ਚੰਡੀਗੜ੍ਹ (8 ਫਰਵਰੀ, 2016): ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਿੱਚ ਭਾਵੇਂ ਅਜੇ ਇੱਕ ਸਾਲ ਦੇ ਕਰੀਬ ਸਮਾਂ ਪਿਆ ਹੈ, ਪਰ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਸਿਆਸੀ ਬੰਦਿਆਂ ਦੀ ਦਲ ਬਦਲੀ ਸ਼ੁਰੂ ਹੋ ਗਈ ਹੈ।
ਪਿਛਲੇ ਸਾਲਾਂ ਵਿੱਚ ਕਾਂਗਰਸ ਛੱਡ ਕੇ ਬਾਦਲ ਦਲ ਵਿੱਚ ਗਏ ਦੀਪਇੰਦਰ ਸਿੰਘ ਢਿੱਲੋਂ ਅਤੇ ਹਰਿੰਦਰਪਾਲ ਸਿੰਘ ਹੈਰੀ ਮਾਨ ਅੱਜ ਮੁੜ ਕਾਂਗਰਸ ‘ਚ ਮੁੜ ਸ਼ਾਮਲ ਹੋ ਗਏ ਹਨ।

ਅੱਜ ਚੰਡੀਗੜ੍ਹ ‘ਚ ਕਾਂਗਰਸ ਭਵਨ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਬੀਬੀ ਪ੍ਰਨੀਤ ਕੌਰ ਦੀ ਹਾਜ਼ਰੀ ‘ਚ ਇਨ੍ਹਾਂ ਦੋਵਾਂ ਨੇਤਾਵਾਂ ਨੇ ਆਪਣੇ ਸਮਰਥਕਾਂ ਸਮੇਤ ਕਾਂਗਰਸ ‘ਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਇਸ ਦੌਰਾਨ ਦੋਵੇਂ ਨੇਤਾਵਾਂ ਨੇ ਕਿਹਾ ਕਿ ਬਾਦਲ ਦਲ ਦੀਆਂ ਨੀਤੀਆਂ ਲੋਕ ਹਤੈਸ਼ੀ ਨਾ ਹੋਣ ਕਾਰਨ ਉਨ੍ਹਾਂ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ, ਕਿਉਂਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਪੰਜਾਬ ਦੇ ਹਿੱਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ‘ਚ ਹੀ ਸੁਰੱਖਿਅਤ ਹੋ ਸਕਦੇ ਹਨ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਬਿਨਾਂ ਕਿਸੇ ਸ਼ਰਤ ਤੋਂ ਪਾਰਟੀ ‘ਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ। ਉਨ੍ਹਾਂ ਇਹ ਸੰਕੇਤ ਵੀ ਦਿੱਤੇ ਕਿ ਦੋਵਾਂ ਨੂੰ ਹੀ ਉਨ੍ਹਾਂ ਦੇ ਹਲਕਿਆਂ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਪਰ ਨਾਲ ਹੀ ਕਿਹਾ ਕਿ ਟਿਕਟਾਂ ਦੇਣ ਦਾ ਕੰਮ ਹਾਈਕਮਾਨ ਦਾ ਹੈ, ਉਨ੍ਹਾਂ ਵੱਲੋਂ ਕੇਵਲ ਸਿਫ਼ਾਰਿਸ਼ ਹੀ ਭੇਜੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਨੇਤਾਵਾਂ ਦੀ ਆਮਦ ਨਾਲ ਸੂਬੇ ‘ਚ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਇਨ੍ਹਾਂ ਦੋ ਸੀਨੀਅਰ ਆਗੂਆਂ ਦਾ ਬਾਦਲ ਦਲ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋਣਾ ਨਾ ਸਿਰਫ ਸੂਬੇ ‘ਚ ਅਕਾਲੀ ਵਿਰੋਧੀ ਲਹਿਰ ਨੂੰ ਦਰਸਾਉਂਦਾ ਹੈ, ਬਲਕਿ ਇਹ ਵੀ ਦਰਸਾਉਂਦਾ ਹੈ ਕਿ ਲੋਕ ਅਗਲੀ ਸਰਕਾਰ ਕਾਂਗਰਸ ਦੀ ਚਾਹੁੰਦੇ ਹਨ।
ਆਮ ਆਦਮੀ ਪਾਰਟੀ ‘ਤੇ ਅਰਾਜਕਤਾਵਾਦੀ ਹੋਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਆਪ ਨੇਤਾਵਾਂ ਨੂੰ ਨਸੀਹਤ ਦਿੱਤੀ ਕਿ ਯੂ.ਪੀ. ਅਤੇ ਬਿਹਾਰ ਤੋਂ ਆਉਣ ਵਾਲੇ ਆਪ ਨੇਤਾ ਆਪਣਾ ਵਤੀਰਾ ਅਰਾਜਕਤਾ ਵਾਲਾ ਰੱਖਣ ਦੀ ਥਾਂ ਲੋਕਤੰਤਰੀ ਰੱਖਣ।