ਲੁਧਿਆਣਾ (8 ਫਰਵਰੀ, 2016): ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲ਼ਿਆਂ ਦੇ ਇੰਚਾਰਜ਼ ਸੰਜੇ ਸਿੰਘ ਨੂੰ ਅਦਾਲਤ ਨੇ ਪੰਜਾਬ ਦੇ ਮਾਲ ਮੰਤਰੀ. ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਮਾਨਹਾਨੀ ਦੇ ਕੇਸ ‘ਚ ਜ਼ਮਾਨਤ ਦੇ ਦਿੱਤੀ ਹੈ ।

ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਦੇ ਮਾਮਲੇ ਨੂੰ ਲੈ ਕੇ ਸੰਜੇ ਸਿੰਘ ਵੱਲੋਂ ਸ. ਮਜੀਠੀਆ ਖਿਲਾਫ ਬਿਆਨਬਾਜੀ ਕੀਤੀ ਸੀ, ਜਿਸ ਕਾਰਨ ਸ. ਮਜੀਠੀਆ ਵੱਲੋਂ ਸਥਾਨਕ ਅਦਾਲਤ ‘ਚ ਸੰਜੇ ਸਿੰਘ ਖਿਲਾਫ ਮਾਨਹਾਨੀ ਦਾ ਅਪਰਾਧਿਕ ਮਾਮਲਾ ਦਾਇਰ ਕਰਵਾਇਆ ਗਿਆ ਸੀ ।
ਸੰਜੇ ਸਿੰਘ ਦਾ ਬਿਆਨ ਅਖਬਾਰ ‘ਚ ਛਾਪਣ ਨੂੰ ਲੈ ਕੇ ਅੰਗਰੇਜੀ ਅਖਬਾਰ ਦੇ ਦੋ ਸੰਪਾਦਕਾਂ ਤੇ ਇਕ ਪੱਤਰਕਾਰ ਨੂੰ ਵੀ ਧਿਰ ਬਣਾਇਆ ਗਿਆ ਸੀ ।ਭਾਵੇਂ ਇਨ੍ਹਾਂ ਸਾਰਿਆਂ ਨੂੰ ਅਦਾਲਤ ਵੱਲੋਂ ਸੰਮਨ ਤਾਮੀਲ ਨਹੀਂ ਹੋਏ ਸਨ, ਪਰ ਫਿਰ ਵੀ ਸੰਜੇ ਸਿੰਘ ਅੱਜ ਸਵੇਰੇ 11.30 ਵਜੇ ਦੇ ਕਰੀਬ ਅਦਾਲਤ ‘ਚ ਪੇਸ਼ ਹੋਏ ।
ਜੱਜ ਨੇ ਸੰਜੇ ਸਿੰਘ ਦੀ ਇਸ ਮਾਮਲੇ ‘ਚ ਜ਼ਮਾਨਤ ਦੀ ਅਰਜੀ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ 50 ਹਜਾਰ ਰੁਪਏ ਦੇ ਜ਼ਮਾਨਤ ਦੇਣ ਦੇ ਹੁਕਮ ਦਿੱਤੇ ।ਮਾਮਲੇ ਦੀ ਸੁਣਵਾਈ 20 ਫਰਵਰੀ ਤੱਕ ਮੁਅਤੱਲ ਕਰ ਦਿੱਤੀ ਹੈ ।ਇਸ ਮੌਕੇ ਸੰਜੇ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਨਸ਼ਾ ਤਸਕਰੀ ‘ਚ ਮਜੀਠੀਆ ਦਾ ਹੱਥ ਹੈ ਤੇ ਉਹ ਇਸ ਸਬੰਧੀ ਅਦਾਲਤ ‘ਚ ਸਬੂਤ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਅੱਜ ਵੀ ਇਸ ਬਿਆਨ ‘ਤੇ ਕਾਇਮ ਹਨ ।