ਅੰਮ੍ਰਿਤਸਰ: ਪਿੰਡ ਜਹਾਂਗੀਰ ਦੇ ਗੁਰਦੁਆਰਾ ਸਾਹਿਬ ਵਿਖੇ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅੱਗ ਲਗਾਏ ਜਾਣ ਕਾਰਣ ਝੁਲਸ ਜਾਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼੍ਰੋਮਣੀ ਕਮੇਟੀ ਵਲੋਂ ਨਿਖੇਧੀ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮੱਕੜ ਨੇ ਕਿਹਾ ਕਿ ਇਸ ਘਟਨਾ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਮਨਾਂ ਵਿੱਚ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।
ਗੌਰਤਲਬ ਹੈ ਕਿ ਬੀਤੇ ਦਿਨ ਪਿੰਡ ਜਹਾਂਗੀਰ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਸਮੇਂ ਨਾ ਤਾਂ ਗੁਰਦੁਆਰਾ ਸਾਹਿਬ ਵਿੱਚ ਕੋਈ ਗ੍ਰੰਥੀ ਸਿੰਘ ਮੌਜੂਦ ਸੀ, ਨਾ ਹੀ ਕੋਈ ਸੇਵਾਦਾਰ ਤੇ ਨਾ ਹੀ ਕੋਈ ਗੁਰਦੁਆਰਾ ਕਮੇਟੀ ਦਾ ਪ੍ਰਬੰਧਕ। ਜਿਸ ਤੇ ਕੁਝ ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਅੱਗ ਜ਼ਿਆਦਾ ਨਾ ਮੱਚਣ ਕਾਰਣ ਰੁਮਾਲਾ ਸਾਹਿਬ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 10-11 ਪੰਨੇ ਝੁਲਸ ਗਏ।

ਜਦ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਰਾਤ ਸਮੇਂ ਸੁਖਆਸਨ ਕਰਨ ਲਈ ਆਇਆ ਤਾਂ ਉਸ ਨੇ ਪਾਵਨ ਸਰੂਪ ਦੇ ਪੰਨੇ ਅੱਗ ਲੱਗਣ ਕਾਰਣ ਝੁਲਸੇ ਹੋਏ ਪਾਏ । ਮੌਕੇ ‘ਤੇ ਪਹੁੰਚ ਕੇ ਗੁਰਦੁਆਰਾ ਨਾਨਕਸਰ ਵੇਰਕਾ ਦੇ ਮੈਨਜਰ ਬਲਜੀਤ ਸਿੰਘ, ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਭਾਈ ਜਤਿੰਦਰ ਸਿੰਘ, ਹੈਡ ਪ੍ਰਚਾਰਕ ਭਾਈ ਜਗਦੇਵ ਸਿੰਘ, ਪ੍ਰਚਾਰਕ ਭਾਈ ਗੁਰਮੀਤ ਸਿੰਘ ਅਤੇ ਹੋਰ ਸਟਾਫ਼ ਪਹੁੰਚੇ ਤਾਂ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਝੁਲਸਿਆ ਹੋਇਆ ਸਰੂਪ ਪੂਰਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪਹੁੰਚਾ ਦਿੱਤਾ। ਪਿੰਡ ਦੇ ਸਰਪੰਚ ਜਗਤਾਰ ਸਿੰਘ ਵੱਲੋਂ ਥਾਣਾ ਜਹਾਂਗੀਰ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪਰ ਅਜੇ ਤੀਕ ਕੋਈ ਵੀ ਵਿਅਕਤੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।