ਫਰੈਂਕਫੋਰਟ: ਜਰਮਨੀ ਦੀਆਂ ਸਿੱਖ ਜਥੇਬੰਦੀਆਂ ਵੱਲੋਂ 15 ਅਗਸਤ ਨੂੰ ਫਰੈਂਕਫੋਰਟ ਸਥਿਤ ਇੰਡੀਅਨ ਸਫਾਰਤਖਾਨੇ ਦੇ ਬਾਹਰ ਇਕ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਾਈ ਗੁਰਮੀਤ ਸਿੰਘ ਖੁਨਿਆਣ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਇਹ ਪ੍ਰਦਰਸ਼ਨ 15 ਅਗਸਤ ਵਾਲੇ ਦਿਨ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗਾ। ਉਹਨਾ ਕਿਹਾ ਕਿ ਇਸ ਮੁਜਾਹਿਰੇ ਵਿਚ ਸਿੱਖ ਕਾਲੀਆਂ ਦਸਤਾਰਾਂ ਤੇ ਬੀਬੀਆਂ ਕਾਲੇ ਦੁਪੱਟੇ ਲੈ ਕੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ।

ਬਿਆਨ ਵਿਚ ਕਿਹਾ ਗਿਆ ਹੈ ਕਿ 1947 ਵਿਚ ਪੰਜਾਬ ਦੀ ਹੋਈ ਵੰਡ ਅਤੇ ਸੱਤਾ ਤਬਾਦਲੇ ਵੇਲੇ ਸਿੱਖਾਂ ਨੇ ਭਾਰੀ ਨੁਕਸਾਨ ਝੱਲਿਆ ਪਰ ਸਤਾ ਹੱਥ ਆਉਣ ਤੋਂ ਬਾਅਦ ਇੰਡੀਆ ਦੇ ਆਗੂਆਂ ਨੇ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਹਨਾ ਕਿਹਾ ਕਿ ਬੀਤੇ ਸੱਤ ਦਹਾਕਿਆਂ ਦੌਰਾਨ ਸਿੱਖਾਂ ਨੂੰ ਇੰਡੀਆ ਵਿਚ ਵੱਖ-ਵੱਖ ਰੂਪਾਂ ਵਿਚ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਦਿੱਲੀ ਦਰਬਾਰ ਸਿੱਖਾਂ ਨਾਲ ਵਿਤਕਰੇ ਅਤੇ ਜ਼ਬਰ ਦੀ ਨੀਤੀ ਵਰਤ ਰਿਹਾ ਹੈ।
ਉਹਨਾ ਕਿਹਾ ਕਿ 15 ਅਗਸਤ ਵਾਲਾ ਮੁਜਾਹਿਰਾ ਸਿੱਖ ਸਰੋਕਾਰਾਂ ਨੂੰ ਉਭਾਰਨ ਲਈ ਕੀਤਾ ਜਾਵੇਗਾ।