ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ 29 ਜੁਲਾਈ 2026 ਨੂੰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੁਹਾਲੀ ਤੋਂ ਚੰਡੀਗੜ੍ਹ ਤੱਕ ਕੱਢੇ ਗਏ ਰੋਸ ਮਾਰਚ ਦੇ ਮਾਮਲੇ ਵਿੱਚ 15 ਆਗੂਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ।
ਪੁਲਿਸ ਵੱਲੋਂ ਥਾਣਾ ਸੈਕਟਰ-49 ਵਿੱਚ ਦਰਜ ਕੀਤੀ ਗਈ ਐੱਫ.ਆਈ.ਆਰ. ਅਨੁਸਾਰ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀਆਂ ਧਾਰਾਵਾਂ 121(1), 132 ਅਤੇ 223 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨਾਮਜ਼ਦ ਕੀਤੇ ਗਏ ਆਗੂਆਂ ਵਿੱਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਜਗਦੀਪ ਸਿੰਘ ਕੰਸਾਲਾ, ਇਕਬਾਲ ਸਿੰਘ ਸੰਧੂ, ਪਰਮਜੀਤ ਸਿੰਘ ਜੌਹਲ, ਸਾਬਕਾ ਵਿਧਾਇਕ ਅਜਾਇਬ ਸਿੰਘ ਮੁਖਮੈਲਪੁਰ, ਚਮਕੌਰ ਸਿੰਘ ਧੁੰਨ, ਐਡਵੋਕੇਟ ਇਮਾਨ ਸਿੰਘ ਖਾਰਾ, ਜਸਵਿੰਦਰ ਸਿੰਘ ਦੜੋਲੀ, ਇਕਬਾਲ ਸਿੰਘ ਝੂੰਦਾਂ, ਕਰਨੈਲ ਸਿੰਘ ਪੰਜੋਲੀ, ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਲਖਵੀਰ ਸਿੰਘ ਲੱਖਾ ਸ਼ਾਮਲ ਹਨ।
ਇਸ ਦੌਰਾਨ ਪ੍ਰਦਰਸ਼ਨ ਵਿੱਚ ਸ਼ਾਮਲ ਕੁਝ ਨੌਜਵਾਨਾਂ ਅਤੇ ਜਥੇਬੰਦੀ ਦੇ ਆਗੂਆਂ ਵਿਚਾਲੇ ਤਕਰਾਰ ਵੀ ਵੇਖਣ ਨੂੰ ਮਿਲੀ। ਕੁਝ ਨੌਜਵਾਨ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਅੱਗੇ ਵਧਣ ‘ਤੇ ਅੜੇ ਹੋਏ ਸਨ, ਜਦਕਿ ਜਥੇਬੰਦੀ ਦੇ ਆਗੂ ਉਨ੍ਹਾਂ ਨੂੰ ਰੋਕਣ ਅਤੇ ਸਥਿਤੀ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਮੌਕੇ ਲੱਖਾ ਸਿਧਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਦਾਅਵਾ ਕੀਤਾ ਕਿ ਮੋਰਚੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਘੁਸਪੈਠ ਕੀਤੀ ਸੀ, ਜੋ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ।