ਚੰਡੀਗੜ੍ਹ: ਬੀਤੇ ਦਿਨ ਹੋਈ ਸੰਜੇ ਦੱਤ ਦੀ ਰਿਹਾਈ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਹਿੰਦ ਅਤੇ ਪੰਜਾਬ ਵਿਚ ਹੁਕਮਰਾਨਾਂ ਵੱਲੋ ਬਹੁਗਿਣਤੀ ਹਿੰਦੂ ਕੌਮ ਅਤੇ ਘੱਟ ਗਿਣਤੀ ਸਿੱਖ, ਮੁਸਲਿਮ ਅਤੇ ਇਸਾਈਆ ਨਾਲ ਵਿਧਾਨਿਕ ਅਤੇ ਕਾਨੂੰਨੀ ਤੌਰ ਤੇ ਕੀਤੇ ਜਾ ਰਹੇ ਘੋਰ ਵਿਤਕਰਿਆ ਅਤੇ ਬੇਇਨਸਾਫ਼ੀਆ ਦੀ ਗੱਲ ਉਦੋ ਹੋਰ ਸਪੱਸਟ ਰੂਪ ਵਿਚ ਨਿਖਰਕੇ ਸਾਹਮਣੇ ਆਈ ਹੈ, ਜਦੋ 1993 ਵਿਚ ਮੁੰਬਈ ਵਿਚ ਹੋਏ ਲੜੀਵਾਰ ਬੰਬ ਧਮਾਕਿਆ ਦੇ ਮਾਮਲੇ ਵਿਚ ਆਰਮਡ ਐਕਟ ਤਹਿਤ 5 ਸਾਲ ਦੀ ਸਜਾ ਭੁਗਤ ਰਹੇ ਫਿਲਮੀ ਐਕਟਰ ਸੰਜੇ ਦੱਤ ਨੂੰ ਕਾਨੂੰਨ ਦੀ ਉਲੰਘਣਾ ਕਰਕੇ ਹੁਕਮਰਾਨਾਂ ਦੇ ਹੁਕਮਾਂ ਉਤੇ ਕੇਵਲ 42 ਮਹੀਨਿਆ ਦੀ ਸਜ਼ਾ ਕੱਟਣ ਉਪਰੰਤ ਹੀ 2 ਸਾਲ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ ਹੈ ਜੋ ਕਿ ਹਿੰਦ ਦੇ ਵਿਧਾਨ ਦੀ ਧਾਰਾ 14 ਦੀ ਘੋਰ ਉਲੰਘਣਾ ਕਰਨ ਦੇ ਤੁੱਲ ਅਮਲ ਹਨ । ਜੇਕਰ ਸੰਜੇ ਦੱਤ ਨੂੰ ਏ.ਕੇ-47 ਅਤੇ ਹੋਰ ਹਥਿਆਰ ਰੱਖਣ ਦੇ ਦੋਸ਼ਾਂ ਤੋ ਬਰੀ ਕਰਕੇ ਰਿਹਾਅ ਕੀਤਾ ਜਾ ਸਕਦਾ ਹੈ, ਤਾਂ ਵੱਖ-ਵੱਖ ਜੇਲ੍ਹਾਂ ਵਿਚ ਹੁਕਮਰਾਨਾਂ ਵੱਲੋ ਮੰਦਭਾਵਨਾ ਅਧੀਨ ਝੂਠੇ ਕੇਸਾਂ ਵਿਚ ਫਸਾਏ ਗਏ ਸਿੱਖ ਨੌਜਵਾਨਾਂ, ਕਸ਼ਮੀਰੀਆਂ ਅਤੇ ਹੋਰ ਸੂਬਿਆਂ ਦੇ ਆਪਣੇ ਹੱਕਾਂ ਲਈ ਜੂਝਣ ਵਾਲੇ ਕੈਦੀਆਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾਂਦਾ ?

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਜੇ ਦੱਤ ਨੂੰ ਹਿੰਦੂ ਹੋਣ ਦੀ ਬਦੌਲਤ ਵਿਧਾਨਿਕ ਤੇ ਕਾਨੂੰਨੀ ਪ੍ਰਕਿਰਿਆ ਤੋ ਪਾਸੇ ਰੱਖਕੇ ਸਿਆਸੀ ਪ੍ਰਭਾਵ ਅਧੀਨ ਰਿਹਾਅ ਕਰਨ ਦੇ ਕੀਤੇ ਗਏ ਫੈਸਲੇ ਉਤੇ ਡੂੰਘਾ ਦੁੱਖ ਤੇ ਹੈਰਾਨੀ ਜ਼ਾਹਰ ਕਰਦੇ ਹੋਏ ਦੂਸਰੀਆ ਘੱਟ ਗਿਣਤੀ ਕੌਮਾਂ ਨਾਲ ਸਬੰਧਿਤ ਜੇਲ੍ਹ ਵਿਚ ਬੰਦੀ ਕੈਦੀਆਂ ਨੂੰ ਰਿਹਾਅ ਨਾ ਕਰਨ ਦੇ ਵਿਤਕਰੇ ਭਰੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ ।
ਉਹਨਾਂ ਕਿਹਾ ਕਿ ਹਿੰਦ ਦੇ ਵਿਧਾਨ ਤੇ ਕਾਨੂੰਨ ਦੋ ਮੂੰਹ ਵਾਲੇ ਸੱਪ ਦੀ ਤਰ੍ਹਾਂ ਹਨ । ਜਦੋ ਇਹ ਵਿਧਾਨ ਤੇ ਕਾਨੂੰਨ ਕਿਸੇ ਬਹੁਗਿਣਤੀ ਨਾਲ ਸੰਬੰਧਤ ਦੋਸ਼ੀ ਨਾਲ ਵਰਤਾਉ ਕਰਦਾ ਹੈ ਤਾਂ ਇਹ ਮੋਮ ਦੀ ਤਰ੍ਹਾ ਨਰਮ ਹੋ ਜਾਂਦਾ ਹੈ ਅਤੇ ਹੁਕਮਰਾਨਾਂ ਦੀ ਇੱਛਾ ਅਨੁਸਾਰ ਜਿਸ ਤਰ੍ਹਾਂ ਮਰੋੜਨਾ ਚਾਹੁਣ, ਆਪਣੇ ਫਾਇਦਿਆ ਲਈ ਮਰੋੜ ਲੈਦੇ ਹਨ । ਜਦੋ ਇਹੀ ਕਾਨੂੰਨ ਤੇ ਵਿਧਾਨ ਘੱਟ ਗਿਣਤੀ ਕੌਮਾਂ ਸਿੱਖਾਂ, ਮੁਸਲਿਮ, ਇਸਾਈਆ ਨਾਲ ਵਰਤਾਉ ਕਰਦਾ ਹੈ ਤਾਂ ਇਹ ਜਾਲਮ ਬਣ ਜਾਂਦਾ ਹੈ । ਉਸੇ ਕਾਨੂੰਨਾਂ ਤਹਿਤ ਮੁਸਲਮਾਨਾਂ ਤੇ ਸਿੱਖਾਂ ਨੂੰ ਫ਼ਾਂਸੀ ਦੇ ਫੰਦੇ ਅਤੇ ਉਮਰ ਕੈਦਾਂ ਦੇਣ ਦੇ ਐਲਾਨ ਕਰਦਾ ਹੈ ।
ਇਕੋ ਵਿਧਾਨ ਤੇ ਇਕੋ ਕਾਨੂੰਨ ਤਹਿਤ ਇਹ ਕੀਤੇ ਜਾ ਰਹੇ ਵਿਤਕਰੇ ਅਤੇ ਬੇਇਨਸਾਫ਼ੀਆ ਨੂੰ ਮੁਸਲਿਮ, ਸਿੱਖ ਅਤੇ ਇਸਾਈ ਕੌਮਾਂ ਬਿਲਕੁਲ ਪ੍ਰਵਾਨ ਨਹੀਂ ਕਰਨਗੀਆ ਅਤੇ ਅਜਿਹੇ ਵਿਤਕਰੇ ਭਰੇ ਅਮਲ ਇਹਨਾਂ ਘੱਟ ਗਿਣਤੀ ਕੌਮਾਂ ਨੂੰ ਆਪਣੇ ਹੱਕ-ਹਕੂਕ ਪ੍ਰਾਪਤ ਕਰਨ ਅਤੇ ਹੁਕਮਰਾਨਾਂ ਦੀ ਦਹਿਸ਼ਤਗਰਦੀ ਵਾਲੀ ਸੋਚ ਵਿਰੁੱਧ ਮਜ਼ਬੂਤੀ ਨਾਲ ਉ¤ਠ ਖੜ੍ਹੇ ਹੋਣ ਦਾ ਵੀ ਸੱਦਾ ਦਿੰਦੀ ਹੈ । ਜੇਕਰ ਹੁਕਮਰਾਨਾਂ ਨੇ ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾ ਰਹੇ ਇਹ ਵਿਤਕਰੇ ਬੰਦ ਨਾ ਕੀਤੇ ਤਾਂ ਘੱਟ ਗਿਣਤੀ ਕੌਮਾਂ ਆਪਣੇ ਹੱਕ-ਹਕੂਕ ਪ੍ਰਾਪਤ ਕਰਨ ਲਈ ਅਤੇ ਇਸ ਗੁਲਾਮੀਅਤ ਵਾਲੇ ਹੁਕਮਰਾਨੀ ਅਮਲਾਂ ਤੋ ਨਿਜਾਤ ਪਾਉਣ ਲਈ ਆਉਣ ਵਾਲੇ ਸਮੇ ਵਿਚ ਜਮਹੂਰੀਅਤ ਅਤੇ ਅਮਨਮਈ ਤਰੀਕੇ ਇਕ ਵੱਡੀ ਕ੍ਰਾਂਤੀ ਲਿਆਉਣ ਲਈ ਮਜ਼ਬੂਰ ਹੋਣਗੀਆਂ । ਜਿਸ ਦੇ ਨਿਕਲਣ ਵਾਲੇ ਨਤੀਜਿਆ ਲਈ ਇਥੋ ਦੇ ਜ਼ਾਲਮ ਹੁਕਮਰਾਨ ਅਤੇ ਘੱਟ ਗਿਣਤੀ ਕੌਮਾਂ ਨਾਲ ਵਿਤਕਰੇ ਕਰਨ ਵਾਲਾ ਕਾਨੂੰਨ ਜਿੰਮੇਵਾਰ ਹੋਵੇਗਾ ਨਾ ਕਿ ਘੱਟ ਗਿਣਤੀ ਕੌਮਾਂ ।
ਸ. ਮਾਨ ਨੇ ਕੌਮਾਂਤਰੀ ਪੱਧਰ ਉਤੇ ਸੰਜੇ ਦੱਤ ਦੀ ਗੈਰ ਕਾਨੂੰਨੀ ਤਰੀਕੇ ਨਾਲ ਹੋਈ ਰਿਹਾਈ ਦੀ ਆਵਾਜ਼ ਨੂੰ ਉਠਾਉਦੇ ਹੋਏ ਕਿਹਾ ਕਿ ਜੇ ਭਾਰਤੀ ਹੁਕਮਰਾਨ ਵੱਲੋਂ ਕਾਨੂੰਨ ਦੀਆਂ ਧੱਜੀਆ ਉਡਾਕੇ ਸੰਜੇ ਦੱਤ ਵਰਗੇ ਹਿੰਦੂ ਅਪਰਾਧੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਤਾਂ ਉਸੇ ਬਰਾਬਰ ਦੇ ਅਪਰਾਧਾਂ ਦੇ ਲਗਾਏ ਗਏ ਦੋਸ਼ਾਂ ਅਧੀਨ ਕੈਦੀ ਬਣਾਏ ਗਏ ਮੁਸਲਮਾਨਾਂ, ਸਿੱਖ ਅਤੇ ਇਸਾਈਆ ਨੂੰ ਵੀ ਰਿਹਾਅ ਕੀਤਾ ਜਾਵੇ ।