(ਜਨੇਵਾ, ਸਵਿਟਜ਼ਰਲੈਂਡ: ੧੯ ਸਾਵਣ, ਨਾਨਕਸ਼ਾਹੀ ੫੫੮ | ੩ ਅਗਸਤ, ੨੦੨੬ ਈਸਵੀ) – ਸੰਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ ਹੈ। ਇਹ ਪੱਤਰ ਇੰਡੀਅਨ ਸਰਕਾਰ ਨਾਲ ਵੀ ਸਾਂਝਾ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਇਨ੍ਹਾਂ ਧਮਕੀਆਂ ਨੂੰ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਸਿੱਖ ਆਗੂਆਂ ਖ਼ਿਲਾਫ਼ ਇੰਡੀਆ ਵੱਲੋਂ ਚਲਾਈ ਜਾ ਰਹੀ ਟ੍ਰਾਂਜ਼ਨੈਸ਼ਨਲ ਰਿਪ੍ਰੈਸ਼ਨ ਦੀ ਵਿਆਪਕ ਮੁਹਿੰਮ ਦਾ ਹਿੱਸਾ ਮੰਨਿਆ ਹੈ।
ਅਧਿਕਾਰੀਆਂ ਨੇ ਮੰਨਿਆ ਕਿ ਭਾਈ ਮੋਨਿੰਦਰ ਸਿੰਘ ਕਈ ਸਾਲਾਂ ਤੋਂ ਸਿੱਖ ਮਨੁੱਖੀ ਅਧਿਕਾਰਾਂ ਅਤੇ ਆਜ਼ਾਦ ਖ਼ਾਲਿਸਤਾਨ ਦੀ ਸਥਾਪਨਾ ਰਾਹੀਂ ਸਿੱਖਾਂ ਦੇ ਸਵੈ-ਨਿਰਣੇ ਦੇ ਹੱਕ ਦੀ ਵਕਾਲਤ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕੈਨੇਡਾ ਦੀਆਂ ਸੰਸਥਾਵਾਂ, ਵਿਸ਼ਵੀ ਮੰਚਾਂ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਕਈ ਸੈਸ਼ਨਾਂ ਵਿੱਚ ਸਿੱਖ ਮੁੱਦਿਆਂ ਨੂੰ ਬੇਬਾਕੀ ਨਾਲ ਉਠਾਇਆ ਹੈ।

੨੨ ਫਰਵਰੀ, ੨੦੨੬ ਨੂੰ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਭਾਈ ਮੋਨਿੰਦਰ ਸਿੰਘ ਦੇ ਘਰ ਪਹੁੰਚੀਆਂ ਅਤੇ ਉਨ੍ਹਾਂ ਨੂੰ ਕਾਨੂੰਨੀ ਤੌਰ ’ਤੇ ਜਾਨ ਨੂੰ ਖ਼ਤਰੇ ਦੀ ਚੇਤਾਵਨੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਖ਼ੁਫੀਆ ਜਾਣਕਾਰੀ ਅਨੁਸਾਰ ਉਨ੍ਹਾਂ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਤੇ ਹਮਲੇ ਬਾਰੇ ਭਰੋਸੇਯੋਗ ਜਾਣਕਾਰੀ ਮੌਜੂਦ ਸੀ। ਇਹ ਚੇਤਾਵਨੀ ਉਸ ਸਮੇਂ ਦਿੱਤੀ ਗਈ ਜਦੋਂ ਕੁਝ ਦਿਨਾਂ ਬਾਅਦ ਭਾਈ ਮੋਨਿੰਦਰ ਸਿੰਘ ਨੇ ਜਨੇਵਾ ਵਿੱਚ ਮਨੁੱਖੀ ਅਧਿਕਾਰ ਕੌਂਸਲ ਦੇ ੬੧ਵੇਂ ਸੈਸ਼ਨ ਵਿੱਚ ਹਿੱਸਾ ਲੈਣਾ ਸੀ। ਉਨ੍ਹਾਂ ਨੇ ਕੌਂਸਲ ਵਿੱਚ ਬਿਆਨ ਦੇਣ ਦੇ ਨਾਲ ਵੱਖ-ਵੱਖ ਕੂਟਨੀਤਕ ਨੇਤਾਵਾਂ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਦੇ ਦਫ਼ਤਰ ਨਾਲ ਮੀਟਿੰਗਾਂ ਕਰਨੀਆਂ ਸਨ।
ਕੈਨੇਡਾ ਦੇ ਅਧਿਕਾਰੀਆਂ ਨੇ ਮਾਰਚ ੨੦੨੫ ਵਿੱਚ ਵੀ ਭਾਈ ਮੋਨਿੰਦਰ ਸਿੰਘ ਨੂੰ ਖ਼ਤਰੇ ਦੀ ਚੇਤਾਵਨੀ ਦਿੱਤੀ ਸੀ। ਇਹ ਚੇਤਾਵਨੀ ਉਨ੍ਹਾਂ ਦੇ ਮਨੁੱਖੀ ਅਧਿਕਾਰ ਕੌਂਸਲ ਦੇ ੫੮ਵੇਂ ਸੈਸ਼ਨ ਤੋਂ ਵਾਪਸ ਆਉਣ ਤੁਰੰਤ ਬਾਅਦ ਦਿੱਤੀ ਗਈ ਸੀ।
ਸਿੱਖ ਫੈਡਰੇਸ਼ਨ ਨਾਲ ਉਨ੍ਹਾਂ ਦੀ ਅੰਤਰਰਾਸ਼ਟਰੀ ਸੇਵਾ ਵਿੱਚ ਜਬਰੀ ਗੁੰਮਸ਼ੁਦਗੀਆਂ ਬਾਰੇ ਪਹਿਲੀ ਵਿਸ਼ਵ ਕਾਂਗਰਸ, ਮਨੁੱਖੀ ਅਧਿਕਾਰ ਕੌਂਸਲ ਦਾ ੬੦ਵਾਂ ਸੈਸ਼ਨ ਅਤੇ ਘੱਟਗਿਣਤੀਆਂ ਬਾਰੇ ਸੰਯੁਕਤ ਰਾਸ਼ਟਰ ਫੋਰਮ ਵੀ ਸ਼ਾਮਲ ਹਨ। ਉਨ੍ਹਾਂ ਦੇ ਅੰਤਰਰਾਸ਼ਟਰੀ ਕੰਮ ਦੇ ਨਾਲ-ਨਾਲ ਧਮਕੀਆਂ ਦਾ ਵਧਣਾ ਦਰਸਾਉਂਦਾ ਹੈ ਕਿ ਇਹ ਕੋਈ ਇਕੱਲਾ ਅਪਰਾਧਕ ਖ਼ਤਰਾ ਨਹੀਂ, ਸਗੋਂ ਲਗਾਤਾਰ ਚੱਲ ਰਹੇ ਸਰਕਾਰੀ ਦਮਨ ਦਾ ਹਿੱਸਾ ਹੈ।
ਇਨ੍ਹਾਂ ਘਟਨਾਵਾਂ ਰਾਹੀਂ ਸਪੱਸ਼ਟ ਹੁੰਦਾ ਹੈ ਕਿ ਇੰਡੀਅਨ ਅਧਿਕਾਰੀ ਸਿੱਖਾਂ ਦੀ ਰਾਜਨੀਤਕ ਆਵਾਜ਼ ਅਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਤੰਤਰਾਂ ਨਾਲ ਉਨ੍ਹਾਂ ਦੀ ਸ਼ਮੂਲੀਅਤ ਨੂੰ ਜਬਰੀ ਰੋਕਣਾ ਚਾਹੁੰਦੇ ਹਨ। ਇਹ ਰਿਪੋਰਟ ਸਿੱਖ ਫੈਡਰੇਸ਼ਨ ਵੱਲੋਂ ਪਹਿਲਾਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਆਇਆ ਹੈ। AL IND 10/2024 ਨਾਂ ਦੀ ਪਿਛਲੀ ਚਿੱਠੀ ਵਿੱਚ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਮਾਹਿਰਾਂ ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਇੰਡੀਆ ਤੋਂ ਬਾਹਰ ਹੋਰ ਸਿੱਖ ਆਗੂਆਂ ਨੂੰ ਮਿਲੀਆਂ ਧਮਕੀਆਂ ਅਤੇ ਹੋਏ ਹਮਲਿਆਂ ਦਾ ਮਾਮਲਾ ਉਠਾਇਆ ਸੀ।
ਇਹ ਸਾਂਝੀ ਚਿੱਠੀ ਦਰਸਾਉਂਦੀ ਹੈ ਕਿ ਸਿੱਖ ਆਵਾਜ਼ ਅਤੇ ਆਜ਼ਾਦ ਖ਼ਾਲਿਸਤਾਨ ਦੇ ਸਮਰਥਕਾਂ ਵਿਰੁੱਧ ਇੰਡੀਆ ਦੀ ਮੁਹਿੰਮ ਅੰਤਰਰਾਸ਼ਟਰੀ ਪੱਧਰ ਤੱਕ ਤੇਜ਼ ਹੋਈ ਹੈ। ਨਾਲ ਹੀ ਸਿੱਖ ਫੈਡਰੇਸ਼ਨ ਵੱਲੋਂ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਕੀਤੀ ਜਾ ਰਹੀ ਨੁਮਾਇੰਦਗੀ ਅਤੇ ਕੂਟਨੀਤਕ ਸਰਗਰਮੀ ਦੇ ਵਧਦੇ ਪ੍ਰਭਾਵ ਨੂੰ ਵੀ ਸਾਬਤ ਕਰਦੀ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਕੈਨੇਡਾ ਨੂੰ ਦੋਸ਼ੀਆਂ ਨੂੰ ਜਵਾਬਦੇਹ ਬਣਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕੈਨੇਡਾ ਦੇ ਅਧਿਕਾਰੀਆਂ ਤੋਂ ਧਮਕੀਆਂ ਦੀ ਜਾਂਚ ਅਤੇ ਰੋਕਥਾਮ ਲਈ ਚੁੱਕੇ ਗਏ ਕਦਮਾਂ ਬਾਰੇ ਜਵਾਬ ਵੀ ਮੰਗਿਆ ਹੈ।
ਖ਼ਾਸ ਤੌਰ ’ਤੇ ਉਨ੍ਹਾਂ ਨੇ ਸਰਕਾਰ ਨੂੰ ਦੱਸਣ ਲਈ ਕਿਹਾ ਕਿ ਸਿੱਖ ਆਗੂ ਅਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੂੰ ਧਮਕੀਆਂ, ਹਿੰਸਾ, ਡਰਾਉਣ-ਧਮਕਾਉਣ, ਜਾਂ ਤੰਗ-ਪਰੇਸ਼ਾਨੀ ਰਾਹੀਂ ਆਪਣੀਆਂ ਜਾਇਜ਼ ਸਰਗਰਮੀਆਂ ਕਿਵੇਂ ਜਾਰੀ ਰੱਖ ਸਕਣਗੇ। ਇਹ ਉਨ੍ਹਾਂ ਦੀ ਵਿਚਾਰ ਅਤੇ ਪ੍ਰਗਟਾਵੇ ਦੀ ਆਜ਼ਾਦੀ, ਜਨਤਕ ਲਾਮਬੰਦੀ, ਸੰਗਠਨ, ਧਰਮ ਜਾਂ ਵਿਸ਼ਵਾਸ ਦੀ ਆਜ਼ਾਦੀ, ਜਨਤਕ ਮਾਮਲਿਆਂ ਵਿੱਚ ਹਿੱਸਾ ਲੈਣ ਦਾ ਹੱਕ ਅਤੇ ਘੱਟਗਿਣਤੀ ਸੱਭਿਆਚਾਰਕ ਹੱਕ ਵਿੱਚ ਸ਼ਾਮਲ ਹਨ।
ਇਹ ਚਿੱਠੀ ਪਹਿਲਾਂ ੩ ਜੂਨ, ੨੦੨੬ ਨੂੰ ਭੇਜੀ ਗਈ ਸੀ, ਪਰ ਕੈਨੇਡਾ ਦੇ ਅਧਿਕਾਰੀਆਂ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ।
ਇਹ ਸੰਦੇਸ਼ ਆਰਸੀਐਮਪੀ ਅਧਿਕਾਰੀਆਂ ਦੇ ਉਨ੍ਹਾਂ ਬਿਆਨਾਂ ਦਾ ਸਿੱਧਾ ਖੰਡਨ ਕਰਦਾ ਹੈ, ਜਿਨ੍ਹਾਂ ਵਿੱਚ ਓਪਰੇਸ਼ਨ ਹਾਰਡਬਾਲ ਤੋਂ ਬਾਅਦ ਇਸ ਹਿੰਸਾ ਵਿੱਚ ਇੰਡੀਆ ਦੀ ਭੂਮਿਕਾ ਨੂੰ ਘਟਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਿੱਖ ਆਗੂਆਂ ਵਿਰੁੱਧ ਜਾਰੀ ਇੰਡੀਅਨ ਧਮਕੀਆਂ ਅਤੇ ਹਮਲਿਆਂ ਨੂੰ ਸੰਯੁਕਤ ਰਾਸ਼ਟਰ ਵੱਲੋਂ ਮੰਨਿਆ ਜਾਣਾ ਕੈਨੇਡਾ ਦੇ ਰੁਖ ਵਿੱਚ ਵੱਡਾ ਵਿਰੋਧਾਭਾਸ ਸਾਹਮਣੇ ਲਿਆਉਂਦਾ ਹੈ। ਇੱਕ ਪਾਸੇ ਕੈਨੇਡਾ ਨੇ ਇੰਡੀਆ ਨਾਲ ਜੁੜੀ ਹਿੰਸਾ ਬਾਰੇ ਜਾਣਕਾਰੀ ਮੰਨੀ ਹੈ, ਪਰ ਦੂਜੇ ਪਾਸੇ ਉਹ ਅੱਜ ਇੰਡੀਆ ਨਾਲ ਰਾਸੀ ਅਤੇ ਆਰਥਿਕ ਸਬੰਧ ਆਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਵਪਾਰਕ ਗੱਲਬਾਤ ਅਤੇ ਆਰਥਿਕ ਨਿਵੇਸ਼ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ, ਰਾਜਨੀਤਕ ਹਿੰਸਾ ਅਤੇ ਸਰਹੱਦ-ਪਾਰ ਦਮਨ ਲਈ ਜਵਾਬਦੇਹੀ ਤੋਂ ਉੱਪਰ ਨਹੀਂ ਰੱਖਿਆ ਜਾ ਸਕਦਾ।
ਸਿੱਖ ਫੈਡਰੇਸ਼ਨ (ਕੈਨੇਡਾ) ਦੇ ਬੁਲਾਰੇ ਭਾਈ ਮੋਨਿੰਦਰ ਸਿੰਘ ਨੇ ਕਿਹਾ:
“ਸੰਯੁਕਤ ਰਾਸ਼ਟਰ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਰਿਕਾਰਡ ’ਤੇ ਦਰਜ ਕੀਤਾ ਹੈ ਕਿ ਇੰਡੀਆ ਦੁਨੀਆ ਭਰ ਵਿੱਚ ਸਿੱਖ ਆਗੂਆਂ ਨੂੰ ਲਗਾਤਾਰ ਧਮਕਾ ਰਿਹਾ ਹੈ ਅਤੇ ਨਿਸ਼ਾਨਾ ਬਣਾ ਰਿਹਾ ਹੈ। ਜਦੋਂ ਇੰਡੀਆ ਇਸ ਦੇਸ਼ ਵਿੱਚ ਹੱਤਿਆਵਾਂ ਦੀਆਂ ਸਾਜ਼ਿਸ਼ਾਂ ਰਚਦਾ ਰਹੇ, ਤਾਂ ਕੈਨੇਡਾ ਬਿਨਾਂ ਕਿਸੇ ਪਾਰਦਰਸ਼ਤਾ ਜਾਂ ਜਵਾਬਦੇਹੀ ਦੇ ਰਾਜਨੀਤਕ ਸਬੰਧ ਆਮ ਨਹੀਂ ਕਰ ਸਕਦਾ। ਇੰਡੀਆ ਦੀਆਂ ਕਾਰਵਾਈਆਂ ਨੂੰ ਘਟਾ ਕੇ ਪੇਸ਼ ਕਰਨ ਵਾਲਾ ਹਰ ਅਧਿਕਾਰੀ ਸਿੱਖ ਆਗੂਆਂ ਵਿਰੁੱਧ ਜਾਰੀ ਧਮਕੀਆਂ ਨੂੰ ਹੋਰ ਹੌਸਲਾ ਦੇ ਰਿਹਾ ਹੈ।”
ਇਹ ਚਿੱਠੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨਾਲ ਜੁੜੇ ਹੇਠ ਲਿਖੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤਾ ਗਿਆ:
ਬੈਨ ਸੌਲ – ਅੱਤਵਾਦ ਵਿਰੋਧੀ ਕਾਰਵਾਈਆਂ ਦੌਰਾਨ ਮਨੁੱਖੀ ਅਧਿਕਾਰਾਂ ਅਤੇ ਮੂਲ ਆਜ਼ਾਦੀਆਂ ਦੀ ਰੱਖਿਆ ਬਾਰੇ ਵਿਸ਼ੇਸ਼ ਰੈਪੋਰਟੁਰ
ਜੀਨਾ ਰੋਮੇਰੋ – ਸ਼ਾਂਤਮਈ ਇਕੱਠ ਅਤੇ ਸੰਗਠਨ ਦੀ ਆਜ਼ਾਦੀ ਦੇ ਹੱਕਾਂ ਬਾਰੇ ਵਿਸ਼ੇਸ਼ ਰੈਪੋਰਟੁਰ
ਐਂਡਰੀਆ ਬੋਲਾਨੋਸ ਵਰਗਾਸ – ਮਨੁੱਖੀ ਅਧਿਕਾਰ ਰਾਖਿਆਂ ਦੀ ਸਥਿਤੀ ਬਾਰੇ ਵਿਸ਼ੇਸ਼ ਰੈਪੋਰਟੁਰ
ਜੌਰਜ ਕੈਟਰੂਗਾਲੋਸ – ਲੋਕਤਾਂਤਰਿਕ ਅਤੇ ਨਿਆਂਪੂਰਨ ਅੰਤਰਰਾਸ਼ਟਰੀ ਵਿਵਸਥਾ ਨੂੰ ਉਤਸ਼ਾਹਿਤ ਕਰਨ ਬਾਰੇ ਸੁਤੰਤਰ ਮਾਹਿਰ
ਨਾਜ਼ਿਲਾ ਘਾਨੀਆ – ਧਰਮ ਜਾਂ ਵਿਸ਼ਵਾਸ ਦੀ ਆਜ਼ਾਦੀ ਬਾਰੇ ਵਿਸ਼ੇਸ਼ ਰੈਪੋਰਟੁਰ
ਮੀਡੀਆ ਨਾਲ ਸੰਬੰਧਿਤ ਗੱਲਬਾਤ ਲਈ ਸੰਪਰਕ ਕਰੋ: info@sikhfederation.ca
⊕ਸਿੱਖ ਫੈਡਰੇਸ਼ਨ (ਕੈਨੇਡਾ) ਵੱਲੋਂ ਜਾਰੀ ਬਿਆਨ ਦੀ ਕਾਪੀ: [gview file="https://sikhsiyasatnews.info/wp-content/uploads/sites/2/2026/08/Sikh-Federation-Canada-Press-Release-UN-Officials-Confront-Indias-Transnational-Repression.pdf" height="750px" width="100%" save="1"]