Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Mastuana sahib Jorh Mela

ਮਸਤੂਆਣਾ ਸਾਹਿਬ ਦੇ ਜੋੜਮੇਲੇ ਬਾਰੇ ਜਰੂਰੀ ਜਾਣਕਾਰੀ ਤੇ ਅਫਵਾਹਾਂ ਤੋਂ ਬਚਣ ਲਈ ਬੇਨਤੀ

ਮਸਤੂਆਣਾ ਸਾਹਿਬ ਦੇ ਜੋੜਮੇਲੇ ਬਾਰੇ ਜਰੂਰੀ ਜਾਣਕਾਰੀ ਤੇ ਅਫਵਾਹਾਂ ਤੋਂ ਬਚਣ ਲਈ ਬੇਨਤੀ

ਮਸਤੂਆਣਾ ਸਾਹਿਬ ਜੋੜ ਮੇਲੇ ਦੇ ਮਾਹੌਲ ਵਿੱਚ ਆਈ ਸਿਫਤੀ ਤਬਦੀਲੀ ਤੋਂ ਕੁਝ ਕੁ ਸਖਸ਼ ਨਾ-ਖੁਸ਼ ਹਨ ਜੋ ਨਹੀਂ ਚਾਹੁੰਦੇ ਕਿ ਇੱਥੋਂ ਦਾ ਮਹੌਲ ਗੁਰਮਤਿ ਅਨੁਸਾਰੀ ਹੋਵੇ। ਉਹਨਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ/ਗਲਤ ਜਾਣਕਾਰੀ ਅਤੇ ਉਸ ਸਬੰਧੀ ਅਸਲ ਸਚਾਈ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ।

“ਗਰੀਬਾਂ ਨਾਲ ਧੱਕਾ ਹੋ ਰਿਹਾ ਹੈ” ਬਾਰੇ:- ਕਿਸੇ ਗਰੀਬ ਨਾਲ ਕੋਈ ਧੱਕਾ ਨਹੀ ਹੋਇਆ। ਬਜਾਰ ਲਾਉਣ ਲਈ ਪ੍ਰਬੰਧਕਾਂ ਵੱਲੋਂ ਹਦੂਦ ਤੋਂ ਬਾਹਰ ਥਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿੱਥੇ ਅੰਦਰ ਵਾਲੇ ਪੱਕੇ ਦੁਕਾਨਦਾਰਾਂ ਤੋਂ ਕੋਈ ਮਾਇਆ ਨਹੀਂ ਲਈ ਜਾਂਦੀ। ਜਿਹੜਾ ਅੰਦਰ ਵਾਲਾ ਦੁਕਾਨਦਾਰ ਬਾਹਰ ਦੁਕਾਨ ਨਹੀਂ ਲਗਾਉਂਦਾ ਉਹਨਾਂ ਦਾ ਅੰਦਰ ਦਾ ਕਿਰਾਇਆ ਵੀ ਮੁਆਫ਼ ਕਰ ਦਿੱਤਾ ਜਾਂਦਾ ਹੈ।

“ਅੰਦਰ ਫਲਾਣੀ ਚੀਜ਼ ਵਿਕੀ ਜਾ ਫਲਾਣੀ ਨਹੀਂ ਵਿਕਣ ਦਿੱਤੀ” ਬਾਰੇ:- ਜੋ ਚੀਜ਼ਾਂ ਅੰਦਰ ਵਿਕਣੀਆਂ ਹਨ, ਉਹ ਵੀ ਪਹਿਲਾਂ ਤੋਂ ਹੀ ਲਿਖਤੀ ਹਨ, ਅਕਾਲ ਕਾਲਜ ਕੌਂਸਲ ਦਾ ਵੀ ਇਸ ਸਬੰਧੀ ਮਤਾ ਹੈ। ਜਥੇ ਉਸ ਨੂੰ ਇੰਨ ਬਿੰਨ ਲਾਗੂ ਕਰਵਾਉਂਦੇ ਹਨ।

“ਅੰਦਰ ਖੇਤੀਬਾੜੀ ਨਾਲ ਸਬੰਧਤ ਸਮਾਨ ਨੂੰ ਮਨਾਹੀ ਕਰਦੇ ਹਨ” ਬਾਰੇ:-ਖੇਤੀਬਾੜੀ ਨਾਲ ਸਬੰਧਤ ਵੱਡੀ ਮਸ਼ੀਨਰੀ ਨੂੰ ਅੰਦਰੋਂ ਰੋਕਿਆ ਗਿਆ ਹੈ। ਅਕਾਲ ਕਾਲਜ ਕੌਂਸਲ ਦਾ ਵੀ ਇਸ ਸਬੰਧੀ ਲਿਖਤੀ ਮਤਾ ਹੈ। ਵੱਡੀ ਮਸ਼ੀਨਰੀ ਬਾਹਰ ਲੱਗ ਸਕਦੀ ਹੈ। ਬਾਕੀ ਬਹੁਤ ਕੁਝ ਬੀਜ਼, ਖਾਦਾਂ, ਜਾਗਰੂਕਤਾ ਸਬੰਧੀ ਤੰਬੂ ਅੰਦਰ ਲੱਗਦੇ ਹੀ ਹਨ, ਓਹਨਾਂ ਨੂੰ ਕੋਈ ਨਹੀਂ ਰੋਕਦਾ।

ਅਸਲ ਵਿੱਚ ਗੱਲ ਇਹ ਹੈ ਕਿ ਖੇਤੀਬਾੜੀ ਵਿੱਚ ਵੀ ਹਰੇਕ ਚੀਜ਼ ਨੂੰ ਖੁੱਲ ਨਹੀਂ ਦਿੱਤੀ ਜਾ ਸਕਦੀ। ਇਸ ਤਰ੍ਹਾ ਤਾਂ ਪਸੂਆਂ ਤੱਕ, ਸੰਦਾਂ ਤੱਕ, ਡੇਰੀ ਫਾਰਮ ਨਾਲ ਸਬੰਧਤ ਮਸ਼ੀਨਰੀ ਆਦਿ ਬਹੁਤ ਕੁਝ ਖੇਤੀਬਾੜੀ ਵਿੱਚ ਹੀ ਗਿਣਿਆਂ ਜਾਂਦਾ ਹੈ। ਇਹ ਸੰਤਾਂ ਦੀ ਸਲਾਨਾ ਯਾਦ ਦਾ ਇਕੱਠ ਹੈ, ਕਿਸਾਨ ਮੇਲੇ ਦਾ ਇਕੱਠ ਨਹੀਂ ਹੈ।

“ਆਪਣੀ ਨਿੱਜੀ ਥਾਂ ਨੂੰ ਨਹੀਂ ਵਰਤਣ ਦਿੰਦੇ, ਨਿੱਜੀ ਥਾਂ ਵਿੱਚ ਕੋਈ ਕੁਝ ਵੀ ਕਰੇ” ਬਾਰੇ:- ਨਿੱਜੀ ਥਾਂ ਵਿਚ ਤਾਂ ਦੁਨਿਆਵੀ ਤੌਰ ’ਤੇ ਮੁਲਕਾਂ ਦੇ ਕਾਨੂੰਨ ਮੁਤਾਬਿਕ ਵੀ ਕੋਈ ਸਭ ਕੁਝ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ। ਦਾਰੂ/ਸ਼ਰਾਬ ਨਹੀਂ ਕੱਢ ਸਕਦਾ, ਹਰ ਕਿਸਮ ਦੀ ਖੇਤੀ ਨਹੀਂ ਕਰ ਸਕਦਾ, ਸਮਾਜਕ ਕਦਰਾਂ ਕੀਮਤਾਂ ਦੇ ਉਲਟ ਵਪਾਰ ਆਦਿ ਨਹੀਂ ਕਰ ਸਕਦਾ। ਇਸੇ ਤਰ੍ਹਾ ਧਾਰਮਿਕ ਸਮਾਗਮਾਂ ਦੀ ਆਪਣੀ ਇਕ ਮਰਿਆਦਾ ਹੈ, ਨਿਯਮ ਹਨ ਜੋ ਆਪਣੀ ਨਿੱਜੀ ਥਾਂ ਦੇ ਹਵਾਲੇ ਹੇਠ ਤੋੜੇ ਨਹੀਂ ਜਾ ਸਕਦੇ। ਨਿੱਜੀ ਥਾਵਾਂ ਵਿਚ ਸਿਰਫ ਝੂਲੇ ਬੰਦ ਕੀਤੇ ਹਨ, ਉਸ ਤੋਂ ਬਿਨਾਂ ਦੁਕਾਨਾਂ, ਪਾਰਕਿੰਗ, ਮਸ਼ਿਨਰੀ ਆਦਿ ਹੋਰ ਅਨੇਕਾਂ ਕਾਰਜਾਂ ਲਈ ਆਪਣੀਆਂ ਨਿੱਜੀ ਥਾਵਾਂ ਤੋਂ ਮੁਨਾਫ਼ਾ ਕਮਾਉਣ ਦੇ ਚਾਹਵਾਨ ਮੁਨਾਫ਼ਾ ਕਮਾ ਸਕਦੇ ਹਨ।

“ਸਾਰੀਆਂ ਦੁਕਾਨਾਂ ਹੀ ਕਿਉਂ ਨਹੀਂ ਬੰਦ ਕਰਵਾਉਂਦੇ” ਬਾਰੇ:- ਕਿਹੜੀ ਦੁਕਾਨ ਲੱਗਣੀ ਹੈ, ਕਿਹੜੀ ਨਹੀਂ ਲੱਗਣੀ, ਹਰ ਗੱਲ ਦਾ ਫੈਸਲਾ ਪ੍ਰਬੰਧਕਾਂ ਦਾ ਹੈ। ਸੰਗਤ ਦਾ ਫੈਸਲਾ ਸਿਰਫ ਗੁਰਮਤਿ ਅਨੁਸਾਰੀ ਦੁਕਾਨਾਂ ਲੱਗ ਸਕਣ ਤੱਕ ਸੀਮਤ ਹੈ। ਜੇਕਰ ਪ੍ਰਬੰਧਕ ਸਾਰੀਆਂ ਦੁਕਾਨਾਂ ਬੰਦ ਕਰਨ ’ਤੇ ਸਹਿਮਤ ਹੁੰਦੇ ਹਨ ਤਾਂ ਇਹ ਉਨ੍ਹਾਂ ਦਾ ਫੈਸਲਾ ਹੋਵੇਗਾ।

“ਅਸੀਂ ਵੱਧ ਪਿੰਡਾਂ ਵਿਚੋਂ ਇਸ ਦੇ ਉਲਟ ਮਤੇ ਪਵਾ ਲਵਾਂਗੇ” ਬਾਰੇ:- ਮਤਾ ਓਹੀ ਮੰਨਿਆ ਜਾਣਾ ਹੈ ਜੋ ਗੁਰਮਤਿ ਅਨੁਸਾਰੀ ਹੋਏ, ਸੰਗਤ ਵੀ ਉਸੇ ਨੂੰ ਕਿਹਾ ਜਾਵੇਗਾ ਜੋ ਗੁਰਮਤਿ ਅਨੁਸਾਰੀ ਕਾਰਜ ਕਰੇ। ਇਥੇ ਗਿਣਤੀ ਦੇ ਮਾਇਨੇ ਨਹੀ ਹਨ।

“ਪ੍ਰਬੰਧਕ ਤਾਂ ਰਾਜੀ ਨੇ ਪਰ ਬਾਬੇ ਧੱਕਾ ਕਰਦੇ ਹਨ” ਬਾਰੇ:- ਪ੍ਰਬੰਧਕ ਲਿਖਤੀ ਤੌਰ ’ਤੇ ਵੀ ਅਤੇ ਜ਼ੁਬਾਨੀ ਵੀ ਸੰਗਤ ਦੇ ਫੈਸਲੇ ਨਾਲ ਸਹਿਮਤ ਹਨ। ਸਾਡੇ ਵੱਲੋਂ ਕੁਝ ਵੀ ਆਪਣੇ ਤੌਰ ’ਤੇ ਨਿੱਜੀ ਫੈਸਲੇ ਕਰਕੇ ਸੰਗਤ ਦਾ ਫੈਸਲਾ ਕਹਿ ਕੇ ਮਨਜੂਰ ਨਹੀਂ ਕਰਵਾਇਆ ਜਾ ਸਕਦਾ। ਫੈਸਲਾ ਓਹੀ ਮੰਨਣਯੋਗ ਹੁੰਦਾ ਹੈ, ਜੋ ਸਿਧਾਂਤ ਮੁਤਾਬਿਕ ਠੀਕ ਹੋਵੇ।

“ਮਾਇਆ ਤਾਂ ਗੁਰਦੁਆਰਾ ਸਾਹਿਬ ਹੀ ਜਾਵੇਗੀ, ਗੁਰਦੁਆਰੇ ਨੂੰ ਘਾਟਾ ਪਵਾ ਰਹੇ ਹਨ” ਬਾਰੇ:- ਗੁਰਦੁਆਰੇ ਵਪਾਰ ਲਈ ਨਹੀਂ ਪ੍ਰਚਾਰ ਲਈ ਹਨ। ਇਥੇ ਹਰ ਇੱਕ ਧੰਦੇ ਦੇ ਮੁਨਾਫ਼ੇ ਤੋਂ ਆਈ ਮਾਇਆ ਪ੍ਰਵਾਨ ਨਹੀਂ ਚੜ੍ਹਦੀ। ਇੱਥੇ ਸੰਗਤਾਂ ਦੇ ਹੱਥੀਂ ਕਿਰਤ ਕਮਾਈਆਂ ਤੋਂ ਆਇਆ ਦਸਵੰਧ ਪ੍ਰਵਾਨ ਹੁੰਦਾ ਹੈ, ਲੋਕਾਂ ਦੀਆਂ ਨੇਕ ਕਿਰਤ ਕਮਾਈਆਂ ’ਚ ਵਾਧੇ ਦੀ ਅਰਦਾਸ ਤਾਂ ਹੁੰਦੀ ਹੈ, ਗੁਰਦੁਆਰੇ ਦੇ ਵਪਾਰ ’ਚ ਵਾਧੇ ਦੀ ਅਰਦਾਸ ਨਹੀਂ ਹੁੰਦੀ ਕਿਉਂਕਿ ਗੁਰਦੁਆਰਾ ਵਪਾਰ ਲਈ ਨਹੀਂ ਹੈ।

ਢਿੱਲ ਦੇਣ ਨਾਲ ਕੀ ਵਾਪਰਦਾ ਹੈ:-
ਸਿਹਤ ਵਾਲੇ ਮਸਲੇ ਵਿੱਚ:- ਸਿਹਤ ਦੇ ਨਾਮ ਹੇਠ ਭਾਰ ਘਟਾਉਣ, ਮਰਦਾਨਾ ਤਾਕਤ, ਸੁੰਦਰਤਾ ਵਧਾਉਣ ਆਦਿ ਵਾਲੇ ਵੀ ਹਦੂਦ ਅੰਦਰ ਆ ਗਏ ਸਨ, ਜਿਸ ਕਰਕੇ ਸਿਹਤ ਅਤੇ ਦਵਾਈਆਂ ਵਿਚ ਆਪਣੇ ਸਮਾਨ ਦੀ ਮਸ਼ਹੂਰੀ ਵਾਲਿਆਂ ਨੂੰ ਰੋਕਿਆ ਗਿਆ ਹੈ, ਜਿਹੜੇ ਕਿਸੇ ਇਲਾਜ਼ ਲਈ ਨਹੀਂ ਬੈਠਦੇ ਅਤੇ ਨਾ ਹੀ ਕੋਈ ਇਲਾਜ ਕਰਦੇ ਹਨ। ਖੂਨਦਾਨ ਕੈਂਪ, ਸਿਹਤ ਜਾਂਚ, ਸਿਹਤ ਜਾਗਰੂਕਤਾ ਆਦਿ ਵਾਲਿਆਂ ਲਈ ਅੰਦਰ ਕੋਈ ਰੋਕ ਨਹੀ ਹੈ।

ਕਿਤਾਬਾਂ ਵਾਲੇ ਮਸਲੇ ਵਿੱਚ:- ਕਿਤਾਬਾਂ ਵਿਚ ਨਾਸਤਿਕਤਾ ਵਾਲੀਆਂ ਅਤੇ ਇਸ਼ਕ ਮਜਾਜੀ ਵਾਲੀਆਂ ਕਿਤਾਬਾਂ ਵੀ ਵਿਕਣ ਲੱਗੀਆਂ ਸਨ, ਜਿਸ ਕਰਕੇ ਸਖਤੀ ਕੀਤੀ ਹੈ।

ਖੇਤੀ ਵਾਲੇ ਮਸਲੇ ਵਿੱਚ:- ਪਸ਼ੂ, ਫੀਡ, ਸੰਦ, ਮਸ਼ੀਨਰੀ ਆਦਿ ਕੀ ਕੁਝ ਹੈ ਜੋ ਖੇਤੀ ਨਾਲ ਹੀ ਸਬੰਧਤ ਹੈ, ਪਰ ਜੇਕਰ ਸਭ ਨੂੰ ਹਦੂਦ ਅੰਦਰ ਖੁੱਲ੍ਹ ਮਿਲੇਗੀ ਤਾਂ ਕੀ ਇਹ ਸੰਤ ਅਤਰ ਸਿੰਘ ਜੀ ਦੀ ਯਾਦ ਵਿੱਚ ਹੋ ਰਿਹਾ ਧਾਰਮਿਕ ਸਮਾਗਮ ਰਹਿ ਜਾਏਗਾ?

ਕਕਾਰਾਂ ਵਾਲੇ ਮਸਲੇ ਵਿੱਚ:- ਉਂਗਲਾਂ ਵਿੱਚ ਪਾਉਣ ਵਾਲੇ ਛਾਪਾਂ ਛੱਲੇ, ਗਲਾਂ ਵਿੱਚ ਪਾਉਣ ਵਾਲੀਆਂ ਚੇਨਾਂ, ਮੁੰਦਰੀਆਂ, ਰੰਗ ਬਿਰੰਗੇ ਰੁਮਾਲ, ਚਮਕੀਲੇ ਕੜੇ, ਕੁੜਤੇ, ਬੀਬੀਆਂ ਦੇ ਕੱਪੜੇ ਆਦਿ ਬਹੁਤ ਕੁਝ ਕਕਾਰਾਂ ਦੇ ਨਾਮ ਹੇਠ ਅੰਦਰ ਆ ਗਿਆ ਸੀ, ਜਿਸ ਕਰਕੇ ਪਹਿਰਾ ਕਰੜਾ ਕੀਤਾ ਗਿਆ। ਕਕਾਰਾਂ ਦੇ ਨਾਮ ਹੇਠ ਇਹ ਸਭ ਕਿਵੇਂ ਰੱਖਣ ਦਿੱਤਾ ਜਾ ਸਕਦਾ ਹੈ?

ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਢਿੱਲਾਂ ਦੇਣ ਨਾਲ ਹੀ ਮਹੌਲ ਇਥੇ ਤੱਕ ਪਹੁੰਚਿਆ ਸੀ। ਮਸਤੂਆਣਾ ਸਾਹਿਬ ਝੂਲੇ ਵਾਲਿਆਂ ਵਲੋਂ ਰਾਤਾਂ ਨੂੰ ਸ਼ਰਾਬਾਂ ਦੇ ਡੱਬੇ ਖੁੱਲ੍ਹਣ ਦੀਆਂ ਗੱਲਾਂ ਤੋਂ ਆਲੇ ਦੁਆਲੇ ਦੇ ਸਭ ਪਿੰਡ ਜਾਣੂ ਹਨ। ਇਹ ਢਿੱਲਾਂ ਦੇ ਹੀ ਨਤੀਜੇ ਸਨ। ਕੀ ਮੁੜ ਉਹ ਮਹੌਲ ਬਣਨ ਦੇਣਾ ਚਾਹੀਦਾ ਹੈ?

ਅਖੀਰ ਵਿਚ:
ਇਹ ਸਖਸ਼ ਜਿਹੜੇ ਗਲਤ ਜਾਣਕਾਰੀ ਨਾਲ ਪਿੰਡਾਂ ਦੇ ਮੁਹਤਬਰਾਂ ਨੂੰ ਗੁਮਰਾਹ ਕਰਨ ਦੇ ਯਤਨ ਕਰਦੇ ਹਨ, ਇਹ ਜੋੜ ਮੇਲੇ ਦੇ ਬਿਲਕੁਲ ਨੇੜੇ ਕੁਝ ਦਿਨ ਪਹਿਲਾਂ ਹੀ ਸਰਗਰਮ ਹੁੰਦੇ ਹਨ। ਜਦਕਿ ਸਿੱਖ ਜਥਿਆਂ ਅਤੇ ਪ੍ਰਬੰਧਕਾਂ ਵਲੋਂ ਸੰਤ ਅਤਰ ਸਿੰਘ ਜੀ ਦੀ ਸਲਾਨਾ ਯਾਦ ਸਬੰਧੀ ਕਈ ਮਹੀਨੇ ਪਹਿਲਾਂ ਤੋਂ ਹੀ ਤਿਆਰੀ ਆਰੰਭ ਕਰ ਦਿੱਤੀ ਜਾਂਦੀ ਹੈ, ਜਿਸ ਸਬੰਧੀ ਅਖ਼ਬਾਰਾਂ, ਟੀਵੀ ਚੈਨਲਾਂ, ਫਲੈਕਸਾਂ ਆਦਿ ਸਭ ਮਾਧਿਅਮਾਂ ਰਾਹੀਂ ਪ੍ਰਚਾਰ ਕੀਤਾ ਜਾਂਦਾ ਹੈ। ਪਰ ਜਿਹੜੇ ਸੱਜਣ ਇਸ ਮਹੌਲ ਨੂੰ ਗੁਰਮਤਿ ਅਨੁਸਾਰੀ ਰੱਖਣ ਦੇ ਹਾਮੀ ਨਹੀਂ, ਆਪਣੀਆਂ ਗਰਜ਼ਾਂ ਪੂਰੀਆਂ ਕਰਨ ਲਈ, ਰੌਲੇ ਰੱਪੇ ਅਤੇ ਸ਼ੋਰ ਸ਼ਰਾਬੇ ਵਾਲਾ ਮਹੌਲ ਬਣਾਉਣ ਲਈ ਸੰਗਤ ਦੀ ਭਾਵਨਾ ਦੇ ਐਨ ਉਲਟ ਆਪਣੀਆਂ ਕਾਰਵਾਈਆਂ ਸਲਾਨਾਂ ਸਮਾਗਮਾਂ ਤੋਂ ਸਿਰਫ ਕੁਝ ਦਿਨ ਪਹਿਲਾਂ ਸ਼ੁਰੂ ਕਰਦੇ ਹਨ, ਤਾਂ ਜੋ ਚੰਗਾ ਮਹੌਲ ਬਣਨ ਵਿਚ ਅੜਿਕਾ ਡਾਹਿਆ ਜਾ ਸਕੇ।

ਸੱਚੇ ਪਾਤਿਸਾਹ ਮਿਹਰ ਕਰਨ।
ਸਿੱਖ ਜਥਾ ਮਾਲਵਾ
ਗੁਰੂ ਖਾਲਸਾ ਪੰਥ ਦੀ ਸੇਵਾ ਵਿਚ


Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲਿਟਲ ਫਲਾਵਰ ਸਕੂਲ, ਸੰਗਰੂਰ ਵਿਖੇ 8 ਅਗਸਤ ਨੂੰ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣਾ ਸਪਸ਼ਟੀਕਰਨ
ਸਿੱਖ ਜਥਾ ਮਾਲਵਾ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਦੇ ਲਾਲਾ ਜਗਤ ਨਰਾਇਣ ਸਬੰਧੀ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ’ਤੇ ਸਿੱਖ ਸੰਸਥਾਵਾਂ
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਭਵਾਨੀਗੜ੍ਹ ਵਿਖੇ ਆਯੋਜਿਤ 7 ਦਿਨਾਂ ਸਿਖਲਾਈ ਪੜਾਅ ਦੀ ਸਮਾਪਤੀ ਮੌਕੇ ਸਿਖਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪੜਾਅ ਦੌਰਾਨ ਕਰੀਬ 50 ਸਿਖਿਆਰਥੀਆਂ ਨੇ ਗੁਰਬਾਣੀ ਕੰਠ ਅਭਿਆਸ, ਸਸਤ੍ਰ ਵਿਦਿਆ, ਘੋੜਸਵਾਰੀ, ਸੰਗੀਤ ਵਿਦਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: