ਕਪੂਰਥਲਾ (9 ਮਈ, 2015): ਗ੍ਰੰਥੀ ਸਿੰਘਾਂ ਦੀ ਕੁੱਟਮਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸਤਿਕਾਰ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਖੋਸਾ ਅਤੇ ਉਸ ਦੇ ਸਾਥੀ ਗੁਰਮੀਤ ਸਿੰਘ ਸੋਢੀ ਨੂੰ ਸ਼ਨਿਚਰਵਾਰ ਨੂੰ ਨੂਰਪੁਰ ਦੋਨਾਂ ਸਥਿਤ ਜੁਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਇੰਦੂ ਬਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਦਾਲਤ ਨੇ ਦੋਵਾਂ ਨੂੰ 23 ਮਈ ਤੱਕ ਜੁਡੀਸ਼ੀਅਲ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਚੌਧਰੀਆਂ ਦੇ ਐਸ ਐਚ ਓ ਨਰਿੰਦਰ ਕੁਮਾਰ 7-8 ਪੁਲੀਸ ਕਰਮਚਾਰੀਆਂ ਦੇ ਨਾਲ ਸਤਿਕਾਰ ਕਮੇਟੀ ਦੇ ਪ੍ਰਧਾਨ ਅਤੇ ਉਸ ਦੇ ਸਾਥੀ ਨੂੰ ਸਵੇਰੇ 11 ਵਜੇ ਕੋਰਟ ਕੰਪਲੈਕਸ ਲੈ ਕੇ ਪੁੱਜੇ। ਦੋਨਾਂ ਮੁਲਜ਼ਮਾਂ ਦੀ ਪੇਸ਼ੀ ਪਹਿਲਾਂ ਜੁਡੀਸ਼ੀਅਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਮਨਦੀਪ ਕੌਰ ਦੀ ਅਦਾਲਤ ਵਿੱਚ ਹੋਣੀ ਸੀ, ਪਰ ਉਨ੍ਹਾਂ ਦੇ ਛੁੱਟੀ ’ਤੇ ਹੋਣ ਕਾਰਨ ਦੋਵਾਂ ਮੁਲਜ਼ਮਾਂ ਨੂੰ ਕਪੂਰਥਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਖੋਸਾ ਦਾ ਪੁਲੀਸ ਰਿਮਾਂਡ ਖਤਮ ਹੋਣ ’ਤੇ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਣਾ ਸੀ, ਜਿਸ ਕਾਰਨ ਸੁਲਤਾਨਪੁਰ ਲੋਧੀ ਕੋਰਟ ਕੰਪਲੈਕਸ ਵਿੱਚ ਸ਼ਿਕਾਇਤਕਰਤਾ ਅਤੇ ਖੋਸਾ ਦੇ ਸਮਰਥਕ ਇਕੱਠੇ ਹੋਣ ਲੱਗ ਪਏ। ਦੋਵਾਂ ਧਿਰਾਂ ਵਿੱਚ ਝੜਪ ਹੋਣ ਦੀ ਸੰਭਾਵਨਾ ਸੀ ਪਰ ਪੁਲੀਸ ਨੇ ਖੋਸਾ ਨੂੰ ਉਥੇ ਪੇਸ਼ ਨਾ ਕਰਕੇ ਕਪੂਰਥਲਾ ਅਦਾਲਤ ਵਿੱਚ ਪੇਸ਼ ਕੀਤਾ।
ਜ਼ਿਕਰਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁਖ ਰੱਖਦਿਆਂ ਹੋਇਆਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੜੀਆਂ, ਕਬਰਾਂ, ਅਤੇ ਜਠੇਰਿਆਂ ਵਰਗੀਆਂ ਜਗ੍ਹਾ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ। ਪਰ ਫਿਰ ਵੀ ਕੁਝ ਅਗਿਆਨੀ ਜਾਂ ਲਾਲਚ ਵੱਸ ਪਾਠੀ ਸਿੰਘ ਇਨ੍ਹਾਂ ਗੁਰਮਤਿ ਵਿਰੋਧੀ ਥਾਵਾਂ ‘ਤੇ ਰੋਕਣ ਦੇ ਬਾਵਜੂਦ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੰਦੇ ਹਨ। ਅਜਿਹੀ ਬਹੁਤੀਆਂ ਘਟਨਾਵਾਂ ਵਿੱਚ ਉਨ੍ਹਾਂ ਨੂੰ ਇਲਾਕੇ ਦੇ ਰਾਜਸੀ ਵਿਅਕਤੀਆਂ ਦੀ ਸ਼ਹਿ ਹੰਦੀ ਹੈ।
ਉਪਰੋਕਤ ਕੇਸ ਵਿੱਚ ਵੀ ਸਬੰਧਿਤ ਗ੍ਰੰਥੀ ਸਿੰਘਾਂ ਨੂੰ ਜਠੇਰਿਆਂ ‘ਤੇ ਪ੍ਰਕਾਸ਼ ਨਾ ਕਰਨ ਬਾਰੇ ਸਤਿਕਾਰ ਕਮੇਟੀ ਨੇ ਚੇਤਾਵਨੀ ਦਿੱਤੀ ਹੋਈ ਸੀ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਕਮੇਟੀ ਦੀ ਚੇਤਾਵਨੀ ਦੀ ਪ੍ਰਵਾਹ ਨਾ ਕਰਦਿਆਂ ਗ੍ਰੰਥੀਆਂ ਨੇ ਜਠੇਰਿਆਂ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਸੀ, ਜਿਸ ਕਰਕੇ ਇਹ ਘਟਨਾ ਵਾਪਰੀ।