ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਵਿੱਚ ਸਿੱਖ ਬੀਬੀਆਂ ਦਾ ਯੋਗਦਾਨ ਅਤੇ ਕੁਰਬਾਨੀਆਂ ਬੇਮਿਸਾਲ ਹਨ। ਪਰ ਸਾਡੇ ਇਤਿਹਾਸ ਦਾ ਇਹ ਅਹਿਮ ਪੱਖ ਅਜੇ ਵੀ ਬਹੁਤ ਘੱਟ ਲਿਖਿਆ, ਖੋਜਿਆ ਅਤੇ ਵਿਚਾਰਿਆ ਗਿਆ ਹੈ।
ਕੁਝ ਸਾਲ ਪਹਿਲਾਂ ਪੰਥ ਸੇਵਕ ਸਖਸ਼ੀਅਤਾਂ, ਜਿਨ੍ਹਾਂ ਵਿੱਚ ਭਾਈ ਪਰਮਜੀਤ ਸਿੰਘ ਅਤੇ ਭਾਈ ਦਲਜੀਤ ਸਿੰਘ ਵੀ ਸ਼ਾਮਲ ਹਨ, ਦੀ ਪ੍ਰੇਰਨਾ ਨਾਲ ਹਾਲੀਆ ਸਿੱਖ ਸੰਘਰਸ਼ ਵਿੱਚ ਸਿੱਖ ਬੀਬੀਆਂ ਦੀ ਭੂਮਿਕਾ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਦਸਤਾਵੇਜ਼ੀ ਰੂਪ ਦੇਣ ਦਾ ਕਾਰਜ ਸ਼ੁਰੂ ਕੀਤਾ ਗਿਆ। ਇਸ ਲਈ ਪੱਤਰਕਾਰ ਅਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਦੀ ਅਗਵਾਈ ਵਿਚ ਲੰਬੇ ਸਮੇਂ ਤੱਕ ਜਮੀਨੀ ਧਰਾਤਲ ਉੱਤੇ ਖੋਜ ਅਤੇ ਅਧਿਐਨ ਦਾ ਕਾਰਜ ਹੋਇਆ। ਇਸ ਮਿਹਨਤ ਦਾ ਨਤੀਜਾ ਕੌਰਨਾਮਾ ਪੁਸਤਕ ਲੜੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ।
ਹੁਣ ਤੱਕ ਕੌਰਨਾਮਾ ਦੇ ਤਿੰਨ ਭਾਗ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਦਾ ਤੀਜਾ ਭਾਗ 6 ਮਈ 2026 ਨੂੰ ਪੰਜਾਬ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਤੋਂ ਬਾਅਦ ਜਰਮਨੀ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਅਤੇ ਬੈਲਜੀਅਮ ਵਿੱਚ ਵੀ ਇਹ ਪੁਸਤਕ ਜਾਰੀ ਕੀਤੀ ਗਈ।
ਇਸ ਗੱਲਬਾਤ ਵਿੱਚ ਪੱਤਰਕਾਰ ਮਨਦੀਪ ਸਿੰਘ ਨੇ ਕੌਰਨਾਮਾ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨਾਲ ਉਨ੍ਹਾਂ ਦੀ ਖੋਜ ਅਤੇ ਇਸ ਪੁਸਤਕ ਲੜੀ ਦੀ ਸਿਰਜਣਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ। ਇਸ ਦੌਰਾਨ ਇਤਿਹਾਸ ਨੂੰ ਦਸਤਾਵੇਜੀ ਰੂਪ ਵਿੱਚ ਸੰਭਾਲਣ ਦੀ ਅਹਿਮੀਅਤ ਅਤੇ ਖਾਸ ਕਰਕੇ ਸਿੱਖ ਬੀਬੀਆਂ ਦੇ ਯੋਗਦਾਨ, ਸੰਘਰਸ਼ ਅਤੇ ਕੁਰਬਾਨੀਆਂ ਨੂੰ ਦਰਜ ਕਰਨ ਦੀ ਲੋੜ ਉੱਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।
ਇਹ ਗੱਲਬਾਤ ਸਿੱਖ ਇਤਿਹਾਸ ਦੇ ਕਈ ਅਜਿਹੇ ਅਹਿਮ ਪਰ ਅਣਗੌਲੇ ਪੰਨਿਆਂ ਤੋਂ ਪਰਦਾ ਚੁੱਕਦੀ ਹੈ, ਜੋ ਸਿੱਖ ਬੀਬੀਆਂ ਦੀ ਬਹਾਦਰੀ, ਦ੍ਰਿੜਤਾ ਅਤੇ ਮਹਾਨ ਕੁਰਬਾਨੀਆਂ ਦੀ ਗਵਾਹੀ ਭਰਦੇ ਹਨ। ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਵਿੱਚ ਦਿਲਚਸਪੀ ਰੱਖਣ ਵਾਲੇ ਹਰ ਵਿਅਕਤੀ ਲਈ ਇਹ ਇੱਕ ਲਾਜਮੀ ਸੁਣਨ-ਵੇਖਣ ਯੋਗ ਵਿਚਾਰ-ਚਰਚਾ ਹੈ।
ਇਸ ਗੱਲਬਾਤ ਨੂੰ ਜ਼ਰੂਰ ਵੇਖੋ, ਸੁਣੋ ਅਤੇ ਵੱਧ ਤੋਂ ਵੱਧ ਸਾਂਝੀ ਕਰੋ।