
ਜਲੰਧਰ( 8 ਸਤੰਬਰ, 2014): ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹਾਲ ਹੀ ਵਿੱਚ ਪਾਰਟੀ ਦੇ ਐਲਾਨ ਕੀਤੇ ਨਵੇਂ ਢਾਂਚੇ ਵਿੱਚ ਕਦੇ ਗਰਮ ਖਿਆਲੀ ਸਿਆਸਤ ਨਾਲ ਵਾਹ ਰੱਖਣ ਵਾਲੇ ਪਾਰਟੀ ਦੇ ਅਗੂਆਂ ਨੂੰ ਇਸ ਵਾਰ ਬਾਹਰ ਦਾ ਰਾਹ ਵਿਖਾ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂਵੇਂ ਸ਼ਹਿਰੀ ਹਿੰਦੂ ਤਬਕੇ ਨਾਲ ਸਬੰਧ ਰੱਖਣ ਵਾਲਿਆਂ ਅਤੇ ਇਜ਼ਹਾਰ ਆਲਮ ਵਰਗੇ ਸਿੱਖ ਵਿਰੋਧੀ ਤੱਤ ਨੂੰ ਅਹਿਮਤੀ ਦੇਣ ਨਾਲ ਬਾਦਲ ਦਲ ਪਾਰਟੀ ਦੀ ਸਿੱਖ ਦਿੱਖ ਵੀ ਖਤਮ ਕਰਨ ਵੱਲ ਤੁਰ ਪਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਐਲਾਨੇ ਜਥੇਬੰਦਕ ਢਾਂਚੇ ਵਿਚ ਖਾੜਕੂ ਪਿਛੋਕੜ ਵਾਲੇ ਆਗੂਆਂ ਨੂੰ ਪੂਰੀ ਤਰ੍ਹਾਂ ਲਾਂਭੇ ਕਰ ਦਿੱਤਾ ਗਿਆ ਹੈ। 15 ਸਾਲ ਤੋਂ ਵੀ ਵੱਧ ਸਮਾਂ ਪਾਰਟੀ ‘ਚ ਕੰਮ ਕਰਨ ਵਾਲੇ ਅਜਿਹੇ ਆਗੂ ਹੁਣ ਕਿਸੇ ਅਹਿਮ ਕਮੇਟੀ ਦੇ ਯੋਗ ਨਹੀਂ ਸਮਝੇ ਗਏ ।
ਵਰਨਣਯੋਗ ਹੈ ਕਿ ਪਿਛਲੇ ਸਮੇਂ ਵਿਚ ਪੰਜਾਬ ਅੰਦਰ ਵਾਹੀ ਗਈ ਨਰਮ ਤੇ ਗਰਮ ਸਿਆਸਤ ਦੀ ਲਕੀਰ ਨੂੰ ਮੇਟਣ ਅਤੇ ਅਕਾਲੀ ਦਲ ਨੂੰ ਸਿੱਖਾਂ ਅੰਦਰ ਸਰਬ ਪ੍ਰਵਾਨਤ ਪਾਰਟੀ ਵਜੋਂ ਉਭਾਰਨ ਲਈ ਦਮਦਮੀ ਟਕਸਾਲ ਸਮੇਤ ਸੰਤ ਸਮਾਜ ਨਾਲ ਨੇੜਤਾ ਵਧਾਉਂਦੇ ਹੋਏ ਬਹੁਤ ਸਾਰੇ ਖਾੜਕੂ ਪਿਛੋਕੜ ਵਾਲੇ ਆਗੂਆਂ ਨੂੰ ਪਾਰਟੀ ਅੰਦਰ ਸ਼ਾਮਿਲ ਕਰਕੇ ਅਹੁਦੇ ਵੀ ਦਿੱਤੇ ਗਏ ਸਨ, ਪਰ ਲਗਦਾ ਹੈ ਕਿ ਬਦਲਦੇ ਹਾਲਾਤ ‘ਚ ਬਹੁਤਾ ਕਰਕੇ ਸ਼ਹਿਰੀ ਜਥੇਦਾਰ ਹਿੰਦੂ ਭਾਈਚਾਰੇ ਵਿਚੋਂ ਥਾਪਣ ਨਾਲ ਪਾਰਟੀ ਅੰਦਰਲੇ ਖਾੜਕੂ ਪਿਛੋਕੜ ਵਾਲੇ ਆਗੂਆਂ ਨੂੰ ਲਾਂਭੇ ਕਰਨ ਦਾ ਪੈਂਤੜਾ ਅਪਣਾਇਆ ਗਿਆ ਹੈ ।
ਭਾਈ ਮਨਜੀਤ ਸਿੰਘ ਜੂਨ 84 ‘ਚ ਦਰਬਾਰ ਸਾਹਿਬ ਸਾਕੇ ‘ਚ ਸ਼ਹੀਦ ਹੋਏ ਭਾਈ ਅਮਰੀਕ ਸਿੰਘ ਦੇ ਛੋਟੇ ਭਰਾ ਹਨ ਤੇ ਉਹ 1996 ਤੋਂ ਅਕਾਲੀ ਦਲ ‘ਚ ਸੀਨੀਅਰ ਪ੍ਰਧਾਨ ਵਜੋਂ ਕੰਮ ਕਰਦੇ ਆ ਰਹੇ ਸਨ, ਪਰ ਨਵੇਂ ਢਾਂਚੇ ਵਿਚੋਂ ਉਹ ਬਾਹਰ ਕਰ ਦਿੱਤੇ ਹਨ।
ਸ: ਰਾਜਿੰਦਰ ਸਿੰਘ ਮਹਿਤਾ ਤੇ ਭਾਈ ਅਮਰਜੀਤ ਸਿੰਘ ਚਾਵਲਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਰਹੇ ਹਨ । ਪਿਛਲੇ 10-12 ਸਾਲ ਤੋਂ ਉਹ ਅਕਾਲੀ ਦਲ ‘ਚ ਸਰਗਰਮ ਰੋਲ ਅਦਾ ਕਰਦੇ ਰਹੇ ਹਨ । ਸ: ਮਹਿਤਾ ਪਿਛਲੇ ਸਮੇਂ ‘ਚ ਅਕਾਲੀ ਦਲ ਦੇ ਸਲਾਹਕਾਰ ਸਨ, ਪਰ ਇਸ ਵਾਰ ਕਿਸੇ ਕਮੇਟੀ ‘ਚ ਉਨ੍ਹਾਂ ਦਾ ਨਾਂਅ ਨਹੀਂ । ਇਸੇ ਤਰ੍ਹਾਂ ਸ: ਸਰਬਜੀਤ ਸਿੰਘ ਸੋਹਲ ਜਥੇਬੰਦਕ ਸਕੱਤਰ, ਡਾ: ਮਨਜੀਤ ਸਿੰਘ ਭੋਮਾ ਵਰਕਿੰਗ ਕਮੇਟੀ ਮੈਂਬਰ ਬਣੇ ਸਨ।
ਮਾਨ ਦਲ ਛੱਡ ਕੇ ਅਕਾਲੀ ਦਲ ਦੇ ਜਨਰਲ ਸਕੱਤਰ ਬਣੇ ਭਾਈ ਰਾਮ ਸਿੰਘ ਦੀ ਵੀ ਅਹੁਦਾ ਘਟਾਈ ਕਰਕੇ ਮੀਤ ਪ੍ਰਧਾਨਗੀ ਦਿੱਤੀ ਗਈ ਹੈ । ਇਸ ਦੇ ਉਲਟ ਕਾਂਗਰਸ ਛੱਡ ਕੇ ਆਏ ਆਗੂਆਂ ਨੂੰ ਸਰਕਾਰੀ ਅਹੁਦਿਆਂ ਦੇ ਨਾਲ ਜਥੇਬੰਦਕ ਢਾਂਚੇ ਵਿਚ ਵੀ ਅਹਿਮ ਸਥਾਨ ਦਿੱਤਾ ਗਿਆ ਹੈ ।