ਨਵੀਂ ਦਿੱਲੀ (7 ਫਰਵਰੀ, 2015): ਦਿੱਲੀ ਵਿਧਾਨ ਸਭਾ ਲਈ ਅੱਜ ਵੋਟਾਂ ਪੈ ਗਈਆਂ । ਇਸ ਵਾਰ ਦਿੱਲ਼ੀ ਵਾਸੀਆਂ ਨੇ ਹੁੰਮ ਹਮਾ ਕੇ ਵੋਟਾਂ ਪਾਈਆਂ ਅਤੇ ਪੋਲਿੰਗ ਦਾ ਰਿਕਾਰਡ ਕਾਇਮ ਕੀਤਾ।
ਵੋਟਾਂ ਪੈਣ ਤੋਂ ਬਾਅਦ ਸਾਰੇ ਐਗਜ਼ਿਟ ਚੋਣ ਸਰਵੇਖਣਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ( ਆਪ) ਨੂੰ ਸਪਸ਼ਟ ਬਹੁਮਤ ਮਿਲੇਗਾ।ਟੈਲੀਵੀਜ਼ਨ ਚੈਨਲਾਂ ਦੇ ਅਨੁਮਾਨਾਂ ਅਨੁਸਾਰ ਭਾਜਪਾ ਦੂਸਰੇ ਨੰਬਰ ‘ਤੇ ਰਹੇਗੀ ਜਦ ਕਿ ਕਾਂਗਰਸ ਨੂੰ 5 ਤੋਂ ਵਧ ਸੀਟਾਂ ਮਿਲਣ ਦੀ ਸੰਭਾਵਨਾ ਨਹੀਂ ਹੈ।

ਇੰਡੀਆ ਨਿਊਜ਼ ਐਗਜ਼ਿਟ ਚੋਣ ਸਰਵੇ ਵਿਚ ਤਾਂ ਆਮ ਆਦਮੀ ਪਾਰਟੀ ਨੂੰ 70 ਮੈਂਬਰੀ ਵਿਧਾਨ ਸਭਾ ਵਿਚ 53 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ਇਸ ਸਰਵੇ ਅਨਸਾਰ ਭਾਜਪਾ ਨੂੰ 17 ਤੇ ਕਾਂਗਰਸ ਨੂੰ 2 ਸੀਟਾਂ ਮਿਲਣ ਦਾ ਅਨੁਮਾਨ ਹੈ।
ਇੰਡੀਆ ਟੂਡੇ ਦੇ ਐਗਜ਼ਿਟ ਚੋਣ ਸਰਵੇਖਣ ਅਨੁਸਾਰ ਆਪ ਨੂੰ 35 ਤੋਂ 43 ਤੱਕ , ਭਾਜਪਾ 23 ਤੋਂ 29 ਤੇ ਕਾਂਗਰਸ 5 ਤੱਕ ਸੀਟਾਂ ਲਿਜਾ ਸਕਦੀ ਹੈ।ਏ.ਬੀ.ਪੀ -ਨੀਲਸਨ ਐਗਜ਼ਿਟ ਪੋਲ ਅਨੁਸਾਰ ਆਪ ਨੂੰ 39, ਭਾਜਪਾ ਨੂੰ 28 ਤੇ ਕਾਂਗਰਸ 3 ਸੀਟਾਂ ਲਿਜਾ ਸਕਦੀ ਹੈ। ਜ਼ੀ ਟੀ ਵੀ ਦੇ ਸੀ ਵੋਟਰ ਐਗਜ਼ਿਟ ਚੋਣ ਸਰਵੇ ਅਨੁਸਾਰ ਆਪ ਨੂੰ 31 ਤੋਂ 39, ਭਾਜਪਾ 27 ਤੋਂ 35 ਤੇ ਕਾਂਗਰਸ ਨੂੰ 2 ਤੋਂ 4 ਸੀਟਾਂ ਮਿਲ ਸਕਦੀਆਂ ਹਨ।
ਇੰਡੀਆ ਟੀ ਵੀ ਦੇ ਐਗਜ਼ਿਟ ਚੋਣ ਸਰਵੇ ਅਨੁਸਾਰ ਆਪ ਨੂੰ 31-39, ਭਾਜਪਾ 27-35 ਤੇ ਕਾਂਗਰਸ ਨੂੰ 2 ਤੋਂ 4 ਸੀਟਾਂ ਮਿਲ ਸਕਦੀਆਂ ਹਨ।
ਇਸੇ ਦੌਰਾਨ ਭਾਜਪਾ ਦੀ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਕਿਰਨ ਬੇਦੀ ਨੇ ਕਿਹਾ ਹੈ ਕਿ ਐਗਜ਼ਿਟ ਚੋਣ ਸਰਵੇਖਣ ਅੰਤਿਮ ਨਤੀਜੇ ਨਹੀਂ ਹਨ ਸਾਨੂੰ 10 ਫਰਵਰੀ ਦੀ ਉਡੀਕ ਕਰਨੀ ਪਵੇਗੀ ਜਿਸ ਦਿਨ ਵੋਟਾਂ ਦੀ ਗਿਣਤੀ ਹੋਣੀ ਹੈ।