ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਵਿਮੁਕਤ ਕਬੀਲੇ (ਡੀਨੋਟੀਫਾਈਡ’ ਕਬੀਲਿਆਂ) ਨੂੰ ਹਰਿਆਣਾ ਦੀ ਤਰਜ਼ ‘ਤੇ 10 ਫੀਸਦੀ ਰਾਖਵਾਂਕਰਨ ਦੇਣ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਭਾਜਪਾ ਦੀ ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀ ਸਿਆਸਤ ਇੱਕ ਵਾਰ ਫਿਰ ਸਪਸ਼ਟ ਹੋ ਗਈ ਹੈ।

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ ‘ਤੇ ਟਿਕਿਆ ਹੋਇਆ ਹੈ ਅਤੇ ਇਹੀ ਸੋਚ ਉਸ ਦੀਆਂ ਨੀਤੀਆਂ ਵਿੱਚ ਵੀ ਨਜ਼ਰ ਆਉਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਪਹੁੰਚ ਅੰਗਰੇਜ਼ਾਂ ਦੀ “ਵੰਡੋ ਤੇ ਰਾਜ ਕਰੋ” ਨੀਤੀ ਨਾਲ ਮਿਲਦੀ-ਜੁਲਦੀ ਹੈ ਅਤੇ ਭਾਜਪਾ ਇਸ ਨੂੰ ਦੇਸ਼ ਭਰ ਵਿੱਚ ਅਮਲ ਵਿੱਚ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਜ਼ਰੀਏ ਤੋਂ ਭਾਜਪਾ ਪੰਜਾਬ ਲਈ ਇੱਕ ਬਸਤੀਕਾਰ ਧਿਰ ਵਜੋਂ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਪੰਜਾਬ ਵਿੱਚ ਸਭ ਨੂੰ ਇੱਕ ਸਮਾਨ ਸਮਝਣ ਅਤੇ ਬਰਾਬਰੀ ਦਾ ਸਿਧਾਂਤ ਦਿੱਤਾ ਸੀ, ਜਿਸ ਨੂੰ ਅੰਗਰੇਜ਼ੀ ਰਾਜ ਦੌਰਾਨ ਵੱਡਾ ਝਟਕਾ ਲੱਗਾ ਅਤੇ ਬਾਅਦ ਵਿੱਚ ਬ੍ਰਾਹਮਣਵਾਦੀ ਸੋਚ ਨੇ ਉਸ ਦਾ ਲਾਭ ਚੁੱਕਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਭਾਜਪਾ ਗੁਰੂ ਸਾਹਿਬਾਨ ਪ੍ਰਤੀ ਸੱਚੀ ਸ਼ਰਧਾ ਰੱਖਦੀ ਹੈ ਤਾਂ ਫਿਰ “ਸਰਬੱਤ ਦੇ ਭਲੇ” ਦੇ ਸਿਧਾਂਤ ਦੀ ਬਜਾਏ ਸਮਾਜਿਕ ਵੰਡ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਕਿਉਂ ਅਪਣਾ ਰਹੀ ਹੈ।
ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਿਆਸੀ ਫਰੇਬ ਕਈ ਵਾਰ ਸਫਲ ਹੋ ਜਾਂਦੇ ਹਨ, ਪਰ ਗੁਰੂ ਸਾਹਿਬਾਨ ਦੇ ਨਾਮ ‘ਤੇ ਕੀਤੀ ਜਾਣ ਵਾਲੀ ਦੋਗਲੀ ਸਿਆਸਤ ਨੂੰ ਲੋਕ ਆਖ਼ਿਰਕਾਰ ਨਕਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਜਪਾ ਨੂੰ ਆਪਣੀ ਰਾਜਨੀਤਿਕ ਦਿਸ਼ਾ ਅਤੇ ਨੀਤੀਆਂ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।