ਅਮਰਿੰਦਰ ਸਿੰਘ
ਸਰੋਤ: ਸਿੱਖ ਸ਼ਹਾਦਤ ਅੰਕ ੧੯
ਬ੍ਰੇਨ ਰੋਟ ਸ਼ਬਦ ਅੱਜ ਕੱਲ ਕਾਫ਼ੀ ਚਰਚਾ ਅਤੇ ਫ਼ਿਕਰ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਸ਼ਬਦ ਮਨੁੱਖ ਦੁਆਰਾ ਬੇਲੋੜਾ ਕੋਨਟੈਟ ਵੇਖਣ ਕਾਰਨ ਉਸਦੀ ਲਗਾਤਾਰ ਘੱਟ ਰਹੀ ਦਿਮਾਗੀ ਸਮਰੱਥਾ ਨੂੰ ਦਰਸਾਉਂਦਾ ਹੈ । ਆਕਸਫੋਰਡ ਡਿਕਸ਼ਨਰੀ ਵਿੱਚ ਹਰ ਸਾਲ ਕੁਝ ਨਵੇਂ ਸ਼ਬਦ ਜਾਂ ਟਰਮਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਇਹ ਸ਼ਬਦ ਜਾਂ ਟਰਮਾਂ ਉਸ ਸਾਲ ਵਿੱਚ ਸਭ ਤੋਂ ਵੱਧ ਵਰਤੋਂ ਵਿੱਚ ਆਉਣ ਵਾਲੇ ਸ਼ਬਦ ਹੁੰਦੇ ਹਨ। ਇਸੇ ਤਰ੍ਹਾਂ ਹੀ ਬ੍ਰੇਨ ਰੋਟ ਵੀ ਉਨ੍ਹਾਂ ਸ਼ਬਦਾਂ ਵਿੱਚੋਂ ਇੱਕ ਹੈ ਜੋਕਿ ਆਕਸਫੋਰਡ ਡਿਕਸ਼ਨਰੀ ਵਿੱਚ ਸਾਲ 2024 ਵਿੱਚ ਸ਼ਾਮਿਲ ਕੀਤਾ ਗਿਆ ਅਤੇ ਇਸ ਸ਼ਬਦ ਨੂੰ ਉਸ ਸਾਲ ਦੇ ਪ੍ਰਮੁੱਖ ਸ਼ਬਦ ਵਜੋਂ ਗਿਣਿਆ ਗਿਆ । ਆਕਸਫੋਰਡ ਡਿਕਸ਼ਨਰੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਹ ਸ਼ਬਦ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਉਝ ਬ੍ਰੇਨ ਰੋਟ ਸ਼ਬਦ ਦਾ ਸਭ ਤੋਂ ਪਹਿਲਾਂ ਦਰਜ ਰਿਕਾਰਡ ‘ਹੈਨਰੀ ਡੇਵਿਡ ਥੋਰੋ’ ਦੀ ਪੁਸਤਕ ‘ਵਾਲਡੇਨ’ ਵਿੱਚ ਮਿਲਦਾ ਹੈ ਇਹ ਪੁਸਤਕ ਪਹਿਲੀ ਵਾਰੀ 1854 ਵਿੱਚ ਛਪੀ ਸੀ। ਉਸ ਨੇ ਇਸ ਸ਼ਬਦ ਨੂੰ ਇੰਡਸਟਰਿਅਲ ਕ੍ਰਾਂਤੀ ਦੇ ਆਉਣ ਕਾਰਨ ਬੰਦੇ ਦੇ ਸੁਭਾਅ ਵਿੱਚ ਆ ਰਹੇ ਪਰਿਵਰਤਨ ਵਜੋਂ ਵੇਖਦਿਆਂ ਵਰਤਿਆ ਸੀ ਕਿ ਜਿਸ ਵਿਚ ਥੋਰੋ ਨੇ ਵੇਖਿਆ ਕੇ ਬੰਦਾ ਬਾਹਰ ਮੁੱਖੀ ਹੋ ਰਿਹਾ ਹੈ ਅਤੇ ਆਪਣੇ ਅੰਦਰ ਦੀਆਂ ਸਮੱਸਿਆਵਾ ਨੂੰ ਅੱਖੋ ਪਰੋਖੇ ਕਰ ਰਿਹਾ ਹੈ । ਭਾਵ ਲੋਕ ਡੂੰਘੇ ਖ਼ਿਆਲ ਨਾਲੋਂ ਟੁੱਟ ਚਲੰਤ ਜੀਵਨ ਨਾਲ ਜੁੜ ਰਹੇ ਹਨ। ਪਰ ਡੀਜੀਟਲ ਦੋਰ ਵਿੱਚ ਇਸ ਟਰਮ ਨੇ ਨਵੇਂ ਅਰਥ ਘੜੇ।
ਬ੍ਰੇਨ ਰੋਟ ਕੀ ਹੈ?: ਬ੍ਰੇਨ ਰੋਟ ਮਨੁੱਖ ਦੇ ਸੁਭਾਅ ਅਤੇ ਦਿਮਾਗ ਵਿੱਚ ਪੈਦਾ ਹੋਣ ਵਾਲਾ ਇੱਕ ਵਿਗਾੜ ਹੈ ਜਿਸਦੇ ਨਾਲ ਮਨੁੱਖ ਆਪਣੀ ਸੋਚਣ ਦੀ ਸ਼ਕਤੀ ਨੂੰ ਨਪੁੰਸਕ ਕਰ ਲੈਦਾ ਹੈ। ਇਹ ਸਮੱਸਿਆ ਸ਼ੋਸ਼ਲ ਮੀਡੀਆ ਉੱਤੇ ਬੇਅਰਥ ਦੀਆਂ ਵੀਡੀਓ ਵੇਖਣ ਕਾਰਨ ਸਾਹਮਣੇ ਆਈ ਹੈ ਜਿਨ੍ਹਾਂ ਵੀਡੀਓਜ ਦਾ ਸਾਡੇ ਨਾਲ ਸਿੱਧਾ ਕੋਈ ਵਾਹ ਵਾਸਤਾ ਨਹੀਂ ਹੁੰਦਾ। ਇਹ ਵੀਡੀਓਜ ਬਹੁਤ ਛੋਟੀਆਂ ਹੁੰਦੀਆਂ ਹਨ ਅਤੇ ਜਦੋਂ ਕੋਈ ਲਗਾਤਾਰ ਇਸ ਤਰ੍ਹਾਂ ਦਾ ਕੋਨਟੈਟ ਵੇਖਦਾ ਹੈ ਤਾਂ ਉਹ ਉਸ ਕੋਨਟੈਟ ਨਾਲ ਪੈਦਾ ਹੋਣ ਵਾਲੇ ਅਹਿਸਾਸਾਂ ਦੇ ਗੇੜ ਵਿੱਚ ਗੁਆਚ ਜਾਂਦਾ ਹੈ । ਕਿਉਂਕਿ ਇਨ੍ਹਾਂ ਰੀਲਾਂ ਵਿੱਚ ਖੁੱਸ਼ੀ , ਗਮੀ , ਗੁੱਸਾ , ਤਰਸ ਆਦਿ ਅਹਿਸਾਸਾਂ ਦੀ ਅਦਲਾ ਬਦਲੀ ਇੱਕ ਮਿੰਟ ਵਿੱਚ ਲਗਪਗ ਚਾਰ ਪੰਜ ਵਾਰੀ ਹੋ ਜਾਂਦੀ ਹੈ ਜਿਸ ਦੇ ਨਾਲ ਵਿਅਕਤੀ ਦਾ ਦਿਮਾਗ ਕਨਫਿਊਜ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇੱਕ ਪੱਧਰ ‘ਤੇ ਜਾ ਕੇ ਰਿਐਕਟ ਕਰਨਾ ਬੰਦ ਕਰ ਦਿੰਦਾ ਹੈ। ਇਸ ਤੋਂ ਅਗਲੇ ਪੜਾਂ ‘ਤੇ ਇਹ ਵਾਪਰਦਾ ਹੈ ਕਿ ਬੇਅਰਥ ਕੋਨਟੈਟ ਦੇ ਸੇਵਨ ਨਾਲ ਦਿਮਾਗ ‘ਤੇ ਜਾਣਕਾਰੀ ਦੀ ਧੁੰਦ ਬਣ ਜਾਂਦੀ ਹੈ ਜਿਸ ਦੇ ਕਾਰਨ ਵਿਅਕਤੀ ਦੀ ਸੋਚਣ ਦੀ ਸ਼ਕਤੀ ਹੋਲੀ-ਹੋਲੀ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਇੱਕ ਹੱਦ ‘ਤੇ ਜਾ ਕੇ ਵਿਅਕਤੀ ਦਾ ਦਿਮਾਗ ਸੋਚਣਾ ਬੰਦ ਕਰ ਦਿੰਦਾ ਹੈ ਅਤੇ ਉਸ ਦੇ ਆਸ ਪਾਸ ਦੇ ਸੰਸਾਰ ਨਾਲੋਂ ਉਸ ਦੇ ਦਰਮਿਆਨ ਇੱਕ ਦੂਰੀ ਬਣਨੀ ਸ਼ੁਰੂ ਹੋ ਜਾਂਦੀ ਹੈ ਉਹ ਇੱਕ ਤਲਿਸਮ ਵਿੱਚ ਜੀਣ ਲੱਗ ਜਾਂਦਾ ਹੈ।
ਬ੍ਰੇਨ ਰੋਟ ਨਾਲ ਹਰੇਕ ਵਰਗ ਦਾ ਨੁਕਸਾਨ ਹੋ ਰਿਹਾ ਹੈ ਪਰ ਬੱਚੇ ਅਤੇ ਨੌਜਵਾਨ ਪੀੜੀ ਦਾ ਇਸ ਨਾਲ ਵਧੇਰੇ ਨੁਕਸਾਨ ਹੋ ਰਿਹਾ ਹੈ ਕਿਉਂਕਿ ਉਹ ਅਜੇ ਕੱਚੀ ਉਮਰ ਦੇ ਪੜਾਅ ‘ਤੇ ਹਨ ਅਤੇ ਉਹ ਆਉਣ ਵਾਲੇ ਸਮੇਂ ਦੇ ਵਾਰਿਸ ਵੀ ਹਨ । ਇਸ ਕਰਕੇ ਦਿਮਾਗੀ ਸਿਹਤ ਨੂੰ ਮਿਲਣ ਵਾਲੀ ਇਸ ਨਵੀਂ ਚੁਣੌਤੀ ਪ੍ਰਤੀ ਵੱਡਾ ਹਿੱਸਾ ਚਿੰਤਤ ਹੈ। ਬ੍ਰੇਨ ਰੋਟ ਕਾਰਨ ਬਹੁਤ ਕਿਸਮ ਦੇ ਨੁਕਸਾਨ ਹੋ ਰਹੇ ਹਨ ਜਿਸ ਵਿੱਚ ਦਿਮਾਗੀ , ਆਤਮਿਕ , ਸਮਾਜਕ ਆਦਿ ਕਈ ਵੰਨਗੀਆਂ ਆ ਜਾਂਦੀਆਂ ਹਨ ਪਰ ਮੇਰੀ ਸਮਝ ਅਨੁਸਾਰ ਦੋ ਪ੍ਰਮੁੱਖ ਨੁਕਸਾਨ ਹਨ ਜਿਹੜੇ ਵਿਅਕਤੀ ਨੂੰ ਬਹੁਤ ਪਿੱਛੇ ਸੁੱਟ ਰਹੇ ਹਨ। ਪਹਿਲਾ ਬੰਦੇ ਦੇ ਦਿਮਾਗ਼ ਦੀ ਇੱਕ ਸਮਰੱਥਾ ਹੁੰਦਾ ਹੈ ਜਿਸ ਦੇ ਨਾਲ ਉਹ ਨਵਾਂ ਸੋਚਦਾ ਹੈ । ਭਾਵ ਆਪ ਮੁਹਾਰੇ ਉਸ ਦੇ ਜ਼ਿਹਨ ਅੰਦਰ ਖ਼ਿਆਲ ਬਣਦੇ ਹਨ ਜਿਸ ਦੇ ਨਾਲ ਉਹ ਦਿੱਤੇ ਹੋਏ ਹਲਾਤਾਂ ਵਿੱਚ ਨਵਾਂ ਸੋਚ ਸਕਦਾ ਹੈ । ਬੰਦੇ ਦੇ ਦਿਮਾਗ਼ ਦੀ ਇਸ ਸਮਰੱਥਾ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਮਰੱਥਾ ਵਿੱਚੋਂ ਹੀ ਨਵੀਆਂ ਚੀਜ਼ਾਂ ਜਾਂ ਵਿਚਾਰਾਂ ਦਾ ਜਨਮ ਹੁੰਦਾ ਹੈ ਅਤੇ ਨਵੀਆਂ ਵਸਤਾਂ ਦੀ ਖੋਜ ਕੀਤੀ ਜਾਂਦੀ ਹੈ । ਫ਼ਲਸਫ਼ੇ ਦੇ ਜਗਤ ਵਿੱਚ ਇਸ ਸਮਰੱਥਾ ਨੂੰ ‘ਕੌਗਨੇਟਿਵ ਪਾਵਰ’ ਆਖਿਆ ਜਾਂਦਾ ਹੈ । ਹੁਣ ਦੇ ਜੋ ਹਲਾਤ ਹਨ ਉਨ੍ਹਾਂ ਮੁਤਾਬਿਕ ਬੰਦੇ ਦੇ ਦਿਮਾਗ ਅੰਦਰ ਰੀਲਾਂ ਜਾਂ ਫਜੂਲ ਦੀਆਂ ਵੀਡੀਓਜ ਦੇ ਵੇਖਣ ਨਾਲ ਬਹੁਤ ਸਾਰੀ ਜਾਣਕਾਰੀ ਜਾ ਰਹੀ ਹੈ । ਜਾਣਕਾਰੀ ਦੀ ਭਰਮਾਰ ਬੰਦੇ ਦੇ ਦਿਮਾਗ਼ ਨੂੰ ਜਾਣਕਾਰੀ ਨਾਲ ਭਰ ਰਹੀ ਹੈ ਅਤੇ ਇਹ ਜਾਣਕਾਰੀ ਬੰਦੇ ਦੇ ਕੰਟਰੋਲ ਵਿੱਚ ਵੀ ਨਹੀਂ ਹੈ ਉਹ ਤਾਂ ਮਨੋਰੰਜਨ ਵੱਸ ਜੋ ਸਾਹਮਣੇ ਆ ਰਿਹਾ ਹੈ ਉਸ ਨੂੰ ਵੇਖੀ ਜਾ ਰਿਹਾ ਹੈ। ਇਹ ਜਾਣਕਾਰੀ ਦਿਮਾਗ਼ ਨੂੰ ਸਤਹੀ ਪੱਧਰ ‘ਤੇ ਭਰ ਰਹੀ ਹੈ ਇਸ ਤੋਂ ਅੱਗੇ ਕੋਗਨੇਟਿਵ ਸਮਰੱਥਾ ਨਾਲ ਦਿਮਾਗ਼ ਨੇ ਮੌਜੂਦ ਜਾਣਕਾਰੀ ਨੂੰ ਪ੍ਰੋਸੈਸ ਕਰਕੇ ਕੁਝ ਨਵਾਂ ਸੋਚਣਾ ਹੁੰਦਾ ਹੈ ਜਾਂ ਉਸ ਨੂੰ ਕਿਸੇ ਸਿਸਟਮ ਵਿੱਚ ਬੰਨ ਕੇ ਕੋਈ ਸੈੱਸ ਬਣਾਉਣੀ ਹੁੰਦੀ ਹੈ ਪਰ ਦਿਮਾਗ ਜਾਣਕਾਰੀ ਦੇ ਓਵਰਲੋਡ ਕਾਰਨ ਕਨਫਿਊਜ ਹੋ ਜਾਂਦਾ ਹੈ ਜਿਸਦੇ ਕਾਰਨ ਫਿਰ ਦਿਮਾਗ਼ ਸੁੰਨ ਹੋ ਜਾਂਦਾ ਹੈ ਅਤੇ ਹੌਲੀ ਹੌਲੀ ਸਮਾਂ ਪੈਣ ਨਾਲ ਦਿਮਾਗ਼ ਆਪਣੀ ਕੋਗਨੇਟਿਵ ਸਮਰੱਥਾ ਦੀ ਵਰਤੋਂ ਨੂੰ ਬੰਦ ਕਰ ਦਿੰਦਾ ਹੈ । ਮਨੋਰੰਜਨ ਵਿੱਚ ਮੰਤਰ ਮੁਗਧ ਮਨੁੱਖ ਇਸ ਗੱਲ ਤੋਂ ਬੇਖ਼ਬਰ ਹੈ ਕਿ ਉਹ ਦਿਮਾਗ ਦੀ ਕਿਸ ਸਮਰੱਥਾ ਤੋਂ ਹੱਥ ਧੋ ਰਿਹਾ ਹੈ । ਕਿਉਂਕਿ ਮਨੁੱਖ ਦੀ ਇਹ ਵਰਦਾਨ ਰੂਪ ਸਮਰੱਥਾ ਹੀ ਉਸਨੂੰ ਬਾਕੀ ਜੀਵਾਂ ਤੋਂ ਵੱਖ ਅਤੇ ਮਹਾਨ ਬਣਾਉਂਦੀ ਹੈ। ਬੌਧਿਕ ਗਿਰਾਵਟ ਦੀ ਅਜਿਹੀ ਸਥਿਤੀ ਨੂੰ ਹੀ ਬ੍ਰੇਨ ਰੋਟ ਆਖਿਆ ਜਾਂਦਾ ਹੈ।
ਦੁਜਾ ਮੁੱਖ ਨੁਕਸਾਨ ਮਨੁੱਖ ਦੇ ‘ਅਟੈਸ਼ਨ ਸਪੈਨ’ ਦਾ ਹੋ ਰਿਹਾ ਹੈ। ਧਿਆਨ ਬਹੁਤ ਪਵਿੱਤਰ ਚੀਜ਼ ਹੈ ਪਰ ਆਧੁਨਿਕ-ਡੀਜੀਟਲ ਦੌਰ ਅੰਦਰ ਮਨੁੱਖ ਇਸ ਨੂੰ ਲਗਾਤਾਰ ਗਵਾ ਰਿਹਾ ਹੈ । ਅਟੈਸ਼ਨ ਸਪੈਨ ਦਾ ਅਰਥ ਹੈ ਕੇ ਕਿਸੇ ਚੀਜ਼ ‘ਤੇ ਤੁਸੀਂ ਕਿੰਨਾ ਸਮਾਂ ਧਿਆਨ ਕੇਂਦਰਿਤ ਕਰ ਸਕਦੇ ਹੋ। ਕੁਝ ਰਿਪੋਰਟਾਂ ਅਨੁਸਾਰ ਹੁਣ ਮਨੁੱਖ ਦਾ ਅਟੈਸ਼ਟ ਸਪੈਨ ਸਮਾਂ 8 ਸੈਕੰਡ ਰਹਿ ਗਿਆ ਹੈ। ਇਹ ਸਮਰੱਥਾ ਹਰੇਕ ਦੀ ਅੱਡ ਅੱਡ ਹੁੰਦੀ ਹੈ ਜਿਸ ਦੀ ਇਹ ਸਮਰੱਥਾ ਵੱਧ ਹੁੰਦੀ ਹੈ ਉਹ ਜ਼ਿਆਦਾ ਖਿਆਲ ਦੀ ਗਹਿਰਾਈ ਵਿੱਚ ਜਾ ਸਕਦਾ ਹੈ । ਕਿਸੇ ਵੀ ਖੇਤਰ ਵਿੱਚ ਅਗਲੇ ਵਿਕਾਸ ਲਈ ਧਿਆਨ ਦੀ ਇਕਾਗਰਤਾ ਚਾਹੀਦੀ ਹੁੰਦੀ ਹੈ ਤਾਜੋ ਉਹ ਕਾਰਜ ਨੂੰ ਪਹਿਲਾਂ ਵਾਲੀ ਸਥਿਤੀ ਤੋਂ ਅੱਗੇ ਵਿਕਸਿਤ ਕੀਤਾ ਜਾ ਸਕੇ । ਕਿਸੇ ਸਮੇਂ ਇਸ ਤਰ੍ਹਾਂ ਦੇ ਵਿਕਾਸ ਕਾਰਜਾਂ ਪਿੱਛੇ ਸਦੀਆਂ ਦੇ ਧਿਆਨ ਦੀ ਇਕਾਗਰਤਾ ਹੁੰਦੀ ਹੈ। ਇਸ ਦਾ ਦੂਜਾ ਪੱਖ ਅਧਿਆਤਮਿਕ ਵੀ ਹੈ। ਅਧਿਆਤਮ ਦੀ ਦੁਨੀਆ ਵਿੱਚ ਧਿਆਨ ਦਾ ਵਿਸ਼ੇਸ਼ ਮਹੱਤਵ ਹੈ। ਅਧਿਆਤਮਿਕ ਖੇਤਰ ਵਿੱਚ ਧਿਆਨ ਨੂੰ ਵਧਾਉਣ ਅਤੇ ਸੰਘਣਾ ਕਰਨ ਦੀਆਂ ਅਨੇਕਾਂ ਵਿਧੀਆਂ ਪ੍ਰਚਲਿਤ ਹਨ। ਅਧਿਆਤਮਿਕ ਖੇਤਰ ਦਾ ਅਧਿਐਨ ਕਰਨ ‘ਤੇ ਪਤਾ ਲੱਗਦਾ ਹੈ ਕਿ ਧਿਆਨ ਦੀ ਸੰਘਣਤਾ ਕਿੰਨੀ ਮਹੱਤਵਪੂਰਨ ਹੈ। ਇਸ ਰਾਹ ਪੈ ਸਾਧਕ ਧਿਆਨ ਨੂੰ ਵਧਾਉਣ ਅਤੇ ਲੰਬਾ ਕਰਨ ਲਈ ਜਨਮ ਲਗਾ ਦਿੰਦੇ ਹਨ। ਧਿਆਨ ਦੀ ਤਾਕਤ ਨਾਲ ਅਨੇਕਾਂ ਹੀ ਗੁਪਤ ਸ਼ਕਤੀਆਂ ਨੂੰ ਉਜਾਗਰ ਕੀਤਾ ਜਾਂਦਾ ਹੈ । ਧਿਆਨ ਦੀ ਅਜਿਹੀ ਮਹੱਤਤਾ ਤੋਂ ਅਣਜਾਣ ਮਨੁੱਖ ਸਮਾਰਟ ਫੋਨ ਦੇ ਫਜ਼ੂਲ ਕੋਨਟੈਟ ਦੇ ਮਗਰ ਲੱਗ ਆਪਣੇ ਧਿਆਨ ਦੀ ਸੰਘਣਤਾ ਨੂੰ ਗੁਆ ਰਿਹਾ ਹੈ ਜਿਹੜੀ ਸ਼ਾਇਦ ਉਸ ਨੇ ਜਨਮਾ ਜਨਮਾਤਰਾ ਦੀ ਸਾਧਨਾ ਨਾਲ ਪ੍ਰਾਪਤ ਕੀਤੀ ਹੈ।
ਬ੍ਰੇਨ ਰੋਟ ਦੀ ਸਥਿਤੀ ਬਣਾਉਣ ਵਿੱਚ ਤਿੰਨ ਆਦਤਾਂ ਦਾ ਮੁੱਖ ਯੋਗਦਾਨ ਹੈ। ਸਕਰੀਨ ਦੇਖਣ ਦਾ ਸਮਾਂ ਵਧਣਾ , ਸ਼ੋਸ਼ਲਨੈਟਵਰਕਿੰਗ ਦੀ ਲਤ ਦਾ ਲੱਗਣਾ , ਕੋਗਨੇਟਿਵ ਦਾ ਓਵਰਲੋਡ ਹੋਣਾ। ਅੱਜ ਦੇ ਸਮੇਂ ਵਿੱਚ ਸਕਰੀਨ ਸਮੇਂ ਦਾ ਵਧਣਾ ਬੜੀ ਹੀ ਦਿਰਘ ਸਮੱਸਿਆ ਹੈ ਕਿਉਂਕਿ ਇਹ ਲਗਾਤਾਰ ਵਧਦਾ ਰਹਿੰਦਾ ਹੈ। ਸਾਰੀਆਂ ਐਪਾ ਇਸ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਹਨ ਕੇ ਉਨ੍ਹਾਂ ਉੱਤੇ ਬੰਦੇ ਦੇ ਧਿਆਨ ਨੂੰ ਵੱਧ ਤੋਂ ਵੱਧ ਸਮਾਂ ਰੋਕਿਆ ਜਾਂ ਸਕੇ। ਐਪਾ ਦੀ ਬਣਤਰ ਦਾ ਮਕੜਜਾਲ ਇਸ ਤਰ੍ਹਾਂ ਦਾ ਹੈ ਕਿ ਜੇਕਰ ਤੁਸੀਂ ਇਕ ਦਫ਼ਾ ਇੱਕ ਵਿੱਚ ਚਲੇ ਗਏ ਭਾਵੇਂ ਕਿਸੇ ਕੰਮ ਦੇ ਸਬੰਧ ਵਿੱਚ ਸਰਚ ਕਰਨ ਲਈ ਹੀ ਗਏ ਹੋਵੋ ਪਰ ਤੁਸੀਂ ਵੇਖੋਗੇ ਕੇ ਤੁਸੀਂ ਕਦੋਂ ਆਪਣੀ ਖੋਜ ਤੋਂ ਲਾਂਭੇ ਹੋ ਇੱਧਰ ਉੱਧਰ ਦੀਆਂ ਚੀਜ਼ਾਂ ਵੇਖਣ ਵਿੱਚ ਰੁੱਝ ਜਾਂਦੇ ਹੋ ਕੇ ਸਮੇਂ ਅਤੇ ਸਥਾਨ ਦਾ ਗਿਆਨ ਹੀ ਨਹੀਂ ਰਹਿੰਦਾ । ਕਾਲਜ ਵਿੱਚ ਪੜਨ ਵਾਲੇ ਵਿਦਿਆਰਥੀ 7 ਘੰਟੇ ਦਾ ਸਮਾਂ ਪ੍ਰਤੀ ਦਿਨ ਮਨੋਰੰਜਨ ਦੇ ਮਨੋਰਥ ਨਾਲ ਮੋਬਾਇਲ ‘ਤੇ ਬਿਤਾਉਂਦੇ ਹਨ ਜਦਕਿ ਉਨ੍ਹਾਂ ਦੀ ਪੜਾਈ ਲਿਖਾਈ ਨਾਲ ਸਬੰਧਤ ਸਮਾਂ ਇਸ ਤੋਂ ਵੱਖਰਾ ਹੈ ਜੋ ਉਹ ਮੋਬਾਇਲ ‘ਤੇ ਕਰਦੇ ਹਨ । ਇਸ ਤਰ੍ਹਾਂ ਲਗਾਤਾਰ ਵਧ ਰਿਹਾ ਸਕਰੀਨ ਸਮਾਂ ਪਰੇਸ਼ਾਨੀ, ਡਿਪਰੈਸ਼ਨ ਅਤੇ ਤਣਾਅ ਨੂੰ ਸੱਦਾ ਦੇ ਰਿਹਾ ਹੈ ਜੋਕਿ ਅੱਜ-ਕੱਲ੍ਹ ਦੇ ਬੱਚਿਆਂ ਵਿੱਚ ਆਪਾਂ ਆਮ ਵੇਖ ਸਕਦੇ ਹਾਂ । ਫੇਸਬੁੱਕ, ਇੰਨਸਟਾਗ੍ਰਾਮ ਅਤੇ ਟਿੱਕਟਾਕ ਆਦਿ ਐਪਾਂ ਦੀ ਬਣਤਰ ਇਸ ਤਰ੍ਹਾਂ ਹੈ ਕਿ ਰੀਲਾਂ (ਛੋਟੀਆਂ ਵੀਡੀਓਜ) ਵੇਖਣ ਦਾ ਆਦੀ ਬੰਦਾਂ ਲਗਾਤਾਰ ਇਨ੍ਹਾਂ ਐਪਾ ‘ਤੇ ਸਕਰੋਲ ਕਰਦਾ ਰਹਿੰਦਾ ਹੈ ਅਤੇ ਇਸ ਆਦਤ ਵਿੱਚੋਂ ਉਸਨੂੰ ਚਲੰਤ ਜਿਹਾ ਸਕੂਨ ਮਿਲਣਾ ਸ਼ੁਰੂ ਹੋ ਜਾਂਦਾ ਹੈ। ਫਿਰ ਇਸ ਆਦਤ ਦੀ ਤੋੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਿਸਨੂੰ ਡੋਪਾਮਾਇਨ ਆਖਿਆ ਜਾਦਾ ਹੈ। ਜੇਕਰ ਬੰਦਾ ਇੰਨਾਂ ਰੀਲਾਂ ਤੋ ਬਚਣਾ ਵੀ ਚਾਹੇ ਤਾ ਉਸਨੂੰ ਸ਼ੋਸ਼ਲਮੀਡਿਆ ਦੀਆਂ ਇਨ੍ਹਾਂ ਐਪਾਂ ਦੀ ਸਮਾਜਿਕ ਮਿੱਤਰ ਸਾਂਝ ਮੁੜ ਦਾਖ਼ਲ ਹੋਣ ਲਈ ਮਜਬੂਰ ਕਰ ਦਿੰਦੀ ਹੈ।
ਬ੍ਰੇਨ ਰੋਟ ਨੂੰ ਦਿਮਾਗ ਦੇ ਸੜਨ ਦੇ ਅਰਥਾਂ ਵਜੋਂ ਵੀ ਵੇਖਿਆ ਜਾਂਦਾ ਹੈ। ਨਵੇਂ ਸਮੇਂ ਦੀ ਇਹ ਬਹੁਤ ਵੱਡੀ ਅਤੇ ਮੁੱਖ ਚੁਣੌਤੀ ਹੈ। ਇਸ ਸਮੱਸਿਆ ਤੋ ਚਿੰਤਤ ਹੋ ਕੇ ਅਤੇ ਚਿੰਤਨ ਦੀ ਪ੍ਰਕਿਰਿਆ ਵਿੱਚ ਪੈ ਕੇ ਅੱਜ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਦੇਸ਼ ਵਿੱਚ 14 ਸਾਲ ਦੀ ਘੱਟ ਉਮਰ ਦੇ ਬੱਚਿਆਂ ਲਈ ਮੋਬਾਇਲ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ। ਕਿਉਂਕਿ ਨਵੇਂ ਬੱਚੇ ਜਾਂ ਨੌਜਵਾਨ ਹੀ ਦੇਸ਼ ਦਾ ਸ਼ਰਮਾਇਆ ਹੁੰਦੇ ਹਨ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਵਿਭਾਗਾਂ ਵਿੱਚ ਦਾਖਿਲ ਹੋ ਕੇ ਦੇਸ਼ਾਂ ਨੂੰ ਚਲਾਉਣਾ ਹੁੰਦਾ ਹੈ ।
ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਕਿ ਸ਼ੋਸ਼ਲ ਮੀਡਿਆ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ ਅੱਜ ਦੇ ਡਿਜੀਟਲ ਦੌਰ ਵਿੱਚ ਇਸ ਤਰ੍ਹਾਂ ਕਰਨਾ ਮੁਸ਼ਕਿਲ ਹੈ ਪਰ ਸਾਡਾ ਸੁਝਾਅ ਹੈ ਕਿ ਇੰਨਾਂ ਸਾਰੀਆਂ ਐਪਾ ਦੀ ਵਰਤੋਂ ਸੁਚੇਤ ਰਹਿ ਕੇ ਕਰਨੀ ਚਾਹੀਦੀ ਹੈ। ਐਪਾ ਦੀ ਵਧੇਰੇ ਵਰਤੋਂ ਆਪਣੀ ਸਕਿੱਲ ਨੂੰ ਨਿਖਾਰਨ ਲਈ ਕਰਨੀ ਚਾਹੀਦੀ ਹੈ ਜਾਂ ਆਪਣੀ ਪੜਾਈ ਜਾਂ ਰੂਚੀ ਸਬੰਧੀ ਖੋਜ ਕਾਰਜਾਂ ਨੂੰ ਬਿਹਤਰ ਬਣਾਉਣ ਲਈ ਵਰਤਣਾ ਚਾਹੀਦਾ ਹੈ। ਜੇਕਰ ਇੰਨਾਂ ਐਪਾ ਨੂੰ ਸਾਵਧਾਨ ਹੋ ਕੇ ਨਹੀਂ ਵਰਤਿਆ ਤਾਂ ਇੰਨਾਂ ਐਪਾਂ ਦੇ ਦੁਸ਼ਟ ਪ੍ਰਭਾਵ ਸਮਾਜ ਵਿੱਚ ਅਰਾਜਕਤਾ ਅਤੇ ਅਨੈਤਿਕਾਂ ਨੂੰ ਜਨਮ ਦੇਣਗੇ ।