ਬਦਲ ਰਹੇ ਆਲਮੀ ਹਾਲਾਤ ਅਤੇ ਦੱਖਣੀ ਏਸ਼ੀਆ ਦੇ ਤਬਦੀਲ ਹੁੰਦੇ ਖੇਤਰੀ ਸਮੀਕਰਨਾਂ ਨੇ ਇੱਕ ਵਾਰ ਫਿਰ ਪੰਜਾਬ ਅਤੇ ਸਿੱਖਾਂ ਨੂੰ ਭੂ-ਰਾਜਨੀਤਕ ਚਰਚਾ ਵਿੱਚ ਲੈ ਆਂਦਾ ਹੈ। ਇੰਡੀਆ-ਪਾਕਿਸਤਾਨ ਸੁਰੱਖਿਆ ਸਮੀਕਰਨਾਂ ਵਿੱਚ ਆ ਰਹੀਆਂ ਤਬਦੀਲੀਆਂ, ਖੇਤਰ ਵਿੱਚ ਵਧ ਰਹੀ ਰਣਨੀਤਕ ਖਿੱਚੋਤਾਣ ਅਤੇ ਦੱਖਣੀ ਏਸ਼ੀਆ ਦੀਆਂ ਸਰਹੱਦਾਂ ਉੱਤੇ ਸਥਿਰਤਾ ਨੂੰ ਲੈ ਕੇ ਉੱਠ ਰਹੀਆਂ ਚਿੰਤਾਵਾਂ ਕਾਰਨ ਪੰਜਾਬ ਅਤੇ ਸਿੱਖਾਂ ਨਾਲ ਜੁੜੇ ਮਾਮਲਿਆਂ ਵੱਲ ਅੰਤਰਰਾਸ਼ਟਰੀ ਧਿਆਨ ਪਹਿਲਾਂ ਨਾਲੋਂ ਕਾਫੀ ਵਧਿਆ ਹੈ। ਇਸ ਦੇ ਨਾਲ ਹੀ ਸਿੱਖ ਪਛਾਣ, ਰਾਜਨੀਤਕ ਹੱਕਾਂ, ਪਰਵਾਸੀ ਸਿੱਖ ਸਰਗਰਮੀਆਂ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦੋਸ਼ਾਂ ਵਰਗੇ ਮੁੱਦੇ ਸੰਯੁਕਤ ਰਾਸ਼ਟਰ ਦੇ ਮੰਚਾਂ, ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਅਤੇ ਆਲਮੀ ਮੀਡੀਆ ਵਿੱਚ ਲਗਾਤਾਰ ਉੱਠ ਰਹੇ ਹਨ। ਇਸ ਕਾਰਨ ਸਿੱਖਾਂ ਨਾਲ ਸਬੰਧਤ ਮਸਲੇ ਹੁਣ ਇੱਕ ਅੰਤਰਰਾਸ਼ਟਰੀ ਪੱਧਰ ਦੀ ਚਰਚਾ ਦਾ ਹਿੱਸਾ ਬਣਦੇ ਜਾ ਰਹੇ ਹਨ।
ਅਜਿਹੇ ਸਮੇਂ ਵਿੱਚ ਪੰਜਾਬ ਨਾਲ ਜੁੜੇ ਮਨੁੱਖੀ ਹੱਕਾਂ ਦੇ ਮਸਲਿਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਠਾਉਣ ਅਤੇ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ, ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਅਤੇ ਹੋਰ ਕੌਮਾਂਤਰੀ ਅਦਾਰਿਆਂ ਨਾਲ ਨੀਤੀਗਤ ਪੱਧਰ ‘ਤੇ ਸੰਵਾਦ ਅਤੇ ਪੈਰਵੀ ਕਰਨ ਲਈ ਸਿੱਖ ਪਰਵਾਸੀ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸੰਸਥਾਗਤ ਉਪਰਾਲੇ ਬੇਹੱਦ ਮਹੱਤਵਪੂਰਨ ਬਣ ਜਾਂਦੇ ਹਨ।
ਇਨ੍ਹਾਂ ਕੂਟਨੀਤਕ ਅਤੇ ਵਕਾਲਤੀ ਉਪਰਾਲਿਆਂ, ਉਨ੍ਹਾਂ ਦੀ ਪ੍ਰਭਾਵਸ਼ੀਲਤਾ ਅਤੇ ਹੁਣ ਤੱਕ ਦੇ ਨਤੀਜਿਆਂ ਬਾਰੇ ਗੱਲਬਾਤ ਕਰਨ ਲਈ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਭਾਈ ਮੋਨਿੰਦਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ। ਇਸ ਵਿਚਾਰ-ਚਰਚਾ ਦੌਰਾਨ ਜਿਨੀਵਾ ਵਿੱਚ ਹੋਏ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਇਜਲਾਸਾਂ ਵਿੱਚ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੀ ਸ਼ਮੂਲੀਅਤ, ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਪ੍ਰਣਾਲੀਆਂ ਤੇ ਸੰਸਥਾਵਾਂ, ਅੰਤਰਰਾਸ਼ਟਰੀ ਨੁਮਾਇੰਦਿਆਂ ਨਾਲ ਹੋਈਆਂ ਮੁਲਾਕਾਤਾਂ ਅਤੇ ਪੰਜਾਬ ਤੇ ਸਿੱਖਾਂ ਨਾਲ ਜੁੜੇ ਮਸਲਿਆਂ ਨੂੰ ਉਠਾਉਣ ਦੇ ਯਤਨਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ।
ਇਸ ਤੋਂ ਇਲਾਵਾ, ਅਜ਼ਰਬਾਈਜਾਨ ਦੇ ਬਾਕੂ ਇਨੀਸ਼ੀਏਟਿਵ ਗਰੁੱਪ (BIG) ਦੇ ਸਹਿਯੋਗ ਨਾਲ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਬਾਕੂ ਵਿੱਚ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ਬਾਰੇ ਵੀ ਗੱਲ ਕੀਤੀ ਗਈ ਹੈ। ਇਸ ਕਾਨਫਰੰਸ ਦਾ ਮਕਸਦ ਸਿੱਖਾਂ ਅਤੇ ਅਜ਼ਰਬਾਈਜਾਨ ਦਰਮਿਆਨ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮੁੜ ਉਜਾਗਰ ਕਰਨਾ ਅਤੇ ਸਮਕਾਲੀ ਅੰਤਰਰਾਸ਼ਟਰੀ ਮਹੱਤਤਾ ਦੇ ਮੁੱਦਿਆਂ ਉੱਤੇ ਵਿਚਾਰ-ਵਟਾਂਦਰਾ ਕਰਨਾ ਸੀ।
ਹਮੇਸ਼ਾਂ ਦੀ ਤਰ੍ਹਾਂ, ਇਸ ਗੱਲਬਾਤ ਦੌਰਾਨ ਪ੍ਰਗਟ ਕੀਤੇ ਗਏ ਵਿਚਾਰ ਮਹਿਮਾਨ ਦੇ ਨਿੱਜੀ ਵਿਚਾਰ ਹਨ। ਪੱਤਰਕਾਰ ਜਾਂ ਅਦਾਰਾ ਸਿੱਖ ਸਿਆਸਤ ਦਾ ਇਹਨਾ ਵਿਚਾਰਾਂ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਜਰੂਰੀ ਨਹੀਂ ਹੈ।