਂ ਇਸ ਥਿਊਰੀ ਬਾਰੇ ਜਾਣਕਾਰੀ ਜਰਨਮ ਸ਼ੋਸ਼ੋਲੋਜਿਸਟ ‘ਕਾਰਲ ਮੈਨਹਾਈਮ’ ਨੇ ਦਿੱਤੀ ਸੀ। ਉਸਨੇ ਇਹ ਜਾਣ ਪਛਾਣ ਆਪਣੇ 1928 ਵਿੱਚ ਛਪੇ ਇੱਕ ਲੇਖ ‘ਦ ਪਰੋਬਲਮ ਆਫ਼ ਜਨਰੇਸ਼ਨਸ ’ ਵਿੱਚ ਦਿੱਤੀ। ਇਸ ਥਿਊਰੀ ਵਿੱਚ ਮਨੁੱਖ ਦੇ ਜਨਮ-ਸਾਲ ਦੇ ਚੋਗਿਰਦੇ ਦੇ ਹਿਸਾਬ ਨਾਲ ਵੰਡ ਕੀਤੀ ਗਈ ਹੈ। ਕਿਉਂਕਿ ਇੰਨਾਂ ਦਾ ਮੰਨਣਾ ਹੈ ਕੇ ਜਨਰੇਸ਼ਨ ਸਿਰਫ ਜਨਮ ਦੇ ਸਾਲ ਨਾਲ ਨਿਰਧਾਰਿਤ ਨਹੀਂ ਹੁੰਦੀ ਸਗੋਂ ਇਸਦੀ ਘਾੜਤ ਪਿੱਛੇ ਉਸ ਸਮੇਂ ‘ਤੇ ਪ੍ਰਭਾਵ ਪਾਉਣ ਵਾਲੀਆਂ ਚੀਜ਼ਾਂ ਅਤੇ ਘਟਨਾਵਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਜਿਵੇਂ ਸਮਾਜਿਕ ਤਬਦੀਲੀ, ਇਤਿਹਾਸਕ ਘਟਨਾ, ਰਾਜਨੀਤਿਕ ਤਬਦੀਲੀ, ਜੰਗ, ਤਕਨਾਲੋਜੀ ਜਾਂ ਕੋਈ ਮੁੱਖ ਸੱਭਿਆਚਾਰਕ ਤਬਦੀਲੀ ਵਾਪਰਨ ਕਰਕੇ। ਜਨਮ ਤੋਂ ਲੈ ਕੇ ਅਤੇ ਜਵਾਨ ਹੋਣ ਤੱਕ ਦੇ ਸਾਲਾ ਵਿੱਚ ਬੱਚਾ ਜਿਸ ਚੋਗਿਰਦੇ ਵਿੱਚ ਪਲ ਰਿਹਾ ਹੁੰਦਾ ਹੈ ਉਹ ਚੋਗਿਰਦਾ ਉਸਦੀ ਸਮਾਜਿਕਤਾ ਪ੍ਰਤੀ ਸਮਝ ਅਤੇ ਉਸਦੇ ਨੁਕਤਾ ਨਿਗਾਹ ਨੂੰ ਘੜਨ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਇਸ ਸਮੇ ਦੌਰਾਨ ਆਸ ਪਾਸ ਜੋ ਵੀ ਤਬਦੀਲੀਆਂ ਵਾਪਰਦੀਆਂ ਹਨ ਉਨ੍ਹਾਂ ਦੇ ਪ੍ਰਭਾਵ ਉਸ ਪੀੜੀ ਦੀ ਮਾਨਸਿਕਤਾ ਨੂੰ ਘੜਨ ਵਿਚ ਸਹਾਈ ਹੁੰਦੇ ਹਨ। ਇਸਨੂੰ ਸਾਂਝਾ ਅਨੁਭਵ ਵੀ ਕਿਹਾ ਜਾਂਦਾ ਹੈ। ਪਰ ਕਈ ਵਾਰੀ ਇਹ ਵੀ ਵੇਖਣ ਵਿਚ ਆਇਆ ਹੈ ਕੇ ਇਕੋ ਪੀੜ੍ਹੀ ਦੇ ਅੰਦਰ, ਵੱਖੋ-ਵੱਖਰੇ ਸਮਾਜਿਕ, ਸੱਭਿਆਚਾਰਕ ਅਤੇ ਵਰਗ ਪਿਛੋਕੜਾਂ ਦੇ ਕਾਰਨ ਘਟਨਾਵਾਂ ਪ੍ਰਤੀ ਨਜਰੀਆ ਅਤੇ ਅਨੁਭਵ ਵੀ ਵੱਖ ਵੱਖ ਹੁੰਦਾ ਹੈ। ਇਸਨੂੰ ਜਨਰੇਸ਼ਨਲ ਯੂਨਿਟ ਆਖਿਆ ਜਾਂਦਾ ਹੈ। ਇਸਦਾ ਅਰਥ ਹੈ ਕੇ ਇਕ ਘਟਨਾ ਵਾਪਰੀ ਹੈ ਉਹ ਘਟਨਾ ਸਮਾਨ ਹੋ ਸਕਦੀ ਹੈ ਪਰ ਉਸਦੇ ਪ੍ਰਭਾਵ ਅਤੇ ਸਿਟੇ ਵੱਖੋ ਵੱਖਰੇ ਹੋਣਗੇ ਅਤੇ ਉਸ ਤੋਂ ਵੀ ਅੱਗੇ ਸੱਭਿਆਚਾਰਕ ਅਤੇ ਵਰਗ ਪਿਛੋਕੜ ਅੱਡ ਹੋਣ ਕਰਕੇ ਉਹ ਘਟਨਾ ਅੱਡ -ਅੱਡ ਮਹਿਸੂਸ ਹੋਵੇਗੀ। ਇਸ ਕਰਕੇ ਕਾਰਲ ਮੈਨਹਾਈਮ ਦਾ ਮੰਨਣਾ ਹੈ ਇਕ ਜਨਰੇਸ਼ਨ ਦੇ ਅੰਦਰ ਵੀ ਵੱਖ-ਵੱਖ ਯੂਨਿਟ ਹੋ ਸਕਦੇ ਹਨ। ਮੈਨਹਾਈਮ ਦੀ ਲੋੜ ਹੈ ਕਿ ਜਨਰੇਸ਼ਨ ਸਿਰਫ਼ ਉਮਰ ਦੇ ਅੰਕ ਨਹੀਂ ਹੁੰਦੇ। ਉਹ ਸਮਾਜਿਕ ਅਤੇ ਇਤਿਹਾਸਕ ਤਜਰਬਿਆਂ ਰਾਹੀਂ ਬਣਦੇ ਹਨ ਜੋ ਵਿਅਕਤੀ ਦੀ ਸੋਚ, ਵੈਲਯੂਜ਼ ਅਤੇ ਵਰਤਾਅ ਨੂੰ ਪ੍ਰਭਾਵਿਤ ਕਰਦੇ ਹਨ।
ਹੁਣ ਤੱਕ ਬਣੀਆਂ ਜਨਰੇਸ਼ਨਾ :
ਗਰੇਟੈਸਟ ਜਨਰੇਸ਼ਨ – 1901-1927: ਇਹ ਜਨਰੇਸ਼ਨ ਵੱਡੀ ਮੰਦੀ ਦੇ ਹਲਾਤਾਂ ਵਿਚ ਲੰਘੀ ਸੀ ਅਤੇ ਇਹ ਪੀੜੀ ਦੂਜੀ ਵਿਸ਼ਵ ਜੰਗ ਵਿਚ ਵੀ ਲੜੀ।
ਸਾਇਲੈਟ ਜਨਰੇਸ਼ਨ- 1928-1945: ਇਹ ਪੀੜੀ ਦੂਜੀ ਵਿਸ਼ਵ ਜੰਗ ਤੋਂ ਬਾਅਦ ਹੋਈ ਅਤੇ ਵੱਡੇ ਖਤਰਿਆਂ ਅਤੇ ਸਦਮਿਆਂ ਦੇ ਅਸਰ ਚੌਗਿਰਦੇ ਵਿਚ ਹੋਣ ਕਰਕੇ ਇਹ ਪੀੜੀ ਵੱਧ ਸਾਵਧਾਨ ਅਤੇ ਅਨਕੂਲਤਾ ਵਿਚ ਰਹਿਣ ਵਾਲੀ ਸੀ।
ਬੂਮਰ 1946-1964 : ਦੂਜੀ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਥੋੜੀ ਸ਼ਾਤੀ ਹੋਈ ਤਾਂ ਫੌਜੀ ਆਪਣੇ ਘਰਾਂ ਨੂੰ ਵਾਪਿਸ ਮੁੜਨ ਲੱਗੇ। ਜਦੋਂ ਲੋਕ ਘਰਾਂ ਵਿਚ ਵਸਣ ਲੱਗੇ ਅਤੇ ਆਮ ਜਿਹਾ ਜੀਵਨ ਜਿਉਣ ਲੱਗੇ ਤਾਂ ਉਸ ਸਮੇਂ ਦੌਰਾਨ ਜਨਸੰਖਿਆ ਵੱਡੇ ਪੱਧਰ ‘ਤੇ ਵਧੀ। ਜਨਸੰਖਿਆ ਦੇ ਅਸਧਾਰਨ ਰਫ਼ਤਾਰ ਨਾਲ ਵਧਣ ਕਰਕੇ ਇਸ ਸਮੇਂ ਨੂੰ ਬੇਬੀ ਬੂਮਰ ਜਨਰੇਸ਼ਨ ਵੀ ਆਖਿਆ ਜਾਂਦਾ ਹੈ।
ਜਨਰੇਸ਼ਨ ਐਕਸ 1965-1980 : (ਜਨਮ 1965–1980): ਇਸ ਜਨਰੇਸ਼ਨ ਦੇ ਪੇਰਟ ਬਹੁਤ ਮਿਹਨਤੀ ਸਨ ਇਸ ਕਰਕੇ ਇਸ ਜਨਰੇਸ਼ਨ ਦੇ ਬੱਚਿਆਂ ਨੂੰ “ਲੈਚਕੀ ਬੱਚੇ” ਵਜੋਂ ਜਾਣੀ ਜਾਂਦੀ ਹੈ ਕਿਉਂਕਿ ਇਨ੍ਹਾਂ ਦੇ ਮਾਤਾ ਪਿਤਾ ਕੰਮ ਤੇ ਹੁੰਦੇ ਸਨ ਇਸ ਕਰਕੇ ਇਨ੍ਹਾਂ ਬੱਚਿਆਂ ਨੂੰ ਜਿਆਦਾਤਰ ਇਕੱਲੇ ਸਮਾਂ ਗੁਜਾਰਨਾ ਪੈਦਾ ਸੀ। ਇਸ ਪੀੜ੍ਹੀ ਨੂੰ ਆਜ਼ਾਦੀ ਵੀ ਵਧੇਰੇ ਮਿਲੀ ਘਰਦਿਆਂ ਦੀ ਨਿਗਰਾਨੀ ਇਨ੍ਹਾਂ ਉਤੇ ਨਾ-ਬਰਾਬਰ ਸੀ। ਪਰ ਇਸ ਪੀੜੀ ਕੋਲੇ ਜਵਾਨ ਹੋਣ ਸਮੇਂ ਤੱਕ ਘਰਦਿਆਂ ਦੀ ਮੁਸ਼ੱਕਤ ਕਾਰਨ ਕਾਫੀ ਰਿਸੋਰਸ ਬਣੇ ਹੋਏ ਸਨ। ਇਸ ਜਨਰੇਸ਼ਨ ਦੇ ਸਮੇਂ ਵਿੱਚ ਟੀ.ਵੀ. ਤਾਂ ਸੀ ਹੀ ਸਗੋਂ ਇੰਟਰਨੈਟ ਵੀ ਆ ਗਿਆ ਸੀ। ਇਹ ਪੀੜ੍ਹੀ ਵਿਸ਼ਵਾਸ ਦੀ ਵਜਾਏ ਤੱਥਾਂ ਨੂੰ ਵਧੇਰੇ ਮਹੱਤਵ ਦੇਣ ਲੱਗ ਪਈ ਸੀ।
ਮਲੇਨਿਅਲਜ਼ 1981-1996 : ਮਿਲੇਨੀਅਲਜ਼ ਜਨਰੇਸ਼ਨ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨਾਲ ਵੱਡਾ ਹੋਇਆ। ਇਸ ਪੀੜੀ ਨੂੰ ਡਿਜੀਟਲ ਮੋਢੀ ਹੋਣ ਲਈ ਵੀ ਜਾਣਿਆ ਜਾਂਦਾ ਹੈ। ਇਸ ਜਨਰੇਸ਼ਨ ਕੋਲ ਟੈਲੀਵਿਜ਼ਨ ਤੋਂ ਅੱਗੇ ਵੱਧਕੇ ਸਮਾਰਟਫੋਨ ਅਤੇ ਸ਼ੋਸ਼ਲਮੀਡੀਆ ਦੀ ਸਹੂਲਤ ਵੀ ਸੀ। ਅਤੇ ਇਨ੍ਹਾਂ ਦੇ ਸਮੇਂ ਵਿੱਚ ਇੰਟਰਟੇਨਮੈਂਟ ਦੇ ਅਨੇਕਾਂ ਮਾਧਿਅਮ ਹੋ ਗਏ ਸਨ। ਇਹ ਪੀੜ੍ਹੀ ਵੱਡੀ ਮਾਤਰਾ ਵਿੱਚ ਪੜੀ ਲਿਖੀ ਸੀ। ਇਸ ਪੀੜ੍ਹੀ ਕੋਲ ਪਹਿਲਿਆਂ ਦੇ ਮੁਕਾਬਲੇ ਲਿਬਰਲ ਪੋਲੀਟੀਕਲ ਸੋਚ ਰੱਖਣ ਦੀ ਵਧੇਰੇ ਖੁੱਲ੍ਹ ਸੀ। ਅੱਜ ਦੇ ਸਮੇਂ ਵਿੱਚ ਜਿਆਦਾਤਰ ਜਿਹੜੀਆਂ ਐਪਾ ਜਿਆਦਾ ਮਸ਼ਹੂਰ ਹਨ ਉਨਾਂ ਨੂੰ ਬਣਾਉਣ ਵਾਲੇ ਮਿਲੇਨੀਅਲ ਹੀ ਹਨ ਜਿਵੇਂ ਫੇਸਬੁੱਕ, ਇੰਸਟਾਗ੍ਰਾਮ, ਟਿੱਕ ਟਾਕ ਆਦਿ। ਇਸ ਦੇ ਨਾਲ ਹੀ ਸੰਗੀਤ ਅਤੇ ਹੌਲੀਵੁੱਡ ਦੇ ਫ਼ਨਕਾਰ ਲੋਕ ਵੀ ਇਸੇ ਹੀ ਜਨਰੇਸ਼ਨ ਵਿੱਚੋਂ ਹਨ।
ਜੈੱਨਜ਼ੀ 1997-2012 : ਜਨਰੇਸ਼ਨ ਜ਼ੈੱਡ ਪਹਿਲੇ ਡਿਜੀਟਲ ਮੂਲ ਦੇ ਲੋਕ ਹਨ ਜੋ ਸਮਾਰਟਫੋਨ ਅਤੇ ਨਿਰੰਤਰ ਕਨੈਕਟੀਵਿਟੀ ਨਾਲ ਵੱਡੇ ਹੋਏ। ਇਹ ਪੀੜੀ ਜਿਆਦਾਤਰ ਆਪਣੇ ਆਲੇ ਦੁਆਲੇ ਨੂੰ ਸਕਰੀਨ ਰਾਹੀ ਹੀ ਜਾਣਦੀ ਹੈ। ਇਹ ਟੈਕਨੋਲੋਜੀ ਦੇ ਉਸ ਦੌਰ ਵਿਚ ਜਨਮੇ ਜਦੋਂ ਜੀਵਨ ਅਤੇ ਡੀਜੀਟਲ ਸੰਸਾਰ ਇਕ ਦੂਜਾ ਦਾ ਅਨਿੱਖੜ ਅੰਗ ਬਣ ਗਿਆ ਸੀ। ਇਹ ਪੀੜੀ ਸ਼ੋਸ਼ਲ ਮੀਡੀਆ ‘ਤੇ ਜਿਆਦਾ ਸਰਗਰਮ ਹੈ ਪਰ ਬਾਹਰੀ ਦੁਨੀਆਂ ਵਿੱਚ ਇਹ ਪੂਰੀ ਤਰ੍ਹਾਂ ਨਾਲ ਮੇਲ ਨਹੀ ਖਾਦੇ। ਇਕ ਰਿਸਰਚ ਦੇ ਦੋਰਾਨ ਇਹ ਸਾਹਮਣੇ ਆਇਆ ਹੈ ਕੇ ਜੈਨ ਜੀ ਨੂੰ ਜਿਆਦਾਤਰ ਕੰਪਨੀਆਂ ਕੰਮ ਤੇ ਨਹੀ ਰੱਖਣਾ ਚਾਹੁੰਦੀਆਂ ਕਿਉਂਕਿ ਉਨ੍ਹਾਂ ਦੇ ਤਜਰਬੇ ਅਨੁਸਾਰ ਇਹ ਮੰਨਣਾ ਹੈ ਕਿ ਇਸ ਪੀੜੀ ਵਿਚ ਵਰਕ ਐਥਿਕਸ, ਪ੍ਰੋਫ਼ੈਸ਼ਨਲਿਜਮ, ਮੋਟੀਵੇਸ਼ਨ, ਅਤੇ ਕਮਿਊਨੀਕੇਸ਼ਨ ਦੀ ਬਹੁਤ ਘਾਟ ਹੈ। ਇਹ ਪੀੜੀ ਵਰਕ ਲਾਈਫ ਬੈਲੇਸ ਨੂੰ ਵਧੇਰੇ ਤਰਜੀਹ ਦਿੰਦੀ ਹੈ ਜਿਸ ਕਰਕੇ ਇਹ ਉਸ ਤਰ੍ਹਾਂ ਦੀ ਜੋਬ ਲੱਭਦੇ ਹਨ ਜਿੱਥੇ ਰੂਲ ਜਿਆਦਾ ਸਖਤ ਨਾ ਹੋਣ ਅਤੇ ਕੰਮ ਦਾ ਪ੍ਰੈਸ਼ਰ ਵੀ ਘੱਟ ਹੋਵੇ। ਮੈਟਲ ਹੈਲਥ ਨੂੰ ਵੀ ਇਹ ਵਧੇਰੇ ਤਰਜੀਹ ਦਿੰਦੇ ਹਨ ਇਸਦਾ ਇਕ ਕਾਰਨ ਇਹ ਵੀ ਹੈ ਕਿਉਂਕਿ ਇਹ ਪੀੜੀ ਹੀ ਡਪਰੈਸ਼ਨ ਦੀ ਵਧੇਰੇ ਸ਼ਿਕਾਰ ਹੈ। ਇਹ ਪੀੜੀ ਸਦਾ ਹੀ ਕੰਫਰਟ ਜੋਨ ਵਿਚ ਰਹਿਣਾ ਪਸੰਦ ਕਰਦੇ ਹਨ।
ਜੈੱਨਜ਼ੀ ਦਾ ਵੱਡਾ ਹਿਸਾ 18 ਸਾਲ ਦਾ ਹੋ ਗਿਆ ਹੈ ਅਤੇ ਇਹ ਹੁਣ ਵੋਟ ਰਾਜਨੀਤੀ ਦਾ ਹਿਸਾ ਹਨ। ਉਂਝ ਇਹ ਪੀੜੀ ਜਿਦਾਤਾਰ ਡੀਜੀਟਲ ਰਾਜਨੀਤੀ ਹੀ ਕਰਦੀ ਹੈ। ਇਹ ਪੀੜੀ ਸੋਸ਼ਲ ਮੀਡੀਆ ਅਤੇ ਇੰਟਰਨੈੱਟ ‘ਤੇ ਪੋਸਟਾ ਪਾ ਕੇ ਜਾਗਰੂਕਤਾ ਫੈਲਾਉਣ ਤੱਕ ਦਾ ਕੰਮ ਵਧੇਰੇ ਕਰਦੀ ਹੈ। ਇਹ ਗਰਾਉਂਡ ਤੇ ਜਿਆਦਾ ਸਰਗਰਮ ਹੋਣ ਵਿਚ ਰੁੱਚੀ ਨਹੀਂ ਰੱਖਦੇ। ਜ਼ਮੀਨੀ ਪੱਧਰ ‘ਤੇ ਰਾਜਨੀਤੀ ਵਿਚ ਹਿੱਸਾ ਨਾ ਲੈਣ ਦੀ ਘਾਟ ਕਰਕੇ ਬਹੁਤੀ ਦਫ਼ਾ ਇਹ ਸੋਸ਼ਲ ਮੀਡੀਆ ਰਾਹੀਂ ਫੈਲਾਈਆ ਜਾਂਦੀਅ ਝੂਠੀਆਂ ਖ਼ਬਰਾਂ, ਜਾਣਕਾਰੀ ਅਤੇ ਪ੍ਰੋਪੇਗੰਡਾ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸਮੇਂ ਇਹ ਜ਼ਿਆਦਾਤਰ ਮੁੱਦਾ ਅਧਾਰਿਤ ਸ਼ੋਸ਼ਲਮੀਡੀਆ ਸਰਗਰਮੀ ਕਰਦੇ ਹਨ ਅਤੇ ਉਸ ਨੂੰ ਵਧਾਉਣ ਲਈ ਇਹ ਸ਼ੋਸ਼ਲ਼ ਮੀਡੀਆ ‘ਤੇ ਚੱਲਣ ਦੇ ਹਿਸਾਬ ਵਾਲਾ ਕੋਨਟੈਟ ਬਣਾਉਂਦੇ ਰਹਿੰਦੇ ਹਨ। ਸ਼ੋਸ਼ਲ ਮੀਡੀਆ ਦਾ ਦੌਰ ਹੋਣ ਕਰਕੇ ਇੰਨਾਂ ਚੀਜ਼ਾਂ ਦੇ ਪ੍ਰਭਾਵ ਵੀ ਬਹੁਤ ਜ਼ਿਆਦਾ ਹਨ।
ਜੈੱਨ ਅਲਫਾ 2013-2024: ਜਨਰੇਸ਼ਨ ਅਲਫ਼ਾ ਮਿਲੇਨੀਅਲਜ਼ ਪੀੜੀ ਦੇ ਬੱਚੇ ਹਨ ਅਤੇ ਇਹ ਉਹ ਪਹਿਲੀ ਪੀੜ੍ਹੀ ਹੈ ਜੋ ਪੂਰੀ ਤਰ੍ਹਾਂ 21ਵੀਂ ਸਦੀ ਵਿੱਚ ਪੈਦਾ ਹੋਈ ਹੈ। ਇਹ ਹੁਣ ਤੱਕ ਦੀ ਸਭ ਤੋਂ ਨਵੀ ਅਤੇ ਅਡਵਾਂਸ ਪੀੜ੍ਹੀ ਹੈ। ਇਹ ਉਹ ਪੀੜੀ ਹੈ ਜਿਨ੍ਹਾਂ ਦੇ ਜੰਮਦਿਆਂ ਦੇ ਹੱਥਾਂ ਵਿਚ ਸਮਾਰਟ ਫੋਨ ਅਤੇ ਟੈਬਲੇਟ ਵਗੈਰਾ ਹਨ। ਜੈੱਨਜ਼ੀ ਨੇ ਡੀਜੀਟਲ ਵਰਲਡ ਵਿੱਚ ਹੋਸ਼ ਸੰਭਾਲਿਆ ਸੀ , ਪਰ ਅਲਫਾ ਜਨਰੇਸ਼ਨ ਪੂਰੀ ਤਰ੍ਹਾਂ ਡਿਜਿਟਲ ਦੁਨੀਆਂ ਵਿੱਚ ਪੈਦਾ ਹੋਈ। ਇਸ ਕਰਕੇ ਇਸ ਨੂੰ “ਸਕਰੀਨ ਫਸਟ ਜਨਰੇਸ਼ਨ” ਵੀ ਆਖਿਆ ਜਾਦਾ ਹੈ ਇਸ ਪੀੜੀ ਦੀਆਂ ਖੇਡਾ ਅਤੇ ਮਨੋਰੰਜਨ ਆਦਿ ਸਭ ਮੋਬਾਈਲ ‘ਤੇ ਹੀ ਹੈ। ਦੋਹਾਂ ਪੀੜ੍ਹੀਆਂ ਲਈ ਟੈਕਨੋਲੋਜੀ ਅਵਸਰ ਵੀ ਹੈ, ਤੇ ਚੁਣੌਤੀ ਵੀ। ਉਨ੍ਹਾਂ ਦੀ ਸੋਚ, ਸਿੱਖਣ ਦੇ ਤਰੀਕੇ, ਰੋਜ਼ਾਨਾ ਦੀ ਜ਼ਿੰਦਗੀ ਸਾਡੀਆਂ ਪਿਛਲੀਆਂ ਪੀੜ੍ਹੀਆਂ ਨਾਲ ਬਹੁਤ ਵੱਖਰੀ ਹੈ। ਇਹਨਾਂ ਪੀੜ੍ਹੀਆਂ ਨੂੰ ਸਹੀ ਮਾਰਗਸੇਧ ਦੇਣੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਟੈਕਨੋਲੋਜੀ ਇਨ੍ਹਾਂ ‘ਤੇ ਹਾਵੀ ਹੋ ਜਾਵੇਗੀ। ਇਹ ਪੀੜੀ ਅਸਲ ਦੁਨੀਆਂ ਤੋਂ ਬਹੁਤ ਦੂਰ ਹੈ ਇਨ੍ਹਾਂ ਲਈ ਆਖਰੀ ਸੱਚ ਉਹ ਹੈ ਜੋ ਸਕਰੀਨ ਰਾਹੀ ਦੱਸਿਆ ਜਾ ਰਿਹਾ ਹੈ। ਇਸ ਪੀੜੀ ਦੇ ਬੱਚੇ ਸਕਰੀਨ ਅਡਿਕਸ਼ਨ ਜਹੀ ਆਦਤ ਦੇ ਸ਼ਿਕਾਰ ਹੋ ਰਹੇ ਹਨ ਅਤੇ ਇਸ ਕਰਕੇ ਕਾਫੀ ਸਟਰੈਸ ਵਿਚ ਵੀ ਰਹਿੰਦੇ ਹਨ। ਸਕਰੀਨ ਦੀ ਆਦਤ ਇਨ੍ਹਾਂ ਦੇ ਦਿਮਾਗ਼ ਨੂੰ ਸਾੜ ਰਹੀ ਹੈ ਜਿਸ ਨੂੰ ਬ੍ਰੇਨ ਰੋਟ ਵੀ ਆਖਿਆ ਜਾਂਦਾ ਹੈ ਅਤੇ ਲਗਾਤਾਰ ਫੋਕਸ ਕਰਨ ਦੀ ਸਮਰੱਥਾ ਘੱਟ ਰਹੀ ਹੈ।
ਜ਼ੈੱਨ ਬੀਟਾ 2025 : ਇਹ ਜਨਰੇਸ਼ਨ ਇਸ ਸਾਲ ਤੋਂ ਹੀ ਆਰੰਭ ਹੋਈ ਮੰਨੀ ਜਾਂਦੀ ਹੈ। ਇਹ ਸਦਾ ਹੀ ਰਿਹਾ ਹੈ ਕੇ ਨਵੀਂ ਜਨਰੇਸ਼ਨ ਪਹਿਲੀਆਂ ਜਨਰੇਸ਼ਨਾ ਤੋਂ ਵੱਧ ਅਡਵਾਂਸ ਹੁੰਦੀ ਹੈ ਸੋ ਇਸ ਵਿਚ ਵੀ ਹੋਵੇਗਾ ਕੇ ਇਹ ਜਨਰੇਸ਼ਨ ਅਲਫ਼ਾ ਜਨਰੇਸ਼ਨ ਤੋਂ ਵੀ ਅਡਵਾਂਸ ਹੋਵੇਗੀ। ਪਰ ਇਸ ਦੀ ਰੂਪ ਰੇਖਾ ਨੂੰ ਜਾਹਰ ਹੋਣ ਵਿਚ ਸਮਾਂ ਲਗੇਗਾ।
ਅਲੋਚਨਾ : ਕੁਝ ਅਲੋਚਕਾ ਦਾ ਇਸ ਥਿਊਰੀ ਬਾਰੇ ਇਹ ਮੰਨਣਾ ਹੈ ਕਿ ਇਹ ਸਿਰਫ ਪੱਛਮੀ ਖਿਆਲਾਂ ‘ਤੇ ਅਧਾਰਿਤ ਹੈ ਅਤੇ ਇਸ ਦੀ ਅਧੂਰੀ ਸਮਝ ਵੱਡੇ ਸੱਭਿਆਚਾਰਾਂ ਨੂੰ ਅਣਦੇਖਾ ਕਰਦੀ ਰਹੀ ਹੈ ਇਸ ਕਰਕੇ ਇਹ ਥਿਊਰੀ ਸਾਰਿਆਂ ਤੇ ਲਾਗੂ ਨਹੀਂ ਹੁੰਦੀ। ਇਸ ਥਿਊਰੀ ਉੱਤੇ ਅੱਡ-ਅੱਡ ਵਿਚਾਰ ਧਾਰਾਵਾ ਵਲੋਂ ਅਲੋਚਨਾ ਵੀ ਕੀਤੀ ਗਈ ਜਿਵੇਂ ਕੁਝ ਵਿਚਾਰਕਾਂ ਦਾ ਇਹ ਮੰਨਣਾ ਹੈ ਕਿ ਮੈਨਹਾਈਮ ਨੇ ਪੀੜ੍ਹੀ ਨੂੰ ਇੱਕ ਇਕਾਈ ਵਜੋਂ ਵੇਖਿਆ ਹੈ ਜੋ ਇਕੋ ਜਿਹੇ ਤਜਰਬੇ ਸਾਂਝੇ ਕਰਦੀ ਹੈ। ਪਰ ਹਕੀਕਤ ਵਿੱਚ ਇੱਕੋ ਪੀੜ੍ਹੀ ਦੇ ਲੋਕਾਂ ਵਿੱਚ ਵੀ ਵੱਡੀ ਭਿੰਨਤਾ ਹੋ ਸਕਦੀ ਹੈ—ਜਿਵੇਂ ਜਾਤ, ਵਰਗ, ਲਿੰਗ, ਅਤੇ ਭੂਗੋਲ ਦੇ ਅਧਾਰ ‘ਤੇ। ਇਸ ਕਰਕੇ ਇਹ ਥਿਊਰੀ ਕਈ ਵਾਰੀ ਹਕੀਕਤ ਨੂੰ ਢੁੱਕਦੀ ਨਹੀਂ। ਮਾਰਕਸਵਾਦੀ ਨਜ਼ਰੀਏ ਅਨੁਸਾਰ ਇਸ ਥਿਊਰੀ ਦੀ ਇਹ ਮੁੱਖ ਘਾਟ ਹੈ ਕੇ ਇਹ , ਸਮਾਜਿਕ ਬਦਲਾਅ ਦਾ ਮੁੱਖ ਕਾਰਨ ਵਰਗ ਸੰਘਰਸ਼ ਨੂੰ ਮੰਨਣ ਦੀ ਵਜਾਏ, ਪੀੜ੍ਹੀ ਨੂੰ ਕੇਂਦਰ ਵਿੱਚ ਰੱਖਿਆ ਹੋਇਆ ਹੈ। ਜਿਸ ਕਾਰਨ ਇਹ ਥਿਊਰੀ ਕਈ ਵਾਰ ਸਮਾਜਿਕ ਅਸਮਾਨਤਾ ਨੂੰ ਸਮਝਣ ਵਿੱਚ ਨਾਕਾਮ ਰਹਿੰਦੀ ਹੈ। ਉਹ ਪੱਛਮੀ ਯੂਰਪ ਦੇ ਸੰਦਰਭ ਵਿੱਚ ਲਿਖ ਰਿਹਾ ਸੀ, ਇਸ ਥਿਊਰੀ ਨੂੰ ਵਿਸ਼ਵ ਪੱਧਰ ‘ਤੇ ਲਾਗੂ ਕਰਨਾ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਇਹ ਮੁੱਖ ਰੂਪ ਵਿੱਚ ਯੋਰਪ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਗਈ ਸੀ, ਜਦਕਿ ਵੱਖ-ਵੱਖ ਸੱਭਿਆਚਾਰਾਂ ਵਿੱਚ “ਪੀੜ੍ਹੀ” ਦੀ ਪਰਿਭਾਸ਼ਾ ਅਤੇ ਅਹਿਸਾਸ ਵੱਖਰੇ ਹੋ ਸਕਦੇ ਹਨ।