ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਮੁੱਖ ਗ੍ਰੰਥੀ, ਗਿਆਨੀ ਰਘਬੀਰ ਸਿੰਘ ਵੱਲੋਂ ਕੀਤੀ ਗਈ ਪੱਤਰਕਾਰ ਵਾਰਤਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਿਚ ਇਕ ਸੰਕਟ ਖੜ੍ਹਾ ਹੋ ਗਿਆ ਹੈ।
18 ਫਰਵਰੀ 2026 ਨੂੰ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੋ ਰਹੀ ਵੱਡੀ ਬੇਈਮਾਨੀ ਅਤੇ ਕੁਪ੍ਰਬੰਧਾਂ ਦੇ ਗੰਭੀਰ ਦੋਸ਼ ਲਾਏ। ਉਨ੍ਹਾਂ ਦਾਅਵਾ ਕੀਤਾ ਕਿ ਬਾਦਲ ਪਰਿਵਾਰ ਇਨ੍ਹਾਂ ਮਾੜੇ ਅਨਸਰਾਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ।

ਇਸਦੇ ਠੀਕ ਇੱਕ ਦਿਨ ਬਾਅਦ, ਸ਼੍ਰੋਮਣੀ ਕਮੇਟੀ ਨੇ ਕਾਰਵਾਈ ਕਰਦਿਆਂ ਗਿਆਨੀ ਰਘਬੀਰ ਸਿੰਘ ਨੂੰ ਆਪਣੇ ਬਿਆਨਾਂ ‘ਤੇ ਸਪੱਸ਼ਟੀਕਰਨ ਦੇਣ ਲਈ 72 ਘੰਟਿਆਂ ਦੀ ਮੁਹਲਤ ਦਿੱਤੀ ਹੈ।
ਇਹ ਟਕਰਾਅ ਸਿੱਖ ਸੰਸਥਾਵਾਂ ਅੰਦਰ ਪੈਦਾ ਹੋਏ ਉਸ ਵੱਡੇ ਸੰਕਟ ਨੂੰ ਉਜਾਗਰ ਕਰਦਾ ਹੈ ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਦੇ ਕਬਜ਼ੇ ਕਾਰਨ ਗੁਰਦੁਆਰਾ ਪ੍ਰਬੰਧ ਦੀ ਇਸ ਪ੍ਰਮੁੱਖ ਸੰਸਥਾ ਦੀ ਭਰੋਸੇਯੋਗਤਾ ਅਤੇ ਸਾਖ ਨੂੰ ਭਾਰੀ ਢਾਹ ਲੱਗ ਰਹੀ ਹੈ।
ਗਿਆਨੀ ਰਘਬੀਰ ਸਿੰਘ ਵੱਲੋਂ ਲਗਾਏ ਗਏ ਦੋਸ਼:
18 ਫਰਵਰੀ ਦੀ ਆਪਣੀ ਉਚੇਚੀ ਪੱਤਰਕਾਰ ਵਾਰਤਾ ਦੌਰਾਨ, ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਉੱਤੇ ਕਈ ਗੰਭੀਰ ਦੋਸ਼ ਲਗਾਏ ਹਨ। ਇਹਨਾ ਵਿਚੋਂ ਬਹੁਤੇ ਮਸਲੇ ਸੁਹਿਰਦ ਸਿੱਖ ਧਿਰਾਂ ਵੱਲੋਂ ਲੰਮੇ ਸਮੇਂ ਤੋਂ ਚੁੱਕੇ ਜਾ ਰਹੇ ਹਨ।
-
ਵੱਡੇ ਘਪਲੇ ਅਤੇ ਜ਼ਮੀਨਾਂ ਦੀ ਵੇਚ-ਵੱਟਕ: ਗਿਆਨੀ ਰਘਬੀਰ ਸਿੰਘ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਸ਼੍ਰੋਮਣੀ ਕਮੇਟੀ ਅੰਦਰਲੇ ਬੇਈਮਾਨ ਅਨਸਰਾਂ ਨੂੰ ਸ਼ਹਿ ਦੇ ਰਿਹਾ ਹੈ, ਜੋ ਸੰਸਥਾ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਵੇਚ ਰਹੇ ਹਨ।
-
ਵੱਢੀਖੋਰੀ: ਉਨ੍ਹਾਂ ਦਾਅਵਾ ਕੀਤਾ ਕਿ ਬੇਈਮਾਨੀ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਖ਼ਾਸ ਥਾਵਾਂ ‘ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ 5 ਲੱਖ ਰੁਪਏ ਤੱਕ ਦੀ ਵੱਢੀ (ਰਿਸ਼ਵਤ) ਮੰਗੀ ਜਾਂਦੀ ਹੈ।
-
ਸਿਆਸੀ ਦਖ਼ਲਅੰਦਾਜ਼ੀ ਅਤੇ ਦਬਾਅ: ਤਰਨਤਾਰਨ ਜ਼ਿਮਨੀ ਚੋਣ ਦੌਰਾਨ ਪਏ ਸਿਆਸੀ ਦਬਾਅ ਦਾ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਝੂਠਾ ਬਿਆਨ ਜਾਰੀ ਕਰਨ ਲਈ ਮਜਬੂਰ ਕਰਨ ਦਾ ਯਤਨ ਕੀਤਾ ਗਿਆ ਕਿ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਵਾਲਾ ਫ਼ੈਸਲਾ ਆਰ.ਐੱਸ.ਐੱਸ. ਅਤੇ ਭਾਜਪਾ ਦੇ ਦਬਾਅ ਹੇਠ ਲਿਆ ਗਿਆ ਸੀ। ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸੀ।
-
ਬਦਲਾਖੋਰੀ ਤਹਿਤ ਬਦਲੀਆਂ ਅਤੇ ਉਗਰਾਹੀ: ਉਨ੍ਹਾਂ ਦੋਸ਼ ਲਾਇਆ ਕਿ 2 ਦਸੰਬਰ ਦੇ ਫ਼ੈਸਲੇ ਮਗਰੋਂ ਉਨ੍ਹਾਂ ਨੂੰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਮੁਕਤਸਰ ਕਰ ਦਿੱਤੀ ਗਈ, ਅਤੇ ਉਨ੍ਹਾਂ ਨੂੰ ਮੁੜ ਸ੍ਰੀ ਦਰਬਾਰ ਸਾਹਿਬ ਲਿਆਉਣ ਲਈ ਇੱਕ ਅਧਿਕਾਰੀ ਵੱਲੋਂ 5 ਲੱਖ ਰੁਪਏ ਮੰਗੇ ਗਏ।
-
ਬੇਅਦਬੀ ਅਤੇ ਪੁਲਿਸ ਜਬਰ ਦੇ ਮੁੱਦੇ: ਗਿਆਨੀ ਰਘਬੀਰ ਸਿੰਘ ਨੇ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਨੇ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਰਗੇ ਦਾਗ਼ੀ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇਣ ਅਤੇ ਸਿਆਸੀ ਪੁਸ਼ਤਪਨਾਹੀ ਦੇਣ ਦੀ ਸਖ਼ਤ ਨਿਖੇਧੀ ਕੀਤੀ।
-
ਇਤਿਹਾਸਕ ਹਵਾਲੇ ਅਤੇ ਮਰਯਾਦਾ ਦਾ ਘਾਣ: ਆਪਣੀ ਛੁੱਟੀ ਦੀ ਅਰਜ਼ੀ ਨੂੰ ‘ਵੱਡੇ ਘਰ ਵਾਲਿਆਂ’ (ਬਾਦਲ ਪਰਿਵਾਰ) ਵੱਲੋਂ ਰੱਦ ਕੀਤੇ ਜਾਣ ਦਾ ਹਵਾਲਾ ਦਿੰਦਿਆਂ, ਉਨ੍ਹਾਂ ਮੌਜੂਦਾ ਹਾਲਾਤਾਂ ਦੀ ਤੁਲਨਾ ਅਹਿਮਦ ਸ਼ਾਹ ਅਬਦਾਲੀ ਅਤੇ ਮੱਸੇ ਰੰਘੜ ਨਾਲ ਕੀਤੀ। ਉਨ੍ਹਾਂ ਕਿਹਾ ਕਿ ਸਿਰਸਾ ਸਾਧ ਨੂੰ ਬਿਨਾਂ ਮੰਗੇ ਮਾਫ਼ੀ ਦੇਣਾ ਅਤੇ ਫਿਰ ਉਸਨੂੰ ਸਹੀ ਠਹਿਰਾਉਣ ਲਈ ਗੁਰੂ ਘਰ ਦੀ ਗੋਲਕ ਦਾ ਪੈਸਾ ਰੋੜ੍ਹਨਾ, ਸਿੱਖ ਮਰਯਾਦਾ ਦਾ ਵੱਡਾ ਘਾਣ ਹੈ।
-
ਸਰਬੱਤ ਖ਼ਾਲਸਾ ਸੱਦਣ ਦੀ ਅਪੀਲ: ਗਿਆਨੀ ਰਘਬੀਰ ਸਿੰਘ ਨੇ ਸਮੁੱਚੇ ਪੰਥ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਇੱਕ ਪਰਿਵਾਰ ਦੇ ਕਬਜ਼ੇ ਵਿੱਚੋਂ ਮੁਕਤ ਕਰਵਾਉਣ ਲਈ ‘ਸਰਬੱਤ ਖ਼ਾਲਸਾ’ ਸੱਦਿਆ ਜਾਵੇ। ਨਾਲ ਹੀ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਅਤੇ ਗੁਰੂ ਕਾਲ ਦੀਆਂ ਇਤਿਹਾਸਕ ਸ਼੍ਰੀ ਸਾਹਿਬਾਂ ਬਾਰੇ ਸੱਚਾਈ ਸੰਗਤ ਸਾਹਮਣੇ ਲਿਆਉਣ ਦੀ ਮੰਗ ਕੀਤੀ।
ਸ਼੍ਰੋਮਣੀ ਕਮੇਟੀ ਦੀ ਕਾਰਵਾਈ:
ਅਗਲੇ ਹੀ ਦਿਨ, 19 ਫਰਵਰੀ ਨੂੰ, ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸਖ਼ਤ ਪ੍ਰਤੀਕਰਮ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਕੀਤਾ ਕਿ ਅੰਤ੍ਰਿੰਗ ਕਮੇਟੀ (ਕਾਰਜਕਾਰਨੀ) ਨੇ ਗਿਆਨੀ ਰਘਬੀਰ ਸਿੰਘ ਨੂੰ 72 ਘੰਟਿਆਂ ਦੀ ਮੁਹਲਤ ਦਿੱਤੀ ਹੈ। ਧਾਮੀ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ 2 ਅਪ੍ਰੈਲ, 2026 ਤੱਕ ਛੁੱਟੀ ‘ਤੇ ਹਨ, ਪਰ ਉਨ੍ਹਾਂ ਨੂੰ ਆਪਣੇ ਬਿਆਨਾਂ ਦਾ ਸਪੱਸ਼ਟੀਕਰਨ ਦੇਣਾ ਪਵੇਗਾ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰਧਾਨ ਧਾਮੀ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ‘ਕੂੜ ਪ੍ਰਚਾਰ’ ਕਰਾਰ ਦਿੱਤਾ ਅਤੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਕਿਸੇ ਵੱਲੋਂ ਦਿੱਤੀ ਹੋਈ ਲਿਖੀ-ਲਿਖਾਈ ਪਰਚੀ ਪੜ੍ਹ ਰਹੇ ਹਨ।
ਸ਼੍ਰੋਮਣੀ ਕਮੇਟੀ ਦੀ ਕਾਰਵਾਈ ਦੀ ਨਿਖੇਧੀ:
ਬਾਦਲ ਦਲ ਤੋਂ ਵੱਖ ਹੋਏ ਧੜੇ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ 72 ਘੰਟਿਆਂ ਦੀ ਮੁਹਲਤ ਨੂੰ ਬਾਦਲ ਪਰਿਵਾਰ ਦੇ ਇਸ਼ਾਰੇ ‘ਤੇ ਖੇਡਿਆ ਗਿਆ ‘ਪਹਿਲਾਂ ਤੋਂ ਮਿੱਥਿਆ ਹੋਇਆ ਨਾਟਕ’ ਦੱਸਦਿਆਂ ਇਸਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਿੱਖ ਸੰਸਥਾਵਾਂ ਦੇ ਅਧਿਆਤਮਕ ਅਹੁਦਿਆਂ ਵਿੱਚ ਅਜਿਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੰਥ ਦਾ ਨੁਕਸਾਨ ਕਰਨ ਵਾਲੀਆਂ ਧਿਰਾਂ ਨੂੰ ਖ਼ਾਲਸਾ ਪੰਥ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।