ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਸਿੱਖ ਇਤਿਹਾਸ ਨੂੰ ਨਾਟਕਾਂ, ਡਰਾਮਿਆਂ ਅਤੇ ਫਿਲਮਾਂ ਰਾਹੀਂ ਪੇਸ਼ ਕਰਨ ਦਾ ਯਤਨ ਅਰੰਭ ਕੀਤਾ ਗਿਆ। ਇਸ ਸਿਧਾਂਤਕ ਕੁਰਾਹੇ ਬਾਰੇ ਉਸੇ ਸਮੇਂ ਹੀ ਸਿੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੇ ਸਿੱਖ ਸੰਗਤ ਨੂੰ ਸੁਚੇਤ ਕਰਨ ਦਾ ਕਾਰਜ ਅਰੰਭ ਦਿੱਤਾ ਸੀ ਅਤੇ ਇਸ ਕੁਰਾਹੇ ਨੂੰ ਰੋਕਣ ਲਈ ਲਾਮਬੰਦ ਹੋਏ ਸਨ। ਇਸ ਸਿਧਾਂਤਕ ਪਹਿਰੇਦਾਰੀ ਸਦਕਾ ਪਹਿਲੇ ਅੱਧ ਵਿਚ ਸਿੱਖ ਇਤਿਹਾਸ ਉਪਰ ਬਣੀਆਂ ਫਿਲਮਾਂ ਉਪਰ ਰੋਕ ਲੱਗਦੀ ਰਹੀ। ਇਸੇ ਸਦੀ ਦੇ ਦੂਜੇ ਵਿਚ ਫਿਲਮਕਾਰਾਂ ਵੱਲੋਂ ਇਹ ਗੈਰ ਸਿਧਾਂਤਕ ਕਾਰਜ ਜਾਰੀ ਰੱਖੇ ਗਏ। ਉਸ ਸਮੇਂ ਵੀ ਸੂਝਵਾਨ ਸ਼ਖ਼ਸੀਅਤਾਂ ਦੁਆਰਾ ਇਸ ਕੁਰਾਹੇ ਨੂੰ ਰੋਕਣ ਦੇ ਯਤਨ ਅਤੇ ਇਸ ਪ੍ਰਤੀ ਪੇਸ਼ ਕੀਤੇ ਵਿਚਾਰਾਂ ਨੂੰ ‘ਖਾਲਸਾ ਬੁੱਤ ਨਾ ਮਾਨੈ ਕੋਇ-੨ ਇਤਿਹਾਸ ਦੀਆਂ ਪੈੜਾਂ ’ਚੋਂ’ ਕਿਤਾਬ ਵਿਚ ਸੰਪਾਦਤ ਕਰਕੇ ਸਿੱਖ ਸੰਗਤ ਦੇ ਸਨਮੁਖ ਪੇਸ਼ ਕੀਤਾ ਗਿਆ ਸੀ। ਇੱਕੀਵੀਂ ਸਦੀ ਦੀ ਪਹਿਲੀ ਚੌਥਾਈ(2000-2025) ਦੌਰਾਨ ਫਿਲਮੀ ਸਵਾਂਗ ਦੇ ਸਿਧਾਂਤਕ ਕੁਰਾਹੇ ਨੂੰ ਰੋਕਣ ਅਤੇ ਇਸ ਸੰਬੰਧੀ ਪੇਸ਼ ਕੀਤੇ ਵਿਚਾਰ ਅਤੇ ਖਦਸ਼ਿਆਂ ਨੂੰ ਇਤਕਰ ਕਰਕੇ ‘ਖਾਲਸਾ ਬੁੱਤ ਨਾ ਮਾਨੈ ਕੋਇ (ਨਵੇਂ ਜ਼ਮਾਨੇ ਦੇ ਬਿਜਲਈ ਬੁੱਤਾਂ ਦੇ ਪ੍ਰਸੰਗ ’ਚ)’ ਕਿਤਾਬ ਵਿਚ ਦਰਜ ਕੀਤੇ ਗਏ ਸਨ। ਇਸ ਪ੍ਰਕਾਰ ਜਦੋਂ ਤੋਂ ਇਹ ਫਿਲਮੀ ਸਵਾਂਗ ਦਾ ਗੈਰ ਸਿਧਾਂਤਕ ਕੁਰਾਹਾ ਸ਼ੁਰੂ ਕੀਤਾ ਗਿਆ ਹੈ ਉਸ ਸਮੇਂ ਤੋਂ ਸਿੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਵੱਲੋਂ ਇਸ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਵੀਹਵੀਂ ਸਦੀ ਦੇ ਪਹਿਲੇ ਅੱਧ(1930-1950) ਦੌਰਾਨ ਇਸ ਸੰਬੰਧੀ ਸਿੱਖ ਸੰਗਤ ਦੀ ਰਾਇ ਨੂੰ ‘ਸਾਡੇ ਪੁਰਖਿਆਂ ਦੇ ਬੋਲ’ ਸਿਰਲੇਖ ਅਧੀਨ ਇਕਤਰ ਕਰਕੇ ਸਿੱਖ ਸੰਗਤ ਦੇ ਸਨਮੁਖ ਪੇਸ਼ ਕੀਤਾ ਜਹਾ ਰਿਹਾ ਹੈ।
- ਚੂੰਕਿ ਅਸੀਂ ਗੁਰਦਵਾਰਿਆਂ, ਗੁਰੂ ਸਾਹਿਬਾਨ, ਸਿਖ ਸ਼ਹੀਦਾਂ ਅਤੇ ਬਹਾਦਰਾਂ ਦੀਆਂ ਜ਼ਿੰਦਗੀਆਂ ਨੂੰ ਪਵਿਤਰ ਸਮਝਦੇ ਹਾਂ, ਇਸ ਲਈ ਉਨ੍ਹਾਂ ਦਾ ਫਿਲਮਾਂ ਦੀ ਸੂਰਤ ਵਿਚ ਪਰਦਿਆਂ ਪਰ ਆਉਂਣਾ ਨਰਾਦਰੀ ਦਾ ਕਾਰਨ ਹੈ। ਕੋਈ ਸਿਖ ਹਰਗਿਜ਼ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਇਕ ਸਾਧਾਰਨ ਐਕਟਰ ਯਾ ਐਕਟਰਨੀਆਂ ਅਕਾਲੀ ਫੂਲਾ ਸਿੰਘ, ਭਾਈ ਮਨੀ ਸਿੰਘ, ਬੀਬੀ ਸਰਨ ਕੌਰ ਆਦਿਕ : ਪਵਿਤਰ ਰੂਹਾਂ ਦਾ ਪਾਰਟ ਅਦਾ ਕਰੇ। ਸਾਨੂੰ ਆਪਣੀ ਸਿਖ ਹਿਸਟਰੀ ਪਰ ਮਾਨ ਹੈ, ਕਿਉਂਕਿ ਇਹ ਉਨ੍ਹਾਂ ਲੋਕਾਂ ਦੇ ਹਥ ਵਿਚ ਹੈ ਜੋ ਲੋੜ ਪੈਣ ਪਰ ਆਪਣਾ ਖੂਨ ਡੋਹਲਕੇ ਉਨ੍ਹਾਂ ਬਜ਼ੁਰਗਾਂ ਦਿਆਂ ਕਾਰਨਾਮਿਆਂ ਨੂੰ ਦੋਹਰਾਂਦੇ ਹਨ, ਜਿਹਾ ਕਿ ਇਸ ਬਹਾਦਰ ਕੌਮ ਨੇ ਗੁਰੂ ਕਾ ਬਾਗ, ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਜੈਤੋ ਆਦਿਕ ਦੇ ਮੋਰਚਿਆਂ ਵਿਚ ਕਰਕੇ ਦਸ ਦਿਤਾ ਹੈ, ਪ੍ਰੰਤੂ ਜਦੋਂ ਇਹ ਹਿਸਟਰੀ ਐਸ਼ ਵਾ ਇਸ਼ਰਤ ਦਾ ਸਾਮਾਨ ਅਤੇ ਖੇਲ ਤਮਾਸ਼ਿਆਂ ਦਾ ਸਾਧਨ ਬਣ ਜਾਏ ਤਾਂ ਮੁਰਦਾ ਰੂਹਾਂ ਨੂੰ ਉਭਾਰਨ ਵਾਲਾ ਪ੍ਰਯੋਜਨ ਖੰਭ ਲਾਕੇ ਉੜ ਜਾਵੇਗਾ। (ਦਸੰਬਰ 1933)
- ਅਸੀਂ ਕਦਾਚਿਤ ਨਹੀਂ ਚਾਹੁੰਦੇ ਕਿ: ਰਿਸ਼ੀਆਂ ਅਤੇ ਅਵਤਾਰਾਂ ਵਾਂਗ ਅਸਾਡੇ ਬਜ਼ੁਰਗਾਂ ਦੀਆਂ ਫਿਲਮਾਂ ਤਿਆਰ ਕਰਕੇ ਠੱਠਾ ਮਖੌਲ ਉੜਾਇਆ ਜਾਏ। ਕਿਤਨਾ ਹਨੇਰ ਹੈ, ਕਈ ਵਾਰੀ ਸ਼ੱਕੀ ਚਾਲ ਚਲਣ ਦੇ ਆਦਮੀ ਸ੍ਰੀ ਕ੍ਰਿਸ਼ਨ ਜੀ, ਸ੍ਰੀ ਰਾਮ ਚੰਦਰ ਜੀ ਅਤੇ ਸੀਤਾ ਜੀ ਦਾ ਪਾਰਟ, ਅਦਾ ਕਰਦੇ ਹਨ ਅਤੇ ਦਰਸ਼ਕ ਤਾਲੀਆਂ ਮਾਰਦੇ ਹਨ ਅਤੇ ਭਾਂਤ ੨ ਦੇ ਰੀਮਾਰਕ ਪਾਸ ਕਰਦੇ ਹਨ, ਜਿਨ੍ਹਾਂ ਨੂੰ ਦੇਖਕੇ ਸਮਝਦਾਰ ਹਿੰਦੂ ਸਾਹਿਬਾਨ ਭੀ ਦੁਖ ਪ੍ਰਤੀਤ ਕਰਦੇ ਹਨ। ਜੇਕਰ ਸਿੱਖ ਡਰਾਮੇ ਹੋਣ ਲਗ ਪੈਣ ਤਾਂ ਇਸੀ ਪ੍ਰਕਾਰ ਦੇ ਨਤੀਜੇ ਦਿਖਾਈ ਦੇਣਗੇ।(ਦਸੰਬਰ 1933)
- ਜਦ ਇਕ ਵਾਰੀ ਅਜੇਹੀਆਂ ਫਿਲਮਾਂ ਚਲ ਪਈਆਂ ਤਾਂ ਅਨਮਤੀਆਂ ਨੂੰ ਇਨ੍ਹਾਂ ਵਿਚ ਵਾਧਾ ਘਾਟਾ ਕਰਨ ਦੀ ਖੁਲ ਹੋ ਜਾਵੇਗੀ ਤੇ ਫਿਰ ਜ਼ਬਤ ਕਰਨ ਲਈ ਸਰਕਾਰ ਦੇ ਗੋਡਿਆਂ ਨੂੰ ਹਥ ਲਾਉਂਦੇ ਫਿਰੋਗੇ।(ਦਸੰਬਰ 1933)
- ਜਦ ਸਿਖ ਹਿਸਟਰੀ ਦਾ ਕੁਝ ਹਿਸਾ ਸਟੇਜ ਪਰ ਆ ਜਾਵੇਗਾ ਤਾਂ ਕੌਣ ਜ਼ਿੰਮੇਵਾਰੀ ਲੈ ਸਕਦਾ ਹੈ ਕਿ ਅਗੇ ਨੂੰ ਗੁਰੂ ਸਾਹਿਬਾਨ ਤੋਂ ਸਿਖ ਸੂਰਬੀਰਾਂ ਦੀਆਂ ਫ਼ਿਲਮਾਂ ਪੇਸ਼ ਨਾ ਕੀਤੀਆਂ ਜਾਣਗੀਆਂ।(ਦਸੰਬਰ 1933)
- ਇਨ੍ਹਾਂ ਫਿਲਮਾਂ ਦੇ ਨਾਲ ਪ੍ਰਚਾਰ ਤਾਂ ਕੀ ਹੋਣਾ ਹੈ ਲੋਗ ਧਰਮ ਕਰਮ ਤੋਂ ਵਾਂਜੇ ਜ਼ਰੂਰ ਹੋ ਜਾਣਗੇ, ਸਮਾਂ ਅਤੇ ਧਨ ਬਰਬਾਦ ਹੋ ਜਾਏਗਾ। (ਦਸੰਬਰ 1933)
- ਇਸ ਦੇ ਉਪਰੰਤ ਇਸ ਬਾਤ ਦੇ (ਫਿਲਮੀ ਸਵਾਂਗ ਨੂੰ) ਰੋਕਣ ਲਈ ਸਿੱਖਾਂ ਨੂੰ ਬੜੀ ਕੁਰਬਾਨੀ ਕਰਨੀ ਪਵੇਗੀ। ਸਰਕਾਰ ਦੀ ਸਹਾਇਤਾ ਲਈ ਅਦਾਲਤ ਦਾ ਬੂਹਾ ਖੜਕਾਉਨਾ ਪਏਗਾ ਜੋ ਕਿਸੀ ਤਰਾਂ ਨਾਲ ਪੂਰੀ ਰੁਕਾਵਟ ਨਾਂ ਹੋਈ ਤਾਂ ਅਸੰਭਵ ਹੈ ਕਿ ਕਈ ਕੌਮੀ ਪਰਵਾਨਿਆਂ ਨੂੰ ਅਪਣੀ ਸ਼ਹੀਦੀ ਦੇਣੀ ਪਵੇ। ਇਸ ਲਈ ਅਸੀਂ ਆਸ ਰਖਦੇ ਹਾਂ ਕਿ ਕੋਈ ਸਿਖ ਭਾਈ ਇਸ ਪਰਕਾਰ ਦੀ ਗਲਤ ਫਹਿਮੀ ਵਿਚ ਪੱਕੇ ਆਪਣੇ ਰੁਜ਼ਗਾਰ ਖਾਤਰ ਕੌਮ ਨੂੰ ਬੇਅਰਥ ਕੁਰਬਾਨੀ ਕਰਨ ਵਾਸਤੇ ਮਜਬੂਰ ਨਹੀਂ ਕਰੇਗੇ। (ਦਸੰਬਰ 1933)
ਗੋਲਡਨ ਟੈਂਪਲ ਫਿਲਮ ਸਬੰਧੀ ਸ: ਖੜਕ ਸਿੰਘ ਜੀ ਦੀ ਰਾਇ - ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇ ਆਪ ਦਾ ਕਾਰਡ ਪੁਜਾ ਜਿਸ ਵਿਚ ਆਪ ਨੇ ਗੋਲਡਨ ਟੈਂਪਲ ਫਿਲਮ ਬਨਾਏ ਜਾਣ ਸਬੰਧੀ ਮੇਰੀ ਰਾਇ ਪੁਛੀ ਹੈ। ਮੈਨੂੰ ਵੀ ਬਾਵਾ ਕੇਸਰ ਸਿੰਘ ਜੀ ਦਾ ਅੰਗਰੇਜ਼ੀ ਵਿਚ ਖਤ ਆਇਆ ਸੀ ਜਿਸਦੇ ਜਵਾਬ ਵਿਚ ਮੈਂ ਸਾਫ ਲਿਖ ਦਿਤਾ ਸੀ ਕਿ ਮੈਂ ਏਹੋ ਜਹੀ ਫਿਲਮ ਬਨਾਏ ਜਾਣ ਨੂੰ ਪਸੰਦ ਨਹੀਂ ਕਰਦਾ ਕਿ ਜਿਸ ਨਾਲ ਸਤਿਗੁਰੂ ਸਾਹਿਬ ਅਤੇ ਸਿਖ ਸ਼ਹੀਦਾਂ ਦਾ ਤਲਕ ਹੱਵੇ, ਕਿਉਂਕਿ ਏਸ ਤਰਾਂ ਪਵਿਤ੍ਰਤਾ, ਮਾਨ ਅਦਬ ਵਿਚ ਫਰਕ ਪੈਂਦਾ ਹੈ ਤੇ ਇਕ ਮਮੂਲੀ ਜਹੇ ਤਮਾਸ਼ੇ ਦੀ ਸ਼ਕਲ ਬਣ ਜਾਂਦੀ ਹੈ। ਇਸ ਦੇ, ਸਬੂਤ ਵਿਚ ਮੈਂ ਰਾਮ ਲੀਲਾ ਦੀ ਮਿਸਾਲ ਦਿਤੀ ਸੀ। ਮੁਦਾ ਗਲ ਕੀ ਮੈਂ ਓਹਨਾਂ ਦੀ ਇਸ ਰਾਇ ਨਾਲ ਇਤਫਾਕ ਨਹੀਂ ਕੀਤਾ ਸੀ ਤੇ ਮੁਖਤਸਿਰ ਇਹ ਗਲ ਹੈ ਕਿ ਮੈਂ ਇਸ ਫਿਲਮ ਦੇ ਬਣਾਏ ਜਾਣ ਨੂੰ ਉੱਕਾ ਹੀ ਪਸੰਦ ਨਹੀਂ ਕਰਦਾ ਤੇ ਸਿਖ ਇਤਹਾਸ ਦੀ ਫਿਲਮ ਬਿਲਕੁਲ ਨਹੀਂ ਹੋਣੀ ਚਾਹੀਦੀ। ਮੈਂ ਹਾਂ ਪੰਥ ਦਾ ਦਾਸ-ਖੜਕ ਸਿੰਘ (1934)
- ਸਰਬਤ ਗੁਰੂ ਸੰਗਤਾਂ ਅਰ ਸਭਾਵਾਂ ਤੇ ਜਥਿਆਂ ਜੋਗ ਬਿਨੈ ਹੈ ਕਿ ਦਾਸ ਪਾਸ ਫਿਲਮ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਸੰਬੰਧੀ ਪੁੱਛਾਂ ਆ ਰਹੀਆਂ ਹਨ, ਮੈਂ ਸਰਬੱਤ ਜੋਗ ਇਕੱਠਾ ਹੀ ਉੱਤਰ ਬਿਨੈ ਕਰਦਾ ਹਾਂ ਜੀ ਕਿ ਸ੍ਰੀ ਸਤਿਗੁਰੂ ਸਾਹਿਬ ਜੀ ਤੇ ਗੁਰੂ ਸਿਖਾਂ ਸਿੰਘਾਂ ਦੀ ਫਿਲਮ ਬਿਲਕੁਲ ਹੀ ਨਹੀਂ ਬਣਾਵਣੀ ਚਾਹੀਦੀ, ਫੁਰਮਾਨ ਹੈ ਸਚੇ ਪਾਤਸ਼ਾਹ ਜੀ ਦਾ ‘ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ॥ ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ॥’ ਹੋਰ ਫੁਰਮਾਨ ਹੈ:- ਨਾਟਕ ਚੇਟਕ ਕੀਏ ਕੁਕਾਜਾ॥ ਪ੍ਰਭ ਲੋਗਨ ਕਹਿ ਆਵਤ ਲਾਜਾ॥ ਇਹਨਾਂ ਮਹਾਂ ਵਾਕਾਂ ਅਨੁਸਾਰ ਹੀ ਦਾਸ ਦਾ ਆਸ਼੍ਯ ਹੈ ਜੀ ਅਰ ਸਭ ਸੰਗਤਾਂ ਨੂੰ ਇਸ ਹੁਕਮ ਤੇ ਤੁਰਨਾ ਚਾਹੀਏ ਜੀ। (ਸੰਤ ਸੰਗਤ ਸਿੰਘ ਕਮਾਲੀਆ ਦੀ ਫਿਲਮਾਂ ਬਾਰੇ ਰਾਇ, ਅਕਤੂਬਰ 1945)
- ਸਾਡੇ ਦੇਸ਼ ਵਿਚ ਇਸ ਵੇਲੇ ਫਿਲਮਾਂ ਦੇ ਐਕਟਰਾਂ ਦੀ ਭਰਤੀ ਜਿਆਦਾ ਨਾਚੇ ਨਾਚੀਆਂ ਦੇ ਤਬਕੇ ਵਿਚੋਂ ਹੁੰਦੀ ਹੈ। ਇਹ ਨਾ ਭੀ ਹੋਵੇ ਤਦ ਭੀ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਜਣਾ ਸਾਡੇ ਕਿਸੇ ਗੁਰੂ ਸਾਹਿਬ ਦਾ ਯਾ ਸਾਡੇ ਕਿਸੇ ਸ਼ਹੀਦ ਦਾ ਯਾ ਸਾਡੇ ਕਿਸੇ ਹੋਰ ਮਹਾਂ ਪੁਰਖ ਦਾ ਰੂਪ ਭਰਕੇ ਸਾਹਮਣੇ ਸਟੇਜ ਤੇ ਆਵੇ ਤੇ ਕਹੇ ਕਿ ਮੈਂ ਫਲਾਣਾ ਗੁਰੂ ਹਾਂ, ਫਲਾਣੀ ਵਿਯਕਤੀ ਹਾਂ । ਉਹਨਾਂ ਨੇ ਬੜਾ ਖੋਲ੍ਹ ਕੇ ਦੱਸਿਆ ਕਿ ਡਰਾਮੇ ਕਿਸ ਤਰਾਂ ਐਕਟ ਹੁੰਦੇ ਹਨ ਅਰ ਜੇ ਸਿਖ ਇਤਹਾਸ ਦੀਆਂ ਫਿਲਮਾਂ ਬਣੀਆਂ ਤਾਂ ਉਹ ਲੋਕਾਂ ਦੇ ਸਾਹਮਣੇ ਕਿਸ ਤਰਾਂ ਪੇਸ਼ ਹੋਣਗੀਆਂ। ਜਿਨ੍ਹਾਂ ਦਾ ਇਹ ਖਿਆਲ ਹੈ ਕਿ ਧਰਮ ਦਾ ਪਰਚਾਰ ਹੋਵੇਗਾ ਉਹ ਭੁਲੇਖੇ ਵਿਚ ਹਨ। ਇਹਨਾ ਨਾਲ ਸਗੋਂ ਧਰਮ ਦੀ ਹਾਨੀ ਹੋਵੇ। (ਪ੍ਰੋ. ਤੇਜਾ ਸਿੰਘ ਦੇ ਵਿਚਾਰ ਦਾ ਸੰਖੇਪ ਭਾਵ, ਫਰਵਰੀ 1934)
- ਜੇ ਕਿਸੇ ਸਿਖ ਨੂੰ ਫਿਲਮ ਬਣਾਉਣ ਦੀ ਖੁਲ੍ਹ ਦਿਤੀ ਗਈ ਤਾਂ ਅਸੀਂ ਗੈਰ-ਸਿਖਾਂ ਨੂੰ ਇਸ ਕੰਮੋ ਡਕ ਨਹੀਂ ਸਕਾਂਗੇ। ਗੈਰ-ਸਿਖ ਇਹ ਫਿਲਮਾ ਤਿਆਰ ਕਰਨ ਲਗ ਗਏ ਤਾਂ ਸਿਖ ਇਤਹਾਸ ਨੂੰ ਮਨ ਮਰਜੀ ਦਾ ਪੇਸ਼ ਕਰਨਗੇ ਤੇ ਇਸ ਤਰਾਂ ਸਿਖਾਂ ਦੇ ਖਿਲਾਫ ਪਰਚਾਰ ਹੋਵੇਗਾ। ਵੇਖੋ ਭਾਈ ਪਰਮਾ ਨੰਦ ਨੇ ਸਿਖ ਇਤਹਾਸ ਦੇ ਹਵਾਲਿਆਂ ਨਾਲ ਹੀ ਸਿਖ ਸੂਰਮਿਆਂ ਨੂੰ ਸਿਖ ਕੌਮ ਦੇ ਖਲਾਫ ਮਨ ਮਰਜੀ ਦਾ ਪੇਸ਼ ਕੀਤਾ ਹੈ। ਇਹੋ ਹਾਲ ਫਿਲਮਾਂ ਵਿਚ ਹੋਵੇਗਾ। ਅਜ ਭਾਵੇਂ ਪੜ੍ਹ ਸੁਣਕੇ ਸਿਖਾਂ ਦੇ ਦਿਲਾਂ ਵਿਚ ਇਸ ਤਰਾਂ ਦੀਆਂ ਫਿਲਮਾਂ ਦੇ ਉਲਟ ਕੋਈ ਪਕੀ ਰਾਏ ਬਣੇ ਨਾ ਬਣੇ ਪਰ ਜਦ ਇਹਨਾਂ ਨੂੰ ਵੇਖਣਗੇ ਤਾਂ ਉਹ ਤੜਫ ਉਠਣਗੇ। (ਪ੍ਰੋ. ਤੇਜਾ ਸਿੰਘ ਦੇ ਵਿਚਾਰ ਦਾ ਸੰਖੇਪ ਭਾਵ, ਫਰਵਰੀ 1934)
- ਹੁਣ ਤੀਕ ਜਦ ਜਦ ਵੀ ਕਿਸੇ ਵਲੋਂ ਸਿਖ ਇਤਿਹਾਸ ਨੂੰ ਡਰਾਮੇ ਦੀ ਸਟੇਜ ਅਥਵਾ ਸਿਨਮਿਆਂ ਦੀ ਫਿਲਮ ਪਰ ਲਿਆਉਣ ਦਾ ਯਤਨ ਹੋਇਆ ਹੈ ਸਿਖਾਂ ਨੇ ਇਸ ਪੁਰ ਇਤਰਾਜ਼ ਕੀਤਾ ਹੈ। ਸਿਖ ਆਪਣੇ ਸਤਿਗੁਰਾਂ ਦੇ ਇਤਿਹਾਸ ਨੂੰ ਮਨਚਲਿਆਂ ਦੀ ਖੇਡ, ਤੇ ਸਮਾਂ ਟਾਲਣ ਅਥਵਾ ਦਿਲ ਪਰਚਾਵੇ ਲਈ ਸ਼ੁਗਲ ਨਹੀਂ ਬਣਨ ਦੇਣਾ ਚਾਹੁੰਦੇ। ਸਤਿਗੁਰਾਂ ਦੇ ਜੀਵਨ ਇਤਿਹਾਸ ਅਤੇ ਸਿਖ ਇਤਿਹਾਸ ਪਵਿੱਤਰਤਾ ਤੇ ਪਰਉਪਕਾਰ ਦੇ ਜੀਉਂਦੇ ਪਤਰੇ ਹਨ ਤੇ ਸਿਖ ਇਸਨੂੰ ਖੇਡ ਤੇ ਤਮਾਸ਼ੇ ਵਿਚ ਬਦਲ ਕੇ ਇਸਦਾ ਸਤਕਾਰ ਗਵਾਉਣਾ ਗਵਾਰਾ ਨਹੀਂ ਕਰ ਸਕਦੇ। ਜੋ ਇਤਿਹਾਸ ਸਟੇਜ ਅਤੇ ਫਿਲਮ ਪਰ ਆਉਂਦਾ ਹੈ ਉਸ ਪਰ ਇਸ ਨੀਯਤ ਨਾਲ ਰੰਗ ਚਾੜਿਆ ਜਾਂਦਾ ਹੈ ਕਿ ਉਹ ਪਬਲਿਕ ਦੀਆਂ ਵਿਸ਼ਈ ਬਿਰਤੀਆਂ ਹੀ ਖੁਰਾਕ ਬਣ ਸਕੇ, ਕੰਨਾਂ ਤੇ ਅੱਖਾਂ ਦਾ ਭੋਗ ਬਣ ਸਕੇ, ਅਤੇ ਐਕਟਰਾਂ ਅਤੇ ਦਰਸ਼ਕਾਂ ਦੀ ਤਬੀਅਤ ਖੁਸ਼ ਕਰ ਸਕੇ। (ਨਵੰਬਰ 1937)
- ਖੇਲਾਂ ਅਤੇ ਤਮਾਸ਼ਿਆਂ ਉਤੇ ਉਹ ਲੋਕ ਰੀਝਦੇ ਹਨ ਜਿਨਾਂ ਦੇ ਆਪਣੇ ਅੰਦਰੋਂ ਆਪਣੀ ਕੌਮੀ ਸਪਿਰਟ ਖਤਮ ਹੋ ਚੁਕੀ ਹੋਵੇ। ਸਿਖਾਂ ਦਾ ਇਤਿਹਾਸ ਨਾ ਖੇਲ ਹੈ, ਨਾ ਤਮਾਸ਼ਾ ਤੇ ਨਾ ਹੀ ਪੜ੍ਹਨ ਸੁਣਨ ਵਿਚ ਕੋਈ ਖੁਸ਼ਕ ਵਿਥਿਆ ਹੈ। ਇਸਨੂੰ ਬਨਾਉਟੀ ਸ਼ਕਲ ਦੇਣ ਵਾਲੇ ਸਖਤ ਭੁਲ ਕਰਦੇ ਹਨ ਤੇ ਆਪਣੇ ਮੋਤੀਆਂ ਨੂੰ ਕਚਕੜਿਆਂ ਵਿਚ ਰੋਲਦੇ ਹਨ।(ਨਵੰਬਰ 1937)
- ਸਿਖ ਇਤਿਹਾਸ ਦਾ ਫਬਵਾਂ ਟਿਕਾਣਾ ਨਾਂ ਡਰਾਮੇ ਦੀ ਸਟੇਜ ਹੈ ਤੇ ਨਾ ਹੀ ਸਿਨੇਮਾ ਦਾ ਪਰਦਾ। ਸਿਖ ਇਤਿਹਾਸ ਸਿਖਾਂ ਦੇ ਹਿਰਦਿਆਂ ਪਰ ਅਕਸ ਹੋਇਆ ਸ਼ੋਭਾ ਦੇਂਦਾ ਹੈ।(ਨਵੰਬਰ 1937)
- ਸਿਖਾਂ ਦੀ ਸੁਰਤ ਚੰਚਲ ਤਾਈਆਂ ਤੋਂ ਉਠਕੇ ਸਦਾ ਚੜ੍ਹਦੀਆਂ ਕਲਾਂ ਵਿਚ ਰਹਿਣੀ ਚਾਹੀਦੀ ਹੈ। ਡਰਾਮੇ ਤੇ ਸਿਨੇਮਾ ਚੰਚਲ ਚਿੱਤਾਂ ਦਾ ਅਹਾਰ ਹਨ। (ਨਵੰਬਰ 1937)
- ਦੁਨੀਆਂ ਸਿਖ ਨੂੰ ਜਦ ਦੇਖੇ ਉਹ ਸੰਸਾਰ ਦੀ ਜੀਊਂਦੀ ਫਿਲਮ ਅਤੇ ਜੀਊਂਦੀ ਸਟੇਜ ਪਰ ਹੀ ਸੱਚੀ ਮੁਹਬਤ, ਸੇਵਾ ਤੇ ਕੁਰਬਾਨੀ ਕਰਦਾ ਦੇਖੇ। ਸਿਖਾਂ ਦੇ ਇਤਿਹਾਸ ਤੇ ਦੁਨੀਆਂ ਦੇ ਆਮ ਇਤਿਹਾਸ ਵਿਚ ਏਹੋ ਵਡਾ ਫਰਕ ਹੈ ਕਿ ਸਿਖਾਂ ਦੇ ਇਤਹਾਸ ਵਿਚ ਜੋ ਰੂਹ ਕੰਮ ਕਰਦੀ ਹੈ ਉਹ ਸਦਾ ਜੀਊਂਦੀ ਹੈ ਤੇ ਦੁਨੀਆਂ ਦਾ ਆਮ ਇਤਿਹਾਸ ਦਿਲ ਪਰਚਾਵੇ ਲਈ ਬੀਤ ਚੁਕੀਆਂ ਕਹਾਣੀਆਂ ਤੋਂ ਵਧ ਵਿਸ਼ੇਸ਼ਤਾ ਨਹੀਂ ਰੱਖਦਾ। (ਨਵੰਬਰ 1937)
- ਸਿਖ ਇਤਿਹਾਸ ਨੂੰ ਤਮਾਸ਼ਾ ਹਾਲ ਵਿਚ ਤਮਾਸ਼ਬੀਨਾਂ ਦੇ ਸਾਹਮਣੇ ਰਖਣ ਲਈ ਫਿਲਮ ਵਿਚ ਇਸ ਵਾਸਤੇ ਲਿਆਇਆ ਜਾਣਾ ਹੈ ਕਿ ਉਨ੍ਹਾਂ ਦੇ ਖੀਸੇ ਵਿਚੋਂ ਪੈਸੇ ਕਢੇ ਜਾਣ। ਫਿਲਮ ਬਨਾਉਣ ਵਾਲੇ ਕਿਵੇਂ ਇਹ ਗੱਲ ਲਾਂਭੇ ਰਖ ਸਕਦੇ ਹਨ ਕਿ ਫਿਲਮ ਤਮਾਸ਼ਾ ਦੇਖਣ ਵਾਲਿਆਂ ਦੇ ਸੁਆਦ ਦੀ ਨਾ ਬਣੇ। (ਜੂਨ 1944)
- ਜਦ ਇਕ ਵਾਰੀ ਸਿਖ ਇਤਿਹਾਸ ਫਿਲਮਾਂ ਵਿਚ ਆਉਣਾ ਸ਼ੁਰੂ ਹੋ ਗਿਆ ਤਾਂ ਇਸ ਦੀ ਵਧਦੀ ਹੱਦ ਕਿਥੋਂ ਤਕ ਨਹੀਂ ਪੁਜ ਜਾਵੇਗੀ? ਸ਼ੁਰੂ ਵਿਚ ਥੋਹੜੀ ਜਿਹੀ ਖੁਲ੍ਹ ਦੀ ਹੀ ਲੋੜ ਹੁੰਦੀ ਹੈ ਤੇ ਫੇਰ ਇਹ ਖੁਲ੍ਹ ਆਪਣੇ ਆਪ ਵਧਦੀ ਵਧਦੀ ਹੱਕ ਬਣ ਜਾਇਆ ਕਰਦੀ ਹੈ। ਕਿਸੇ ਫਿਲਮ ਨੂੰ ਸੈਂਸਰ ਕਰਨ ਦਾ ਕਿਸੇ ਸਿਖ ਜਮਾਤ ਪਾਸ ਕੋਈ ਕਨੂੰਨੀ ਅਧਿਕਾਰ ਨਹੀਂ। ਜਦ ਸਿਖ ਫਿਲਮਾਂ ਆਮ ਚਲ ਪਈਆਂ ਤੇ ਉਨ੍ਹਾਂ ਦੇ ਫੈਸਲੇ ਕਰਨ ਵਾਲੇ ਮੁਕਾਮੀ ਜਥੇ ਵੀ ਜੰਮ ਪਏ ਤੇ ਫਿਲਮਾ ਵਿਚ ਕੰਮ ਕਰਨ ਵਾਲੇ ਲੋਕਾਂ ਆਪਣੇ ਰਸੂਖ ਵਰਤੇ ਅਤੇ ਆਮ ਸਿਖ ਜਨਤਾ ਨੂੰ ਸਿਖ ਫਿਲਮਾਂ ਦੇਖਣ ਦਾ ਸੁਭਾਅ ਪੈ ਗਿਆ ਤਾਂ ਕਿਸੇ ਫਿਲਮ ਦੀ ਫੇਰ ਜੇ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਵਿਰੋਧਤਾ ਵੀ ਕਰੇਗੀ ਤਾਂ ਇਸਦੀ ਵਿਰੋਧਤਾ ਦਾ ਅਜਿਹਾ ਹੀ ਹਸ਼ਰ ਹੋਵੇਗਾ ਜਿਹਾ ਕਿ ਹੁਣ ਹੁੰਦਾ ਹੈ, ਕਿਤੇ ਕਾਮਯਾਬ ਹੋ ਗਏ ਤੇ ਕਿਤੇ ਰਹਿ ਗਏ। ਇਸਦੇ ਆਖਰੀ ਖਤਰਨਾਕ ਨਤੀਜਿਆਂ ਨੂੰ ਰੋਕਣ ਲਈ ਸਾਧਨ ਸੋਚੇ ਤੋਂ ਬਿਨਾਂ ਇਸ ਦੀ ਮਨਜ਼ੂਰੀ ਦੇ ਦੇਣੀ ਖਰਾਬੀ ਤੋਂ ਖਾਲੀ ਨਹੀਂ ਭਾਸਦੀ। (ਜੂਨ 1944)
- ਨਕਲਾਂ ਤੇ ਨਾਟਕਾਂ ਵਿਚ ਉਹ ਕੌਮਾਂ ਪੈਂਦੀਆਂ ਹਨ ਜਿਨ੍ਹਾਂ ਪਾਸ ਅਮਲੀ ਸਟੇਜ ਨਾਂ ਹੋਵੇ। ਜਿਨ੍ਹਾਂ ਕੌਮਾਂ ਦੇ ਬਹਾਦਰ ਹਰ ਜ਼ਮਾਨੇ ਜੀਉਂਦੇ ਕਾਰਨਾਮੇ ਕਰਨ ਦੀ ਸਮਰਥਾ ਰਖਦੇ ਹੋਣ ਉਨ੍ਹਾਂ ਨੂੰ ਇਤਿਹਾਸ ਦੀ ਲੋੜ ਹੈ ਨਕਲਾਂ ਦੀ ਲੋੜ ਨਹੀਂ ਹੁੰਦੀ। ਸਿਖੀ ਪ੍ਰਚਾਰ ਲਈ ਅਮਲੀ ਜੀਵਨ ਦੀ ਲੋੜ ਹੈ ਜੋ ਨਕਲ ਨਹੀਂ ਤੇ ਜ਼ਿੰਦਾ ਚੀਜ਼ ਹੈ । ਸਿਖ ਤਦ ਤਕ ਤ੍ਰਕੀ ਕਰਦੇ ਰਹਿਣਗੇ ਜਦ ਤਕ ਉਹ ਆਪਣਾ ਇਤਿਹਾਸ ਆਪਣੇ ਅਮਲਾਂ ਰਾਹੀਂ ਦੁਹਰਾਂਉਂਦੇ ਤੇ ਬਣਾਉਂਦੇ ਰਹਿਣਗੇ। ਜ਼ਿੰਦਾ ਕੌਮਾਂ ਨੂੰ ਸਿਨੇਮਾ ਦੇ ਸਹਾਰੇ ਦੀ ਲੋੜ ਨਹੀਂ ਹੁੰਦੀ। ਸਿਨੇਮਾ ਵੇਹਲਿਆਂ ਵਾਸਤੇ ਸ਼ੁਗਲ ਹੈ। ਇਸ ਨਕਲੀ ਆਰਟ ਤੋਂ ਸਿਖ ਰਵਾਇਤ, ਜੀਵਨ ਆਰਟ (ਅਮਲ) ਨੂੰ ਤਰਜੀਹ ਦਿੰਦੀ ਹੈ। (ਅਗਸਤ 1944)
- ਅਸਲ ਨੂੰ ਪਿਠ ਦੇਕੇ ਨਕਲ ਲਈ ਉਤਾਵਲੇ ਹੋਣਾ ਤੇ ਨਕਲ ਜਾਣਦਿਆਂ ਇਸਨੂੰ ਉਤੇਜਣਾ ਦੇਣੀ ਕੋਈ ਕੌਮੀ ਸੇਵਾ ਨਹੀਂ; ਕੌਮ ਨੂੰ ਨਕਲ ਵਲ ਰੁਜੂ ਕਰਨਾ ਕੌਮੀ ਗੁਨਾਹ ਹੈ। (ਅਗਸਤ 1944)
- ਨਕਲ ਨੂੰ ਅਸਲ ਨਾਲੋਂ ਖੂਬਸੂਰਤ ਬਨਾਉਣ ਦੀ ਲਖ ਕੋਸ਼ਸ਼ ਹੋਣ ਦੇ ਬਾਵਜੂਦ ਵੀ ਨਕਲ ਨਕਲ ਹੀ ਹੈ। ਨਕਲ ਵਿਚ ਕੁਝ ਖੂਬੀਆਂ ਹੋ ਸਕਦੀਆਂ ਹਨ ਪਰ ਦਿਲਾਂ ਉਤੇ ਖੂਬੀਆਂ ਅਸਲ ਦੀਆਂ ਹੀ ਚੋਟ ਲਗਾ ਸਕਦੀਆਂ ਹਨ ਕਿਉਂਕਿ ਜੋ ਅਸਲ ਹੈ ਉਹ ਸਚਾਈ ਹੈ ਤੇ ਜੋ ਨਕਲ ਹੈ ਉਹ ਝੂਠ। ਅਸੀਂ ਆਪਣੇ ਬਜ਼ੁਰਗਾਂ ਦੀਆਂ ਖੂਬੀਆਂ ਆਪਣੇ ਜੀਵਨ ਵਿਚ ਲਿਆਕੇ ਸਾਬਤ ਕਰ ਸਕਦੇ ਹਾਂ ਕਿ ਸਾਡੇ ਬਜ਼ੁਰਗ ਇਨ੍ਹਾਂ ਗੁਣਾਂ ਵਾਲੇ ਸਨ। ਅਜ ਵੀ ਜਦ ਸਿਖ ਰਾਜੇ ਮਹਾਰਾਜੇ ਤੇ ਅਮੀਰ ਸੰਗਤ ਵਿਚ ਖੜੇ ਹੋਕੇ ਤਨਖਾਹ ਲੁਆਉਣ ਲਈ ਆਪਣੇ ਆਪ ਨੂੰ ਸੰਗਤ ਦੇ ਪੇਸ਼ ਕਰ ਸਕਦੇ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਖੂਬੀ ਦਸਣ ਲਈ ਕਿਸੇ ਨਕਲ ਦੀ ਕੀ ਲੋੜ ਹੈ। (ਅਗਸਤ 1944)
- ਸਿਖੀ ਅਮਲੀ ਜੀਵਨ ਦਾ ਨਾਮ ਹੈ ਨਕਲ ਨੂੰ ਏਥੇ ਥਾਂ ਨਹੀਂ। ਸਿਖਾਂ ਵਿਚ ਜ਼ਿੰਦਗੀਆਂ ਵਾਲੇ ਮਹਾਤਮਾਂ ਤੇ ਸੂਰਮੇ ਸਦਾ ਪੈਦਾ ਹੁੰਦੇ ਆਏ ਹਨ। ਸੰਤ ਸਿਪਾਹੀਆਂ ਦੀ ਇਸ ਕੌਮ ਵਿਚ ਅਜ ਵੀ ਅਜੇਹੀਆਂ ਮਾਨਯੋਗ ਹਸਤੀਆਂ ਹਨ ਤੇ ਗੁਰੂ ਕ੍ਰਿਪਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗੀਆਂ ਹਸਤੀਆਂ ਇਸ ਦਰਜੇ ਨੂੰ ਪ੍ਰਾਪਤ ਹੁੰਦੀਆਂ ਰਹਿਣਗੀਆਂ। ਐਸੀਆਂ ਪ੍ਰਚਾਰਕ ਹਸਤੀਆਂ ਇਤਨਾ ਵਸੀਹ ਪ੍ਰਚਾਰ ਕਰ ਰਹੀਆਂ ਹਨ ਤੇ ਕਰਦੀਆਂ ਰਹਿਣਗੀਆਂ ਜਿਸ ਦੇ ਸਾਹਮਣੇ ਇਹ ਫਿਲਮਾਂ ਨਕਲਾਂ ਦੇ ਸਾਂਗ ਹੇਚ ਹਨ । ਬਹਾਦਰੀ ਦੇ ਜੌਹਰ ਮੈਦਾਨਿ-ਜੰਗ ਵਿਚ ਅਜ ਜੋ ਸਿੰਘ ਦਿਖਾ ਰਹੇ ਹਨ ਕੀ ਏਸਦੇ ਸਾਹਮਣੇ ਨਕਲ ਕੋਈ ਵਧੇਰੇ ਵਜ਼ਨ ਰਖੇਗੀ? ਚੰਗੇ ਆਚਰਨ ਵਾਲੇ ਸੁਚੇ ਗੁਰਸਿੱਖ ਕਦੀ ਸਾਂਗ ਬਣਨਾ ਪਸੰਦ ਨਹੀਂ ਕਰਨਗੇ । ਇਹ ਪੇਸ਼ਾ ਉਨ੍ਹਾਂ ਦੇ ਅਚਾਰ ਤੇ ਵਿਵਹਾਰ ਦੇ ਉਲਟ ਹੈ । ਨਕਲੀਅ ਬਣਨ ਦੀ ਗੁਰਸੰਗਤ ਵਿਚ ਕਿਸੇ ਨੂੰ ਜਾਗ ਹੀ ਨਹੀਂ ਲਗਾਈ ਜਾਂਦੀ। (ਅਗਸਤ 1944)
- ਸਿਨਮਾਂ ਹਾਲ ਵਿਚ ਸਤ ਸੰਗੀਆਂ ਦਾ ਸਮਾਗਮ ਨਹੀਂ ਹੁੰਦਾ। ਉਥੇ ਤਫਰੀਹ ਲਈ ਸ਼ੁਕੀਨ ਲੋਕ ਬੈਠੇ ਹੁੰਦੇ ਹਨ। ਸਤਸੰਗ ਦਾ ਸਮਾਂ ਮਲ ਰਹੇ ਇਨ੍ਹਾਂ ਤਮਾਸ਼ਿਆ ਨੂੰ, ਗੁਰਦੁਆਰੇ ਛਡ ਤਮਾਸ਼ਾ ਹਾਲਾ ਵਿਚ ਜਾਕੇ ਅਪਨਾਉਣਾ ਨਾ ਸਿਖ-ਰਵਾਇਤ ਦੇ ਅਨੁਕੂਲ ਤੇ ਨਾ ਸਿਖ ਸੰਗਤ ਦਾ ਕਰਤਬ ਹੈ। (ਮਾਰਚ 1945)
- ਹਿੰਦੂਆਂ ਵਿਚ ਗੁਰੂ ਸਾਹਿਬਾਨ ਦੇ ਸਮੇਂ ਤੋਂ ਸਦੀਆਂ ਪਹਿਲਾਂ ਰਾਮ- ਲੀਲਾਂ, ਨਾਟਕਾਂ ਤੇ ਰਾਸਾਂ ਦਾ ਰਵਾਜ ਸੀ। ਗੁਰੂ ਸਾਹਿਬਾਨ ਨੇ ਆਪਣੇ ਸਮੇਂ ਵਿਚ ਸਿਖਾਂ ਵਿਚ ਪ੍ਰਚਾਰ ਲਈ ਇਸ ਤਰੀਕੇ ਨੂੰ ਪ੍ਰਚੱਲਤ ਨਹੀਂ ਹੋਣ ਦਿਤਾ। ਉਨ੍ਹਾਂ ਸਿਖਾਂ ਨੂੰ ਇਨ੍ਹਾਂ ਤਮਾਸ਼ਿਆਂ ਤੇ ਨਾਟਕਾ ਦੀ ਚੇਟਕ ਤੋਂ ਰੋਕ ਕੇ ਅਮਲੀ ਜੀਵਨ ਸਿਖਾਇਆ। ਅਜ ਇਸ ਪੁਰਾਤਨ ਸਿਖ ਰਵਾਇਤ ਨੂੰ ਬਦਲਣਾ ਸਿਖ ਕਿਵੇਂ ਪਸੰਦ ਕਰਨਗੇ। (ਮਾਰਚ 1945)
- ਇਹ ਰਾਏ ਨਹੀਂ ਜਚਦੀ ਕਿ ਸਿਖ ਇਤਿਹਾਸ ਫਿਲਮਾਇਆ ਜਾਏ ਕੇ ਪ੍ਰਚਾਰ ਵਿਚ ਵਾਧਾ ਹੋਵੇਗਾ। ਸਗੋਂ ਇਸਦੇ ਉਲਟ ਜੇਹੜੇ ਹੁਣ ਸੰਧਯਾ ਵੇਲੇ ਰਹਿਰਾਸ ਦੇ ਦੀਵਾਨਾਂ ਵਿਚ ਜਾਂਦੇ ਵੀ ਹਨ ਉਨ੍ਹਾਂ ਵਿਚੋਂ ਵੀ ਕਈ ਸਿਨਮਾ ਜਾਣਾ ਸ਼ੁਰੂ ਕਰ ਦੇਣਗੇ ਤੇ ਉਨ੍ਹਾਂ ਨੂੰ ਇਕ ਬਹਾਨਾ ਇਹ ਵੀ ਮਿਲ ਜਾਵੇਗਾ ਕਿ ਅਸੀਂ ਸਿਖ ਧਰਮ ਦੇ ਪ੍ਰਚਾਰ ਵਾਲੀ ਫਿਲਮ ਦੇਖਣ ਗਏ ਸਾਂ। (ਮਾਰਚ 1945)
- ਸਿਖ ਪੰਥ ਵਿਚ ਸਿਖ ਮਾਤਰ ਦਾ ਸਵਾਂਗ (ਨਕਲ) ਬਨਾਉਨਾ ਬਿਵਰਜਤ ਹੈ ਇਸ ਲਈ ਕਿਸੇ ਵੀ ਸਿਖ ਮਾਤਰ ਦਾ ਸਵਾਂਗ ਕਦੀ ਨਹੀਂ ਬਨਾਂਉਣਾ ਚਾਹੀਦਾ। (ਅਪ੍ਰੈਲ 1945)
- ਸਾਡੇ ਸਾਹਮਣੇ ਕੇਵਲ ਮਹਾਰਾਜਾ ਸਾਹਿਬ(ਰਣਜੀਤ ਸਿੰਘ) ਦਾ ਹੀ ਸਵਾਲ ਨਹੀਂ ਸਗੋਂ ਸਿਖ ਸ਼ਹੀਦਾਂ ਅਤੇ ਗੁਰੂ ਸਾਹਿਬਾਂ ਦੀ ਇੱਜ਼ਤ ਨੂੰ ਫਿਲਮ ਸਾਜ਼ ਕੰਪਨੀਆਂ ਦੀ ਹਥੋਂ ਪਾਈ ਤੋਂ ਬਚਾਣਾ ਹੈ। ਜੇ ਮਹਾਰਾਜਾ ਸਾਹਿਬ ਦੀ ਫਿਲਮ ਬਣ ਗਈ ਤਾਂ ਸਿਖ ਸਭਿਅਤਾ ਅਤੇ ਸਿਖ ਤਵਾਰੀਖ ਦਾ ਕੀਮਤੀ ਖਜ਼ਾਨਾ ਜਿਹੜਾ ਆਚਰਨ ਹੀਨ ਅਤੇ ਗੈਰ ਸਿਖ ਐਕਟਰਾਂ ਤੋਂ ਮਹਿਫੂਜ਼ ਪਿਆ ਹੈ ਫਿਲਮ ਕੰਪਨੀਆਂ ਦੇ ਡਾਇਰੈਕਟਰਾਂ ਦੀ ਅਯਾਸ਼ੀ ਦਾ ਇਕ ਵਸੀਲਾ ਬਣ ਜਾਵੇਗਾ। ਸਾਡੇ ਅਧੂਰੇ ਇਤਿਹਾਸ ਨੂੰ ਹਾਸੋ ਹੀਣੇ ਤਰੀਕੇ ਨਾਲ ਤੋੜ-ਫੋੜ ਕੇ, ਆਪਣੀ ਮਰਜ਼ੀ ਨਾਲ ਘਟ ਵਧ ਕਰਕੇ ਕਹਾਣੀ ਦੇ ਪਲਾਟ ਅਨੁਸਾਰ ਮਨੋ ਕਲਪਤ ਅਫਸਾਨੇ ਘੜ ਕੇ ਅਤੇ ਪਵਿੱਤਰ ਸ਼ਹੀਦੀਆਂ ਨੂੰ ਨਾਚ ਅਤੇ ਬੇਹਯਾਈ ਦੇ ਨਜ਼ਾਰੇ ਨਾਲ ਪੇਸ਼ ਕੀਤਾ ਜਾਇਆ ਕਰੇਗਾ। ਇਹ ਹਾਲਤ ਅਜ ਨਹੀਂ, ਕੁਝ ਦੇਰ ਪਿਛੋਂ ਲਾਜ਼ਮੀ ਤੌਰ ਤੇ ਹੋਵੇਗੀ। (ਸਤੰਬਰ 1945)
- ਸਿਖ ਧਰਮ ਵਿਚ ਸਵਾਂਗ-ਨਕਲ ਵਰਜਿਤ ਹੈ। ਗੁਰਬਾਣੀ ਵਿਚ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਗਿਆ ਹੈ। ਨਾਚ, ਰੰਗ, ਤਮਾਸ਼ੇ ਅਤੇ ਰਾਸਾਂ ਸਿਖ ਕਲਚਰ ਦੇ ਵਿਰੁਧ ਹਨ। ਗੁਰਮਤ ਵਿਚ ਇਹਨਾਂ ਲਈ ਕੋਈ ਥਾਂ ਨਹੀਂ। ਸਗੋਂ ਬੜੀ ਸਖਤ ਤਾੜਨਾ ਕੀਤੀ ਗਈ ਹੈ।(ਸਤੰਬਰ 1945)
- ਫਿਲਮ ਦੇ ਹੱਕ ਵਿਚ ਜੋ ਦਲੀਲਾਂ ਦਿਤੀਆਂ ਜਾਂਦੀਆਂ ਹਨ ਉਹ ਠੋਸ ਨਹੀਂ। ਪ੍ਰਚਾਰ ਅਤੇ ਕੌਮੀ ਉਨਤੀ ਦੀ ਆੜ ਵਿਚ ਖੁਦਗਰਜ਼ ਅਯਾਸ਼ੀ ਲਈ ਅਤੇ ਕਲਚਰ ਨੂੰ ਤਬਾਹ ਕਰਨ ਦੀਆਂ ਸਾਜ਼ਸ਼ਾਂ ਹੋ ਰਹੀਆਂ ਹਨ।(ਸਤੰਬਰ 1945)
- ਸਿਖ ਸਮਝ ਲੈਣ ਕਿ ਅਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਫਿਲਮ ਹੀ ਨਹੀਂ ਬਣ ਰਹੀ ਸਗੋਂ ਗੁਰੂ ਸਾਹਿਬਾਂ ਦੀਆ ਫਿਲਮਾਂ ਬਨਾਉਣ ਲਈ ਬੀ ਬੀਜਿਆ ਜਾ ਰਿਹਾ ਹੈ।(ਸਤੰਬਰ 1945)
- ਗੁਰਸਿਖੀ ਸਾਨੂੰ ਇਹ ਇਜਾਜ਼ਤ ਨਹੀਂ ਦਿੰਦੀ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਰੂਪ ਦੀ ਨਕਲ ਘੜੀਏ। (ਅਕਤੂਬਰ 1945)
- ਸਿੱਖਾਂ ਨੂੰ ਫਿਲਮੀ ਦੁਨੀਆਂ ਵਿਚ ਨਾ ਸੁਟਿਆ ਜਾਏ ਜਿਥੋਂ ਕਿ ਫਿਰ ਨਿਕਲਨਾ ਅਸੰਭਵ ਹੋ ਜਾਵੇਗਾ । ਮਹਾਰਾਜਾ ਰਣਜੀਤ ਸਿੰਘ ਦੀ ਫ਼ਿਲਮ ਦੀ ਖੁਲ੍ਹ ਦੇ ਕੇ ਅਗੋਂ ਬਨਣ ਵਾਲੀਆਂ ਫ਼ਿਲਮਾਂ ਦਾ ਦਰਵਾਜ਼ਾ ਖੋਲਣਾ ਹੈ ਜਿਸ ਨਾਲ ਸਿੱਖਾਂ ਦੇ ਸਦਾਚਾਰ ਤੇ ਪੰਥਕ ਜੱਥੇ ਬੰਦੀ ਨੂੰ ਕਰੜੀ ਸੱਟ ਵਜਨ ਦਾ ਡਰ ਹੈ। ਜੇਕਰ ਕੋਈ ਫ਼ਿਲਮ ਧਿੰਗੋਜੋਰੀ ਬਨਾਈ ਗਈ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ ਸਗੋਂ ਪ੍ਰਚਾਰ ਦੀ ਥਾਂ ਪਿਛਲਾ ਵਿਕਾਰ ਤੇ ਪਿਆਰ ਭੀ ਜਾਂਦਾ ਰਹੇਗਾ।(ਅਕਤੂਬਰ 1945)