ਅੰਮ੍ਰਿਤਸਰ (25 ਫਰਵਰੀ, 2016): ਦਿੱਲੀ ਦੀ ਤਿਹਾੜ ਜੇਲ ਵਿੱਚੋਂ ਅੰਮ੍ਰਿਤਸਰ ਦੀ ਜੇਲ ਵਿੱਚ ਬਦਲੀ ਕੀਤ ਸਿੱਖ ਕੈਦੀ ਦਵਿੰਦਰਪਾਲ ਸਿੰਘ ਭੁੱਲਰ ਖਿਲਾਫ ਪੰਜਾਬ ਪੁਲਿਸ ਨੇ ਅੱਜ ਇੱਕ 23 ਸਾਲ ਪੁਰਾਣਾ ਕੇਸ ਖੋਲਦੇ ਹੋਏ ਇੱਥੇ ਸਥਾਪਤ ਵਿਸ਼ੇਸ਼ ਟਾਡਾ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਪਹਿਲੀ ਮਾਰਚ ਨੂੰ ਤੈਅ ਕੀਤੀ ਹੈ।
ਇਸ ਦੌਰਾਨ ਮੈਡੀਕਲ ਬੋਰਡ ਨੂੰ ਉਸ ਦੀ ਸਿਹਤ ਦੀ ਸਥਿਤੀ ਬਾਰੇ ਰਿਪੋਰਟ ਮੰਗੀ ਹੈ ਤਾਂ ਜੋ ਕੇਸ ਨੂੰ ਅਗਾਂਹ ਵਧਾਉਣ ਸਬੰਧੀ ਫੈਸਲਾ ਲਿਆ ਜਾ ਸਕੇ। ਪ੍ਰੋ. ਭੁੱਲਰ ਨੂੰ ਪਿਛਲੇ ਸਾਲ ਜੂਨ ਮਹੀਨੇ ਵਿੱਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ। ਉਹ ਇਸ ਵੇਲੇ ਸੀਜ਼ੋਫੇਰਨੀਆ ਨਾਂ ਦੀ ਇਕ ਦਿਮਾਗੀ ਬਿਮਾਰੀ ਨਾਲ ਪੀੜਤ ਹੈ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੀ ਮਨੋਰੋਗ ਵਾਰਡ ਵਿੱਚ ਜ਼ੇਰੇ ਇਲਾਜ ਹੈ। ਅੱਜ ਉਸ ਨੂੰ 1992 ਵਿੱਚ ਬਟਾਲਾ ਦੇ ਸਦਰ ਥਾਣੇ ਵਿੱਚ ਦਰਜ ਇਕ ਕੇਸ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਪ੍ਰੋ. ਭੁੱਲਰ ਵੱਲੋਂ ਪੇਸ਼ ਹੋਏ ਸਿੱਖ ਹਿਤਾਂ ਦੀ ਫੈਰਵੀ ਕਰਨ ਵਾਲੇ ਵਕੀਲ਼ ਜਸਪਾਲ ਸਿੰਘ ਮੰਝਪੁਰ ਨੇ ਦੱਦਿਆ ਕਿ ਉਨ੍ਹਾਂ ਨੂੰ ਪੁਲਿਸ ਥਾਣਾ ਬਟਾਲਾ ਵਿੱਚ ਦਰਜ਼ ਪਰਚਾ ਨੰ: 233/92, ਅਧੀਨ ਧਾਰਾ 3,4 ਅਤੇ 5 ਟਾਡਾ, 307 ਭਾਰਤੀ ਦੰਡ ਵਿਧਾਨ ਅਤੇ ਬਾਰੂਦ ਕਾਨੂੰਨ ਦੀ ਧਾਰਾ 4 ਅਤੇ 5 ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
Punjab police opens 23 year old TADA case against Prof. Bhullar
ਭੁੱਲਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੱਥੇ ਜ਼ਿਲ੍ਹਾ ਕਚਹਿਰੀਆਂ ਵਿੱਚ ਵਿਸ਼ੇਸ਼ ਟਾਡਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਵੱਲੋਂ ਵਕੀਲ ਵਜੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਨਵਜੀਤ ਸਿੰਘ ਪੇਸ਼ ਹੋਏ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਮੈਡੀਕਲ ਬੋਰਡ ਕੋਲੋਂ ਉਸ ਦੀ ਦਿਮਾਗੀ ਸਥਿਤੀ ਸਬੰਧੀ ਰਿਪੋਰਟ ਮੰਗੀ ਹੈ, ਜਿਸ ਵਿੱਚ ਇਹ ਪੁੱਛਿਆ ਗਿਆ ਹੈ ਕਿ ਕੀ ਉਹ ਇਸ ਕੇਸ ਵਿਚ ਜਵਾਬਤਲਬੀ ਲਈ ਯੋਗ ਹੈ। ਵਕੀਲ ਸ੍ਰੀ ਮੰਝਪੁਰ ਨੇ ਦੱਸਿਆ ਕਿ ਅਦਾਲਤ ਨੇ ਅਗਲੀ ਸੁਣਵਾਈ ਪਹਿਲੀ ਮਾਰਚ ਨੂੰ ਰੱਖੀ ਹੈ ਅਤੇ ਇਸ ਤਰੀਕ ਤੱਕ ਉਸ ਦੀ ਮੈਡੀਕਲ ਰਿਪੋਰਟ ਪੇਸ਼ ਕੀਤੀ ਜਾਵੇਗੀ।
ਪੁਲਿਸ ਵੱਲੋਂ ਪੇਸ਼ ਕੀਤੇ ਚਾਲਾਨ ‘ਚ 11 ਗਵਾਹ ਸ਼ਾਮਿਲ ਕੀਤੇ ਗਏ ਹਨ ਅਤੇ ਇਨ੍ਹਾਂ ‘ਚੋਂ ਜਿਆਦਾਤਰ ਦੀ ਮੌਤ ਹੋ ਚੁੱਕੀ ਹੈ ।