ਨਵੀਂ ਆਈ ਪੰਜਾਬੀ ਫਿਲਮ ‘ਚੜ੍ਹਦੀਕਲਾ’ ਨੇ ਸਿੱਖ ਸ਼ਹੀਦਾਂ ਨੂੰ ਫਿਲਮ ਪਰਦੇ ‘ਤੇ ਪੇਸ਼ ਕਰਨ ਦੇ ਮੁੱਦੇ ‘ਤੇ ਇੱਕ ਨਵੀਂ ਬਹਿਸ ਅਤੇ ਵਿਵਾਦ ਛੇੜ ਦਿੱਤਾ ਹੈ। ਇਸ ਮਾਮਲੇ ‘ਤੇ ਸਿੱਖਾਂ ਦੀ ਰਾਏ ਵੰਡੀ ਹੋਈ ਨਜਰ ਆ ਰਹੀ ਹੈ। ਜਿੱਥੇ ਇੱਕ ਹਿੱਸਾ ਇਹਨਾਂ ਫ਼ਿਲਮਾਂ ਦਾ ਇਹ ਕਹਿ ਕੇ ਹੱਕ ਪੂਰ ਰਿਹਾ ਹੈ ਕਿ ਇਹ ਨਵੀਂ ਪੀੜ੍ਹੀ ਤੱਕ ਇਤਿਹਾਸ ਪਹੁੰਚਾਉਣ ਦਾ ਇੱਕ ਵਧੀਆ ਜਰੀਆ ਹਨ, ਉੱਥੇ ਹੀ ਦੂਜਾ ਹਿੱਸਾ ਇਸ ਰੁਝਾਨ ਦਾ ਸਖਤ ਵਿਰੋਧ ਕਰ ਰਿਹਾ ਹੈ। ਵਿਰੋਧ ਕਰਨ ਵਾਲੀ ਧਿਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਉਸ ਆਦੇਸ਼ ਦਾ ਹਵਾਲਾ ਦਿੰਦੀ ਹੈ, ਜਿਸ ਵਿੱਚ ਸਿੱਖ ਗੁਰੂ ਸਾਹਿਬਾਨ, ਉਹਨਾਂ ਦੇ ਪਰਿਵਾਰਾਂ, ਸਾਹਿਬਜਾਦਿਆਂ, ਗੁਰੂ ਸਾਹਿਬ ਦੇ ਸੰਗੀ ਗੁਰਸਿੱਖਾਂ ਅਤੇ ਸਿੱਖ ਸ਼ਹੀਦਾਂ ਨੂੰ ਨਾਟਕੀ ਰੂਪ ਵਿੱਚ ਪੇਸ਼ ਕਰਨ ਦੀ ਸਖਤ ਮਨਾਹੀ ਕੀਤੀ ਗਈ ਹੈ।
ਇਸੇ ਆਦੇਸ਼ ਦੇ ਹਵਾਲੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੇ ਹਾਲ ਹੀ ਵਿੱਚ ਇੱਕ ਬਾਲੀਵੁੱਡ ਫ਼ਿਲਮਸਾਜ਼ ਵੱਲੋਂ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ‘ਤੇ ਫਿਲਮ ਬਣਾਉਣ ਦੀ ਤਜਵੀਜ ਨੂੰ ਮੂਲੋਂ ਰੱਦ ਕਰ ਦਿੱਤਾ ਹੈ। ਦੂਜੇ ਪਾਸੇ, ਕੁਝ ਸਿੱਖਾਂ ਦਾ ਇਹ ਵੀ ਤਰਕ ਹੈ ਕਿ ਇਹ ਪਾਬੰਦੀ ਨੇੜਲੇ ਇਤਿਹਾਸ ਅਤੇ ਮੌਜੂਦਾ ਸਮੇਂ ਦੇ ਸਿੱਖ ਸ਼ਹੀਦਾਂ ‘ਤੇ ਲਾਗੂ ਨਹੀਂ ਹੋਣੀ ਚਾਹੀਦੀ।
ਇਸ ਅਹਿਮ ਮਸਲੇ ਨੂੰ ਹੋਰ ਬਾਰੀਕੀ ਨਾਲ ਵਿਚਾਰਨ ਲਈ, ਪੱਤਰਕਾਰ ਮਨਦੀਪ ਸਿੰਘ ਨੇ ‘ਜਥਾ ਸਿੱਖ ਯੂਥ ਪਾਵਰ ਆਫ਼ ਪੰਜਾਬ’ ਦੇ ਨੁਮਾਇੰਦੇ ਪਰਦੀਪ ਸਿੰਘ ਇਯਾਲੀ ਨਾਲ ਖ਼ਾਸ ਗੱਲਬਾਤ ਕੀਤੀ। ਇਹ ਜਥੇਬੰਦੀ ਸਿੱਖ ਸ਼ਹੀਦਾਂ ਨੂੰ ਫ਼ਿਲਮਾਂ ਵਿੱਚ ਪੇਸ਼ ਕੀਤੇ ਜਾਣ ਦੇ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰਦੀ ਆ ਰਹੀ ਹੈ। ਇਸ ਮੁਲਾਕਾਤ ਦਾ ਅਸਲ ਮਕਸਦ ਇਸ ਭਖਦੇ ਮੁੱਦੇ ‘ਤੇ ਉਹਨਾਂ ਦਾ ਪੱਖ ਅਤੇ ਨਜ਼ਰੀਆ ਜਾਨਣਾ ਹੈ।