ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀ ਨਕਲ ਲਾਹ ਕੇ ਪਰਦੇ ’ਤੇ ਫ਼ਿਲਮਾਂ ਰਾਹੀਂ ਵਿਖਾਉਣ ਦਾ ਸਿਲਸਿਲਾ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਰਫ਼ਤਾਰ ਫੜ ਰਿਹਾ ਹੈ। ਸਿੱਖਾਂ ਦੇ ਵੱਡੇ ਹਿੱਸੇ ਦੀ ਤਰਜ਼-ਏ-ਜ਼ਿੰਦਗੀ ਆਪਣੇ ਰਵਾਇਤੀ ਤਰੀਕਾਕਾਰ ਨਾਲੋਂ ਵੱਡੀ ਵਿੱਥ ’ਤੇ ਹੋਣ ਕਰਕੇ ਇਸ ਦੀ ਗੰਭੀਰਤਾ ਅਤੇ ਗੁੰਝਲਤਾ ਨੂੰ ਸਮਝਣ ਅਤੇ ਮਹਿਸੂਸ ਕਰਨ ਵਿੱਚ ਦਿੱਕਤ ਆ ਰਹੀ ਹੈ। ਜਿਸ ਦੇ ਸਿੱਟੇ ਵਜੋਂ ਸਿੱਖਾਂ ਵਿੱਚ ਹੀ ਇੱਕ ਹਿੱਸਾ ਸ਼ਹੀਦਾਂ ਦੀ ਨਕਲ ਲਾਹੁਣ ਨੂੰ ਪ੍ਰਚਾਰ ਮੰਨ ਰਿਹਾ ਹੈ ਅਤੇ ਇੱਕ ਹਿੱਸਾ ਆਪਣੇ ਰਵਾਇਤੀ ਤਰੀਕਾਕਾਰ ਤੋਂ ਸੇਧ ਲੈਂਦਿਆਂ ਇਸ ਨੂੰ ਸ਼ਹੀਦਾਂ ਦੇ ਅਦਬ ਨੂੰ ਢਾਹ ਲਾਉਣ ਦਾ ਬੱਜਰ ਕੁਰਾਹਾ ਮੰਨ ਰਿਹਾ ਹੈ।
ਨਕਲ ਲਾਹੁਣ ਵਾਲਾ ਫਿਲਮਕਾਰੀ ਦਾ ਇਹ ਮਸਲਾ ਨਵਾਂ ਨਹੀ ਹੈ, ਪੁਰਾਤਨ ਸਮੇਂ ਵਿੱਚ ਵੀ ਇਸ ਦੇ ਅਨੇਕਾਂ ਹਵਾਲੇ ਅਤੇ ਲਿਖਤਾਂ ਮਿਲਦੀਆਂ ਹਨ ਜਿੱਥੇ ਸਿੱਖਾਂ ਦੀਆਂ ਨਾਮੀ ਸਖਸ਼ੀਅਤਾਂ ਵੱਲੋਂ ਇਸ ਕੁਰਾਹੇ ਪੈਣ ਤੋਂ ਸਿੱਖਾਂ ਨੂੰ ਰੋਕਿਆ ਗਿਆ ਸੀ।

ਹੁਣ ਵੀ ਵੱਖ ਵੱਖ ਸਮੇਂ ਗੁਰੂ ਖਾਲਸਾ ਪੰਥ ਦੇ ਵੱਖ-ਵੱਖ ਜਥਿਆਂ, ਵਿਦਵਾਨਾਂ, ਪ੍ਰਚਾਰਕਾਂ ਵਲੋਂ ਵਾਰ-ਵਾਰ ਸਿੱਖ ਸੰਗਤ ਅੱਗੇ ਇਹ ਰਾਏ ਲਿਆਂਦੀ ਗਈ ਕਿ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਗੁਰੂ ਸਾਹਿਬਾਨ ਦਾ ਪਰਿਵਾਰ, ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦਾਂ, ਗੁਰਸਿੱਖਾਂ ਦੀ ਨਕਲ ਸਿੱਖ ਸਿਧਾਂਤਾਂ ਅਨੁਸਾਰ ਪ੍ਰਵਾਨ ਨਹੀਂ ਹੈ ਅਤੇ ਨਾ ਹੀ ਸਿੱਖ ਇਤਿਹਾਸ ਦੀ ਹੂ-ਬ-ਹੂ ਪੇਸ਼ਕਾਰੀ, ਗੁਰੂਘਰ ਨਾਲ ਸਬੰਧਿਤ ਮਰਿਯਾਦਾ, ਗੁਰੂ ਕੀ ਹਜ਼ੂਰੀ, ਆਨੰਦ ਕਾਰਜ, ਅਰਦਾਸ, ਗੁਰੂ ਕਾ ਬਾਣਾ ਨਕਲ ਦੇ ਤੌਰ ’ਤੇ ਪੇਸ਼ ਕੀਤੇ ਜਾ ਸਕਦੇ ਹਨ।
ਸਮੇਂ-ਸਮੇਂ ’ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਇਸ ਸਬੰਧੀ ਰੋਕ ਦੇ ਕਈ ਤਰ੍ਹਾ ਦੇ ਲਿਖਤੀ ਹਵਾਲੇ ਮੌਜੂਦ ਹਨ। ਇਸ ਸਭ ਦੇ ਬਾਵਜੂਦ ੭-੮ ਮਹੀਨੇ ਬਾਅਦ ਕੋਈ ਨਾ ਕੋਈ ਫ਼ਿਲਮ ਵਾਲਾ ਮਹਾਨ ਸਖਸ਼ੀਅਤਾਂ ਦੀ ਨਕਲ ਕਰਨ ਦਾ ਗੁਨਾਹ ਕਰਕੇ ਸਿੱਖ ਇਤਿਹਾਸ ਨੂੰ ਮਨੋਰੰਜਨ ਦੀ ਭੱਠੀ ਦਾ ਬਾਲਣ ਬਣਾਉਣ ਦੇ ਯਤਨ ਕਰਦਾ ਹੈ ਤੇ ਸਿੱਖ ਫਿਰ ਆਪਸ ਵਿੱਚ ਵੰਡੇ ਜਾਂਦੇ ਹਨ।
ਸ਼ਹੀਦ ਦੀ ਵਿਰਾਸਤ ਦਾ ਹੱਕਦਾਰ ਉਹੀ ਹੁੰਦਾ ਹੈ, ਜੋ ਉਸਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦੇ ਰਾਹ ਤੁਰਦਾ ਹੈ। ਸ਼ਹੀਦ ਪਰਿਵਾਰ ਖਾਸ ਸਤਿਕਾਰ ਦੇ ਹੱਕਦਾਰ ਹਨ, ਪਰ ਸ਼ਹੀਦ ਸਿਰਫ਼ ਦੁਨਿਆਵੀ ਪਰਿਵਾਰ ਦੇ ਨਹੀਂ ਹੁੰਦੇ, ਉਹ ਪੰਥ ਦਾ ਅਟੁੱਟ ਹਿੱਸਾ ਹੁੰਦੇ ਹਨ। ਪੰਥ ਦੇ ਫੈਸਲੇ ਗੁਰਮਤਿ ਆਦਰਸ਼ ਅਤੇ ਸਿੱਖੀ ਸਿਧਾਂਤ ਦੀ ਰੌਸ਼ਨੀ ਵਿਚ ਆਪਣੀ ਰਵਾਇਤ ਅਨੁਸਾਰ ਹੁੰਦੇ ਹਨ, ਇਸ ਲਈ ਸ਼ਹੀਦ ਦੀ ਨਕਲ ਦੀ ਪ੍ਰਵਾਨਗੀ ਦਾ ਫੈਸਲਾ ਕਰਨ ਦਾ ਹੱਕ ਸਿਰਫ਼ ਸ਼ਹੀਦ ਪਰਿਵਾਰ ਦਾ ਨਹੀਂ, ਸਗੋਂ ਸਮੁੱਚੇ ਪੰਥ ਦਾ ਹੈ। ਸ਼ਹੀਦਾਂ ਨੂੰ ਇਤਿਹਾਸ ਦੇ ਵੱਖ ਵੱਖ ਸਮਿਆਂ ਵਿਚ ਰੱਖ ਕੇ ਵੰਡਿਆ ਨਹੀਂ ਜਾ ਸਕਦਾ, ਇਸ ਲਈ ਸਮੇਂ ਦੇ ਅਧਾਰ ’ਤੇ ਸ਼ਹੀਦਾਂ ਦੀ ਵੰਡ ਪਾ ਕੇ ਨਕਲ ਕਰਨ ਦਾ ਰਾਹ ਖੋਲਣ ਦਾ ਪੈਂਤੜਾ ਵੀ ਮਨਜੂਰ ਕਰਨ ਯੋਗ ਨਹੀਂ ਹੈ।
ਇਹ ਕਹਿਣਾ ਕਿ ਹੁਣ ਤੱਕ ਸਿੱਖਾਂ ਨੇ ਆਪਣੇ ਇਤਿਹਾਸ ਨੂੰ ਨਹੀਂ ਸਾਂਭਿਆ, ਖਾਸ ਕਰ ਵੀਹਵੀਂ ਸਦੀ ਦੇ ਪਿਛਲੇ ਦਹਾਕਿਆਂ ਦੇ ਇਤਿਹਾਸ ਨੂੰ, ਇਹ ਦਲੀਲ ਨਾਲ ਕਿਸੇ ਬੱਜਰ ਕੁਰਾਹੇ ਨੂੰ ਹਰੀ ਝੰਡੀ ਦੇਣਾ ਬਹੁਤ ਗਲਤ ਤੇ ਛੋਟੀ ਗੱਲ ਹੈ। ਸਚਾਈ ਇਹ ਹੈ ਕਿ ਇਸ ਨੇੜਲੇ ਇਤਿਹਾਸ ਨੂੰ ਲਿਖਣ ਦਾ ਕਾਰਜ ਬਹੁਤ ਸਾਰੇ ਸੱਜਣ ਲਗਾਤਾਰ ਕਰ ਰਹੇ ਹਨ, ਬਹੁਤਾ ਕੁਝ ਲਿਖਿਆ ਵੀ ਗਿਆ ਹੈ ਤੇ ਬਹੁਤਾ ਕੁਝ ਰਹਿ ਵੀ ਗਿਆ ਹੋਵੇਗਾ। ਜਿਹੜਾ ਰਹਿ ਗਿਆ ਉਸ ਲਈ ਕਿਸੇ ਨੂੰ ਮੇਹਣਾ ਦੇਣ ਦੀ ਬਜਾਏ ਖੁਦ ਕਰਨਾ ਚਾਹੀਦਾ ਹੈ ਜਾ ਜਿਹੜੇ ਕਰ ਰਹੇ ਓਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਨਾ ਕਿ ਸਾਡੀ ਪ੍ਰੰਪਰਾ ਤੋਂ ਉਲਟ ਕਿਸੇ ਹੋਰ ਵਿਧੀ ਨੂੰ ਪ੍ਰਵਾਨਗੀ ਦੇਣ ਵਾਲੇ ਰਾਹ ਪੈਣਾ ਚਾਹੀਦਾ ਹੈ।
ਸਿੱਖਾਂ ਦੀ ਪ੍ਰਚਾਰ ਦੀ ਰਵਾਇਤ ਸਾਖੀ ਦੀ ਹੈ, ਝਾਕੀ ਦੀ ਨਹੀਂ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖੀ ਨਾਲ ਜੋੜਨ ਲਈ ਸਿਨੇਮਾ ਦੀ ਬਜਾਏ ਗੁਰੂ ਉਪਰ ਟੇਕ ਰੱਖਣੀ ਚਾਹੀਦੀ ਹੈ ਅਤੇ ਸਿੱਖ ਰਵਾਇਤਾਂ ਅਨੁਸਾਰ ਆਪਣੀ ਰੋਜ਼ਮਰਾ ਦੀ ਜਿੰਦਗੀ ਨੂੰ ਢਾਲਣਾ ਚਾਹੀਦਾ ਹੈ।
ਫ਼ਿਲਮਾਂ ਵਿੱਚ ਰੁਚੀ ਰੱਖਣ ਵਾਲਿਆਂ ਨੂੰ ਇੱਕ ਗੱਲ ਹੋਰ ਸਮਝਣੀ ਚਾਹੀਦੀ ਹੈ ਕਿ ਅਸਲ ਵਿੱਚ ਕੁਝ ਵੀ ਨਵਾਂ ਸਿਰਜਣ ਦੀ ਸਮਰੱਥਾ ਦੀ ਵੱਡੀ ਘਾਟ ਹੈ ਜਿਸ ਕਰਕੇ ਫ਼ਿਲਮਾਂ ਵਾਲੇ ਆਪਣਾ ਕੁਝ ਨਹੀ ਸਿਰਜ ਪਾ ਰਹੇ ਸਗੋਂ ਬਣੀ ਬਣਾਈ ਇਤਿਹਾਸ ਦੀ ਸਕ੍ਰਿਪਟ ਲੈ ਲੈਂਦੇ ਹਨ ਜਿਸ ਨਾਲ ਫ਼ਿਲਮ ਬਣਾਉਣਾ ਸੌਖਾ ਹੈ ਤੇ ਲੋਕਾਂ ਦੀਆਂ ਭਾਵਨਾਵਾਂ ਸਦਕਾ ਵਪਾਰ ਵੀ ਹੋ ਜਾਂਦਾ ਹੈ। ਫ਼ਿਲਮਾਂ ਲਿਖਣ ਵਾਲੇ ਭਾਈ ਵੀਰ ਸਿੰਘ ਦੀ ਤਰ੍ਹਾ ਕੁਝ ਆਪਣਾ ਸਿਰਜਣਾਤਮਕ ਕਾਰਜ ਨਹੀਂ ਕਰ ਪਾ ਰਹੇ। ਫ਼ਿਲਮਾਂ ਦੇ ਇਸ ਪੂਰੇ ਮਸਲੇ ’ਤੇ ਦੋ ਵਰ੍ਹੇ ਪਹਿਲਾਂ ਅਸੀਂ ੧੫੦ ਦੇ ਕਰੀਬ ਫ਼ਿਲਮ ਕਾਰਖਾਨੇ ਨਾਲ ਸਬੰਧਤ ਸੱਜਣਾ ਨੂੰ ਲਿਖਤੀ ਚਿੱਠੀ ਵੀ ਭੇਜੀ ਸੀ ਜਿਸ ਵਿੱਚ ਪੂਰੇ ਵਿਸਥਾਰ ਨਾਲ ਜ਼ਿਕਰ ਸੀ ਕਿ ਕੀ ਬਣ ਸਕਦਾ ਹੈ ਤੇ ਕੀ ਨਹੀਂ। ਪਰ ਉਹਨਾ ਨੇ ਨਾ ਤਾਂ ਕਿਸੇ ਸੰਵਾਦ ਵਿੱਚ ਪੈਣਾ ਸਹੀ ਸਮਝਿਆ ਤੇ ਨਾ ਹੀ ਸਿੱਖਾਂ ਦੀਆਂ ਸੰਸਥਾਵਾਂ ਤੋਂ ਪਿਛਲੇ ਸਮੇਂ ਹੋਏ ਫ਼ੈਸਲਿਆਂ ਦੀ ਪ੍ਰਵਾਹ ਕੀਤੀ।
ਹੁਣ ਸਮੇਂ ਦੀ ਸਚਾਈ ਇਹ ਹੈ ਕਿ ਸਿੱਖ ਇਸ ਮਸਲੇ ’ਤੇ ਇਕਮਤ ਨਹੀਂ ਹਨ, ਇਸ ਲਈ ਕੋਈ ਪੱਕਾ ਨਿਰਣਾ ਕਰਨ ਹਿਤ ਪੂਰੇ ਸਰਗਰਮ ਹਿੱਸਿਆਂ ਦੀ ਸ਼ਮੂਲੀਅਤ ਨਾਲ ਆਪਣੇ ਫੈਸਲੇ ਕਰਨ ਦੇ ਅਸਲ ਰਵਾਇਤੀ ਤਰੀਕਾਕਾਰ ਰਾਹੀਂ ‘ਗੁਰਮਤਾ’ ਸੋਧਣਾ ਚਾਹੀਦਾ ਹੈ ਤਾਂ ਕਿ ਹਰ ਤਿਮਾਹੀ ਛਿਮਾਹੀ ਅਸੀਂ ਅਜਿਹੇ ਮਸਲਿਆਂ ’ਤੇ ਊਰਜਾ ਅਤੇ ਸਮਾਂ ਲਾਉਣ ਤੋਂ ਬਚ ਸਕੀਏ ਅਤੇ ਕੁਝ ਸਕਾਰਾਤਮਕ ਸਿਰਜ ਸਕੀਏ। ਨਕਲਾਂ ਲਾਹ ਕੇ ਫ਼ਿਲਮਾਂ ਬਣਾਉਣ ਵਾਲੇ ਸੱਜਣ ਉਤਨਾ ਸਮਾਂ ਸਿੱਖ ਇਤਿਹਾਸ ’ਤੇ ਫ਼ਿਲਮਾਂ ਬਣਾਉਣ ਤੋਂ ਗੁਰੇਜ ਕਰਨ, ਜੇਕਰ ਉਹ ਆਪਣੀ ਇਹ ਕਾਹਲ ਨਹੀਂ ਤਿਆਗ ਸਕਦੇ ਤਾਂ ਸਿੱਖ ਸੰਗਤ ਨੂੰ ਓਹਨਾ ਦੇ ਅੰਦਰ ਦੀ ਇਸ ਕਾਹਲ ਨੂੰ ਚੰਗੀ ਤਰ੍ਹਾ ਸਮਝ ਲੈਣਾ ਚਾਹੀਦਾ ਹੈ ਕਿ ਉਹ ਅਸਲ ਵਿਚ ਕੀ ਚਾਹੁੰਦੇ ਹਨ।