ਚੰਡੀਗੜ੍ਹ/ਮਲੇਰਕੋਟਲਾ: ਪੰਜਾਬ ਪੁਲਿਸ ਦੀ ਸੰਗਰੂਰ ਜ਼ਿਲ੍ਹੇ ਤੋਂ ਐਸ.ਪੀ.ਡੀ. ਜਸਕਰਨ ਸਿੰਘ ਤੇਜਾ ਦੀ ਅਗਵਾਈ ਵਿਚ ਗਈ ਇਕ ਪੁਲਿਸ ਪਾਰਟੀ ਵੱਲੋਂ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਰਾਤ ਕੋਈ ਸਾਢੇ 8 ਵਜੇ ਉਨ੍ਹਾਂ ਦੇ ਵਸੰਤਕੁੰਜ ਸਥਿਤ ਨਿਵਾਸ-ਕਮ-ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਪੁਲਿਸ ਦੀ ਇਸ ਟੀਮ ਵੱਲੋਂ ਅੱਜ ਸਵੇਰੇ ਕੋਈ ਸਾਢੇ 5 ਵਜੇ ਯਾਦਵ ਦੇ ਨਿਵਾਸ ਅਸਥਾਨ ‘ਤੇ ਗ੍ਰਿਫਤਾਰੀ ਲਈ ਛਾਪਾ ਮਾਰਿਆ ਸੀ ਪਰ ਉਹ ਪੁਲਿਸ ਦੇ ਕਾਬੂ ਨਾ ਆਇਆ ਅਤੇ ਉਨ੍ਹਾਂ ਦੇ ਘਰਦਿਆਂ ਵੱਲੋਂ ਪੁਲਿਸ ਨੂੰ ਕਿਹਾ ਗਿਆ ਕਿ ਉਹ ਸਵੇਰ ਦੀ ਸੈਰ ‘ਤੇ ਚਲੇ ਗਏ ਹਨ ਅਤੇ ਬਾਅਦ ਵਿਚ ਪੁਲਿਸ ਪਾਰਟੀ ਨੂੰ ਦੁਬਾਰਾ ਜਾਣ ‘ਤੇ ਪਤਾ ਲੱਗਾ ਕਿ ਉਹ ਘਰ ਨਹੀਂ ਪਰਤੇ ਅਤੇ ਕਿਸੇ ਸਸਕਾਰ ‘ਤੇ ਚਲੇ ਗਏ ਹਨ।
ਪੁਲਿਸ ਪਾਰਟੀ ਜਿਸ ਵਿਚ 2 ਡੀ.ਐਸ.ਪੀ. ਪੱਧਰ ਦੇ ਅਧਿਕਾਰੀ ਵੀ ਸ਼ਾਮਿਲ ਸਨ ਵੱਲੋਂ ਸਾਰਾ ਦਿਨ ਦਿੱਲੀ ਪੁਲਿਸ ਦੀ ਮੱਦਦ ਨਾਲ ਯਾਦਵ ਦੀ ਭਾਲ ਕੀਤੀ ਗਈ ਅਤੇ ਦੁਪਹਿਰ ਨੂੰ ਪਤਾ ਲੱਗਾ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਇਸ ਦੌਰਾਨ ਡੀ.ਜੀ.ਪੀ. ਪੰਜਾਬ ਆਈ.ਜੀ. ਪਟਿਆਲਾ ਜ਼ੋਨ ਅਤੇ ਐਸ.ਐਸ.ਪੀ. ਸੰਗਰੂਰ ਨੂੰ ਵੀ ਟੈਲੀਫੋਨ ਕਰਕੇ ਪੁਲਿਸ ਛਾਪਿਆਂ ਦਾ ਵਿਰੋਧ ਕਰਦਿਆਂ ਛਾਪਿਆਂ ਦੇ ਕਾਰਨ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪਾਰਟੀ ਆਗੂਆਂ ਨੂੰ ਦੱਸਿਆ ਗਿਆ ਕਿ ਪੁਲਿਸ ਪਾਰਟੀ ਵੱਲੋਂ ਕੱਲ੍ਹ ਮਲੇਰਕੋਟਲਾ ਦੀ ਅਦਾਲਤ ਵੱਲੋਂ ਨਰੇਸ਼ ਯਾਦਵ ਦੇ ਗ੍ਰਿਫਤਾਰੀ ਵਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਉਕਤ ਕਾਰਵਾਈ ਕੀਤੀ ਗਈ ਹੈ।
ਸਾਰਾ ਦਿਨ ਪੁਲਿਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਹੁੰਦੀ ਰਹੀ ਗੱਲਬਾਤ ਤੋਂ ਬਾਅਦ ਯਾਦਵ ਰਾਤ ਸੰਜੇ ਸਿੰਘ ਨਾਲ ਆਪਣੇ ਨਿਵਾਸ ਅਸਥਾਨ ‘ਤੇ ਜਿਵੇਂ ਹੀ ਪੁੱਜੇ, ਪੰਜਾਬ ਪੁਲਿਸ ਦੀ ਪਾਰਟੀ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਪਾਰਟੀ ਬਾਅਦ ਵਿਚ ਯਾਦਵ ਨੂੰ ਵਸੰਤ ਕੁੰਜ ਦੇ ਦਿੱਲੀ ਸਥਿਤ ਥਾਣੇ ਵਿਚ ਲੈ ਕੇ ਗਈ, ਜਿੱਥੇ ਕਿ ਦਿੱਲੀ ਪੁਲਿਸ ਨੂੰ ਗ੍ਰਿਫਤਰੀ ਸਬੰਧੀ ਸੂਚਿਤ ਕਰਨ ਅਤੇ ਰਾਹਦਾਰੀ ਦੇ ਕਾਗਜ਼ਾਤ ਤਿਆਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਸੀ। ਰਾਜ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਯਾਦਵ ਨੂੰ ਕੱਲ੍ਹ ਸਵੇਰੇ 11 ਵਜੇ ਮਲੇਰਕੋਟਲਾ ਵਿਖੇ ਸਬੰਧਤ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਤੋਂ ਪੁੱਛਗਿੱਛ ਅਤੇ ਜਾਂਚ ਲਈ ਅਦਾਲਤ ਤੋਂ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸੰਗਰੂਰ ਪੁਲਿਸ ਵੱਲੋਂ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਦੀ ਕਾਰਵਾਈ ਸਬੰਧੀ ਦਰਜ ਕੇਸ ਵਿਚ ਗ੍ਰਿਫਤਾਰੀ ਮੁੱਖ ਦੋਸ਼ੀ ਵਿਜੇ ਗਰਗ, ਜੋ ਕਿ ਹਿੰਦੂਵਾਦੀ ਜਥੇਬੰਦੀ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਸਰਗਰਮ ਮੈਂਬਰ ਹੈ, ਦੇ ਬਿਆਨਾਂ ਦੇ ਅਧਾਰ ‘ਤੇ ਪੁੱਛਗਿੱਛ ਲਈ 2 ਵਾਰ ਬੁਲਾ ਕੇ ਪੁੱਛਗਿੱਛ ਕੀਤੀ ਗਈ ਸੀ ਅਤੇ ਵਿਜੇ ਗਰਗ ਅਤੇ ਯਾਦਵ ਨੂੰ ਇੱਕ ਦੂਸਰੇ ਦੇ ਸਾਹਮਣੇ ਬਿਠਾ ਕੇ ਵੀ ਸੁਆਲ ਜੁਆਬ ਕੀਤੇ ਗਏ ਸਨ। ਲੇਕਿਨ ਪੁਲਿਸ ਅਧਿਕਾਰੀਆਂ ਦਾ ਮੰਨਣਾ ਸੀ ਕਿ ਯਾਦਵ ਪੁਲਿਸ ਨੂੰ ਠੀਕ ਜਾਣਕਾਰੀ ਨਹੀਂ ਦੇ ਰਹੇ। ਪੁਲਿਸ ਦਾ ਦੋਸ਼ ਹੈ ਕਿ ਮੁੱਖ ਦੋਸ਼ੀ ਵਿਜੇ ਗਰਗ ਵੱਲੋਂ ਪੁੱਛਗਿੱਛ ਦੌਰਾਨ ਦੱਸਿਆ ਗਿਆ ਕਿ ਉਸ ਨੂੰ ਬੇਅਦਬੀ ਵਾਲੀ ਕਾਰਵਾਈ ਕਰਨ ਲਈ ਨਰੇਸ਼ ਯਾਦਵ ਵੱਲੋਂ ਉਕਸਾਇਆ ਗਿਆ ਅਤੇ ਮਾਲੀ ਰਾਸ਼ੀ ਦੇਣ ਦਾ ਵੀ ਲਾਲਚ ਦਿੱਤਾ ਗਿਆ ਸੀ।