ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥੇਬੰਦੀਆਂ ਵੱਲੋਂ “ਸ਼੍ਰੋਮਣੀ ਅਕਾਲੀ ਦਲ” ਦੀ ਨੀਤੀ, ਵਿਧਾਨ ਤੇ ਪੁਨਰਸੁਰਜੀਤੀ ਦੇ ਸੰਬੰਧ ਵਿੱਚ ਇੱਕ ਤਿੰਨ ਦਿਨਾਂ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸਮੇਂ ਡਾਕਟਰ ਕੰਵਲਜੀਤ ਸਿੰਘ ਨੇ ਆਪਣੇ ਵਿਚਾਰ ਆਏ ਹੋਈ ਸੰਗਤ ਅਤੇ ਬੁਲਾਰਿਆਂ ਨਾਲ ਸਾਂਝੇ ਕੀਤੇ। ਉਹਨਾਂ ਨੇ “ਸ਼੍ਰੋਮਣੀ, ਅਕਾਲੀ ਅਤੇ ਦਲ” ਇਹਨਾਂ ਤਿੰਨਾਂ ਅੱਖਰਾਂ ਨੂੰ ਵਿਸਥਾਰ ਨਾਲ ਖੋਲਦੇ ਹੋਏ ਇਹਨਾਂ ਦੀ ਬਹੁਤ ਵਧੀਆ ਅਤੇ ਢੁਕਵੀ ਵਿਆਖਿਆ ਕੀਤੀ ਅਤੇ ਦੱਸਿਆ ਕਿ ਇਹ ਤਿੰਨੋਂ ਸ਼ਬਦ ਆਪਣੇ ਆਪ ਵਿੱਚ ਬਹੁਤ ਪਵਿੱਤਰ ਅਤੇ ਉੱਚੇ ਹਨ। ਪਰ ਅਜੋਕਾ ਸ਼੍ਰੋਮਣੀ ਅਕਾਲੀ ਦਲ ਕੇਵਲ ਸੱਤਾ ਦੇ ਲਾਲਚ ਵਿੱਚ ਇਸ ਦੀ ਦੁਰਵਰਤੋਂ ਕਰ ਰਿਹਾ ਹੈ। ਜੇਕਰ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨੀਤੀ, ਵਿਧਾਨ ਅਤੇ ਪੁਨਰ ਸੁਰਜੀਤੀ ਦੀ ਗੱਲ ਕਰ ਰਹੇ ਹਾਂ ਤਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਇਹ ਸ਼ਬਦ ਕਿਸੇ ਦੁਨਿਆਵੀ ਤਖਤ ਦੀ ਅਧੀਨਗੀ ਦੇ ਮੁਹਤਾਜ ਨਹੀਂ ਹਨ। ਜਦ ਕਿ ਦੁਨਿਆਵੀ ਤਖਤ ਇਸ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਹੋਣੇ ਚਾਹੀਦੇ ਹਨ। ਜੇਕਰ ਅਸੀਂ ਇਸ ਨੂੰ ਦੁਬਾਰਾ ਤੋਂ ਮੁੜ ਸੁਰਜੀਤ ਕਰਨਾ ਹੈ ਤਾਂ ਸਾਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਪਵੇਗਾ ਕਿ ਇਹਨਾਂ ਸ਼ਬਦਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਅਜਿਹੇ ਉੱਚੇ ਕਿਰਦਾਰਾਂ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੌਪਣੀ ਚਾਹੀਦੀ ਹੈ, ਜੋ ਕਿਸੇ ਵੀ ਪ੍ਰਕਾਰ ਦੇ ਲਾਲਚਾਂ, ਅਹੁਦਿਆਂ ਦੀ ਮਨਸ਼ਾ ਅਤੇ ਨਿਜ ਸਵਾਰਥਾਂ ਤੋਂ ਨਿਰਲੇਪ ਹੋਣ।