ਲੁਧਿਆਣਾ ( 9 ਸਤੰਬਰ, 2014): ਛਪਾਰ ਦੇ ਮੇਲੇ ‘ਤੇ ਆਮ ਆਦਮੀ ਪਾਰਟੀ ਵੱਲੋਂ ਕਾਨਫਰੰਸ ਕੀਤੀ ਗਈ, ਜਿਸ ਵਿੱਚ ਮੌਸਮ ਤੇ ਗਰਮੀ ਦੇ ਬਾਵਜੂਦ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ।ਕਾਨਫਰੰਸ ਨੂੰ ਪਾਰਟੀ ਦੀ ਪੰਜਾਬ ਇਕਾਈ ਦੇ ਅਗੂਆਂ ਨੇ ਸੰਬੋਧਨ ਕੀਤਾ।
ਇਸ ਕਾਨਫਰੰਸ ਵਿੱਚ ਸਮੁੱਚੀ ਪੰਜਾਬ ਦੀ ਲੀਡਰਸ਼ਿਪ, ਜਿਸ ਵਿੱਚ ਸ. ਸੁੱਚਾ ਸਿੰਘ ਛੋਟੇਪੁਰ (ਕਨਵੀਨਰ ਪੰਜਾਬ), ਐਚ.ਐਸ. ਫੂਲਕਾ (ਸੀਨੀਅਰ ਐਡਵੋਕੇਟ), ਪ੍ਰੋ. ਸਾਧੂ ਸਿੰਘ (ਐਮ. ਪੀ), ਸ. ਹਰਿੰਦਰ ਸਿੰਘ ਖਾਲਸਾ (ਐਮ. ਪੀ), ਐਚ.ਐਸ. ਕਿੰਗਰਾ (ਦਿੱਲੀ), ਹਿੰਮਤ ਸਿੰਘ ਸ਼ੇਰਗਿੱਲ ਅਤੇ ਹੋਰ ਕਈ ਪਤਿਵੰਤੇ ਸੱਜਣਾਂ, ਨੇ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਸਾਹਮਣੇ ਸਮਾਜ ਦੇ ਭਖਦੇ ਮਸਲਿਆਂ ਤੇ ਵਿਚਾਰ ਸਾਂਝੇ ਕੀਤੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਸਮਾਜਿਕ ਅਧਿਕਾਰਾਂ ਪ੍ਰਤੀ ਸੁਚੇਤ ਕਰਵਾਇਆ।

ਆਮ ਆਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ, ਪੰਜਾਬ ਦੇ ਸਾਰੇ ਈਮਾਨਦਾਰ, ਮਿਹਨਤਕਸ਼ ਲੋਕਾਂ ਅੱਗੇ ਆੳੇੁਣ ਲਈ ਕਿਹਾ।
ਉਨ੍ਹਾਂ ਨੇ ਪੰਜਾਬ ਵਿਧਾਨ ਦੀਆਂ 2017 ਵਿੱਚ ਆ ਰਹੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਲੋਕ ਪੱਖੀ ਬਣਾਉਣ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਇਸ ਲਈ ਹਰ ਪਾਰਟੀ ਵਰਕਰ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨਾ ਪਵੇਗਾ।ਉਨ੍ਹਾਂ ਖੁਦ ਪਾਰਟੀ ਦੀ ਮਜਬੂਤੀ ਲਈ ਰੋਜ਼ਾਨਾਂ 20 ਘੰਟੇ ਕੰਮ ਕਰਨ ਦਾ ਪ੍ਰਣ ਕੀਤਾ।
ਉਨ੍ਹਾਂ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਆਪਣਾ ਸਹਿਯੋਗ ਤੇ ਸੁਝਾਅ ਦੇਣ ਲਈ ਵੀ ਲੋਕਾਂ ਨੂੰ ਕਿਹਾ ਤੇ ਇਹ ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ ਪੂਰੀ ਮਜ਼ਬੂਤੀ ਨਾਲ ਲੜੇਗੀ ਤੇ ਇਤਿਹਾਸਿਕ ਤੇ ਰਿਕਾਰਡ ਤੋੜ ਜਿੱਤ ਹਾਸਿਲ ਕਰੇਗੀ।
ਉਨ੍ਹਾਂ ਲੋਕਾਂ ਵੱਲੋਂ ਵਿਖਾਏ ਉਤਸ਼ਾਹ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਇਸ ਕਾਨਫਰੰਸ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ, ਉਹ ਲਾਜਵਾਬ ਹੈ।ਇਸ ਮੌਕੇ ਅਨੋਖੀ ਪਹਿਲ ਕਰਦਿਆਂ ਕਾਨਫਰੰਸ ਦੇ ਨਾਲ ਆਰ.ਟੀ.ਐਸ (Right to Service Act ) ਅਤੇ ਨਸ਼ਾ ਛੁਡਾਊ ਮੁਹਿੰਮ ਤਹਿਤ ਦੋ ਕੈਂਪ ਵੀ ਲਗਾਏ ਗਏ। ਇੰਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਦੇ ਢੰਗ ਤੇ ਉਹਨਾਂ ਕੰਮਾਂ ਵਿੱਚ ਹੋਣ ਵਾਲੀ ਦੇਰੀ ਨਾਲ ਕਿਵੇਂ ਨਜਿੱਠਣਾ ਹੈ, ਬਾਰੇ ਦੱਸਿਆ ਗਿਆ। ਨਸ਼ਾ ਛੁਡਾਊ ਕੈਂਪ ਵਿੱਚ ਲਗਭਗ 2500 ਵਿਅਕਤੀਆਂ ਨੇ ਨਸ਼ੇ ਤੋਂ ਮੁਕਤੀ ਬਾਰੇ ਸਲਾਹ ਮਸ਼ਵਰਾ ਕੀਤਾ।