ਅੰਮ੍ਰਿਤਸਰ – ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਪੰਜਾਬ ਵਿਚ ਮਾਝਾ, ਦੋਆਬਾ ਅਤੇ ਮਾਲਵਾ ਖੇਤਰ ਵਿੱਚ ਵਿਸ਼ਾਲ ਪ੍ਰੋਟੈਸਟ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਅਤੇ ਮਾਨ ਦਲ ਦੇ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਨੇ ਐਲਾਨ ਕਰਦੇ ਹੋਏ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਭਾਈ ਹਰਦੀਪ ਸਿੰਘ ਨਿੱਝਰ ਸਮੇਤ ਦੇਸ਼-ਵਿਦੇਸ਼ ਵਿੱਚ ਸਿੱਖ ਕਾਰਕੁਨਾਂ ਦੀਆਂ ਟਾਰਗੇਟ ਕਿਲਿੰਗਜ਼, ਪੀਲੀਭੀਤ ਵਿਖੇ ਵਾਪਰਿਆ ਝੂਠਾ ਪੁਲਿਸ ਮੁਕਾਬਲਾ, ਯੂ.ਏ.ਪੀ.ਏ. ਅਤੇ ਐਨ.ਐਸ.ਏ. ਵਰਗੇ ਕਾਲੇ ਕਨੂੰਨਾਂ ਰਾਹੀ ਕੀਤੀਆਂ ਨਜ਼ਾਇਜ਼ ਨਜ਼ਰਬੰਦੀਆਂ, ਸਵੈ-ਰਾਜ ਦੀ ਇੱਛਾ ਰੱਖਣ ਵਾਲੀਆਂ ਨਸਲੀ ਘੱਟ ਗਿਣਤੀਆਂ ਨੂੰ ਸਵੈ-ਨਿਰਣੇ ਦੇ ਅਧਿਕਾਰ ਤੋਂ ਇਨਕਾਰ ਕਰਨ ਅਤੇ ਭਾਰਤ ਸਰਕਾਰ ਦੀਆਂ ਕਿਸਾਨ-ਵਿਰੋਧੀ ਅਤੇ ਕਾਰਪੋਰੇਟ-ਪੱਖੀ ਨੀਤੀਆਂ ਦੇ ਵਿਰੋਧ ਵਿੱਚ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਗਠਨਾਂ ਦੇ ਕਾਰਕੁਨ 25 ਜਨਵਰੀ ਨੂੰ ਭਾਰਤ ਦੇ ਸੰਵਿਧਾਨਕ ਦਿਵਸ ਦੀ ਪੂਰਵ ਸੰਧਿਆ ‘ਤੇ ਗੁਰਦਾਸਪੁਰ (ਮਾਝਾ), ਜਲੰਧਰ (ਦੋਆਬਾ), ਮਾਨਸਾ (ਮਾਲਵਾ) ਦੀਆਂ ਸੜਕਾਂ ‘ਤੇ ਰੋਹ ਭਰਪੂਰ ਮਾਰਚ ਕਰਨਗੇ। ਉਨ੍ਹਾਂ ਨੇ ਪੰਜਾਬ ਭਰ ਵਿੱਚ ਲੋਕਾਂ ਨੂੰ ਭਾਰਤੀ ਗਣਤੰਤਰ ਦਿਵਸ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ।
ਦਲ ਖਾਲਸਾ ਨੇ ਡੋਨਾਲਡ ਟਰੰਪ ਨੂੰ ਮੁਬਾਰਕਬਾਦ ਦਿੱਤੀ ਜਿਨ੍ਹਾਂ ਨੇ ਅੱਜ ਮੁੜ ਇੱਕ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ। ਉਹਨਾਂ ਟਰੰਪ ਪਾਸੋਂ ਉਮੀਦ ਅਤੇ ਆਸ ਜਿਤਾਈ ਕਿ ਰਾਸ਼ਟਰਪਤੀ ਬਾਈਡਨ ਪ੍ਰਸ਼ਾਸਨ ਵੱਲੋਂ ਭਾਰਤੀ ਹਕੂਮਤ ਦੀਆਂ ਵਿਦੇਸ਼ਾਂ ਦੀ ਧਰਤੀ ਤੇ ਗੈਰ-ਨਿਆਇਕ ਕਤਲਾਂ ਦੇ ਨੀਤੀ ਨੂੰ ਨਕੇਲ ਪਾਉਣ ਦੀ ਵਿੱਢੀ ਮੁਹਿੰਮ ਨੂੰ ਅੰਜਾਮ ਤੱਕ ਲੈ ਕੇ ਜਾਣਗੇ ਅਤੇ ਭਾਰਤ ਨੂੰ ਦੁਨੀਆਂ ਦੀ ਕਚਹਿਰੀ ਵਿੱਚ ਜੁਆਬਦੇਹ ਬਣਾਉਣਗੇ।
ਦਲ ਖ਼ਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਅਮਰੀਕਾ ਵਾਸੀ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਦੀ ਜਾਂਚ ਲਈ ਭਾਰਤ ਸਰਕਾਰ ਵੱਲੋਂ ਬਣਾਈ ਗਈ ਉੱਚ-ਸ਼ਕਤੀਸ਼ਾਲੀ ਜਾਂਚ ਕਮੇਟੀ ਦੀ ਰਿਪੋਰਟ ਨੂੰ ਖਾਰਿਜ ਕਰਦਿਆਂ ਕਿਹਾ ਕਿ ਇਹ ਅੰਤਰਰਾਸ਼ਟਰੀ ਮੁਲਕਾਂ ਅਤੇ ਪੀੜਤ ਸਿੱਖ ਭਾਈਚਾਰੇ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਨੀਅਤ ਨਾਲ ਤਿਆਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਾਂਚ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਅਤੇ ਨਰਿੰਦਰ ਮੋਦੀ ਸਰਕਾਰ ਨੇ ਬੜੀ ਹੁਸ਼ਿਆਰੀ ਨਾਲ ਆਪਣੇ ਵੱਲੋਂ ਬਣਾਏ ਪੈਨਲ ਤੋਂ ਰਿਪੋਰਟ ਰਾਹੀਂ ਭਾਰਤੀ ਰਾਜਨੀਤਿਕ ਲੀਡਰਸ਼ਿਪ ਅਤੇ ਰਾਅ ਏਜੰਸੀ ਦੇ ਉੱਚ ਅਧਿਕਾਰੀਆਂ ਨੂੰ ਬਰੀ ਕਰਨ ( ਕਲੀਨ ਚਿਟ) ਦਾ ਰਸਤਾ ਲੱਭ ਲਿਆ ਹੈ।

ਉਨ੍ਹਾਂ ਕਿਹਾ ਕਿ ਇਹ ਮੰਨਣਾ ਬੇਤੁਕਾ ਅਤੇ ਹਾਸੋਹੀਣਾ ਹੈ ਕਿ ਇੱਕ ਇਕੱਲਾ ਵਿਅਕਤੀ ਵਿਕਾਸ ਯਾਦਵ ਜੋ ਉਸ ਸਮੇਂ ਰਾਅ ਦਾ ਅਧਿਕਾਰੀ ਸੀ, ਨੇ ਆਪਣੀ ਏਜੰਸੀ ਦੇ ਉਸ ਸਮੇਂ ਦੇ ਮੁਖੀ ਸੁਮੰਤ ਗੋਇਲ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਅਮਰੀਕਾ ਵਰਗੇ ਮੁਲਕ ਵਿੱਚ ਅਜਿਹੇ ਪੱਧਰ ਤੇ ਕਾਂਡ ਕਰਨ ਦੀ ਸਾਜ਼ਿਸ਼ ਰਚੀ ਹੋਵੇ। ਉਨ੍ਹਾਂ ਸਵਾਲ ਕੀਤਾ ਕਿ ਕੀ ਭਾਰਤ ਸੀ ਉੱਚ-ਸ਼ਕਤੀਸ਼ਾਲੀ ਜਾਂਚ ਕਮੇਟੀ ਸਿੱਖ ਅਵਾਮ ਨੂੰ ਇਹ ਦੱਸਣ ਦੀ ਖੇਚਲ ਕਰੇਗੀ ਕਿ ਵਿਕਾਸ ਯਾਦਵ ਦੀ ਗੁਰਪਤਵੰਤ ਪੰਨੂ ਨਾਲ ਕੀ ਨਿੱਜੀ ਦੁਸ਼ਮਣੀ ਸੀ ਜਾਂ ਹੈ ਕਿ ਉਸਨੇ ਨਿਖਿਲ ਗੁਪਤਾ ਰਾਹੀਂ ਪੇਸ਼ਾਵਰ ਕਤਲਾਂ ਨੂੰ ਇੱਕ ਲੱਖ ਡਾਲਰ ਖਰਚ ਕੇ ਮਰਵਾਉਣ ਦੀ ਕੋਸ਼ਿਸ਼ ਕੀਤੀ?
ਉਨ੍ਹਾਂ ਕਿਹਾ ਕਿ ਜਦੋਂ ਭਾਰਤ 26 ਜਨਵਰੀ ਨੂੰ ਆਪਣਾ 75ਵਾਂ ਗਣਤੰਤਰ ਦਿਵਸ ਮਨਾਏਗਾ, ਪੰਜਾਬ ਵਾਸੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕੀ ਕਿਵੇ ਇਸ ਮੁਲਕ ਦੇ ਹੁਕਮਰਾਨਾਂ ਨੇ ਸੰਵਿਧਾਨ ਦੀ ਵਰਤੋਂ ਕਰਕੇ ਜਾਂ ਦੁਰਵਰਤੋਂ ਕਰਕੇ ਪੰਜਾਬ ਅਤੇ ਖ਼ਾਸ ਕਰਕੇ ਸਿੱਖਾਂ ਨਾਲ ਬੇਇਨਸਾਫ਼ੀ, ਧੱਕੇਸ਼ਾਹੀ ਅਤੇ ਅੱਤਿਆਚਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਸਮੇ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਸਾਡੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਇੱਛਾਵਾਂ ਨੂੰ ਕੁਚਲਿਆ ਹੈ।
ਓਹਨਾ ਕਿਹਾ ਕਿ ਇਕ ਸਮੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਜਵਾਹਰ ਲਾਲ ਨਹਿਰੂ ਨੇ ਸਵੈ-ਨਿਰਣੇ ਦੇ ਅਧਿਕਾਰ ਜਿਸ ਵਿੱਚ ਵੱਖ ਹੋਣ ਦਾ ਅਧਿਕਾਰ ਵੀ ਸ਼ਾਮਲ ਸੀ ਨੂੰ ਸਵੀਕਾਰ ਕੀਤਾ ਸੀ, ਪਰ ਬਾਅਦ ਵਿੱਚ, ਭਾਰਤੀ ਲੀਡਰਸ਼ਿਪ ਆਪਣੇ ਸ਼ਬਦਾਂ ਤੋਂ ਮੁੱਕਰ ਗਈ।
Dal Khalsa and Mann Dal to Hold Protest Marches in Punjab on The Eve of Jan 26
ਦਲ ਖ਼ਾਲਸਾ ਦੇ ਯੂਥ ਆਗੂ ਗੁਰਨਾਮ ਸਿੰਘ ਅਤੇ ਸਕੱਤਰ ਮਾਨ ਸਿੰਘ ਨੇ ਕਿਹਾ ਕਿ ਪਿਛਲੇ ਸੱਤ ਦਹਾਕਿਆਂ ਤੋਂ ਭਾਰਤੀ ਨਿਜ਼ਾਮ ਸੰਵਿਧਾਨ ਦੀ ਆੜ ਹੇਠ ਹੀ ਅੱਡ ਹੋਣ ਦੀ ਤਾਂਘ ਰੱਖਣ ਵਾਲੇ ਪੰਜਾਬ, ਕਸ਼ਮੀਰ, ਨਾਗਾਲੈਂਡ, ਮਨੀਪੁਰ ਦੇ ਲੋਕਾਂ ਦੀਆਂ ਆਵਾਜ਼ਾਂ ਨੂੰ ਕੁਚਲ ਰਿਹਾ ਹੈ। ਉਹਨਾਂ ਕਿਹਾ ਕਿ 1980 ਵੇਂ ਦਹਾਕੇ ਤੋਂ ਲੜ੍ਹੇ ਜਾ ਰਹੇ ਮੌਜੂਦਾ ਸਿੱਖ ਸੰਘਰਸ਼ ਦੀਆਂ ਜੜ੍ਹਾਂ ਵੀ ਭਾਰਤੀ ਲੀਡਰਸ਼ਿਪ ਦੇ ਸਿੱਖ ਕੌਮ ਨਾਲ ਕੀਤੇ ਵਾਅਦਿਆਂ ਤੋਂ ਮੁੱਕਰਨ ਨਾਲ ਜੁੜੀਆਂ ਹੋਈਆਂ ਹਨ।
ਉਹਨਾਂ ਦੱਸਿਆ ਕਿ ਸਾਡੇ ਇਹਨਾਂ ਪ੍ਰੋਟੈਸਟ ਮਾਰਚਾਂ ਵਿੱਚ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੀ ਅਗਵਾਈ ਵਾਲਾ ਅੰਤਰਰਾਸ਼ਟਰੀ ਪੰਥਕ ਦਲ ਅਤੇ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਾਲਾ ਅਕਾਲੀ ਦਲ ਵੀ ਸ਼ਮੂਲੀਅਤ ਕਰੇਗਾ।
ਉਹਨਾਂ ਦੱਸਿਆ ਕਿ ਗੁਰਦਾਸਪੁਰ ਵਿੱਚ ਮਾਰਚ ਗੁਰਦਵਾਰਾ ਬਾਬਾ ਲਾਲ ਸਿੰਘ (ਨੇੜੇ ਨਵਾਂ ਬੱਸ ਅੱਡਾ) ਤੋ ਆਰੰਭ ਹੋ ਕੇ ਜਹਾਜ਼ ਚੌਕ ਵਿਖੇ ਸਮਾਪਤ ਹੋਵੇਗਾ। ਇਸੇ ਤਰਾਂ ਜਲੰਧਰ ਵਿੱਚ ਮਾਰਚ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਤੋ ਸ਼ੁਰੂ ਹੋ ਕੇ ਮਾਡਲ ਟਾਊਨ ਤੋਂ ਲੰਘਦਿਆਂ ਹੋਇਆ ਬਾਬਾ ਅੰਬੇਦਕਰ ਚੌਂਕ ਵਿਖੇ ਸਮਾਪਤ ਹੋਵੇਗਾ।