ਗੁਰੂ ਨਾਨਕ ਬਾਣੀ ਵਿੱਚ ਵਾਤਾਵਰਨ ਦੀ ਮਹੱਤਤਾ
ਵਾਤਾਵਰਨ ਤੋਂ ਭਾਵ ਜਿਸ ਵਿੱਚ ਅਸੀਂ ਰਹਿੰਦੇ ਹਾਂ ਜਿਸ ਦੇ ਤਹਿਤ ਭੂ ਮੰਡਲ,ਜਲ ਮੰਡਲ, ਵਾਯੂ ਮੰਡਲ, ਜੀਵ ਮੰਡਲ ਆਉਂਦੇ ਹਨ, ਜੋ ਕੁਝ ਵੀ ਆਲੇ- ਦੁਆਲੇ ਚ ਵਿਆਪਕ ਹੈ ਵਾਤਾਵਰਨ ਅਖਵਾਉਂਦਾ ਹੈ। ਭੌਤਿਕ, ਰਸਾਇਣਿਕ ਤੇ ਜੈਵਿਕ ਤੱਤਾਂ ਦੇ ਸੁਮੇਲ ਸਦਕਾ ਹੀ ਵਾਤਾਵਰਨ ਦੀ ਸਿਰਜਣਾ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਮਾਨਵੀ ਜੀਵਨ ਦੇ ਹਰੇਕ ਸਰੋਕਾਰ ਭਾਵੇਂ ਉਹ ਅਧਿਆਤਮਕ ਅਨੁਭਵ ਹੋਵੇ ਜਾਂ ਸਮਾਜਿਕ ਜੀਵਨ ਨਾਲ ਅਤਿਅੰਤ ਨੇੜਤਾ ਰੱਖਦੀ ਹੈ।
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।
ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਪਾਣੀ ਨੂੰ ਪਿਤਾ ਦਾ ਦਰਜਾ ਦਿੰਦਿਆਂ ਇਸ ਦੀ ਜੀਵਨ ਵਿੱਚ ਮਹੱਤਤਾ ਨੂੰ ਬਿਆਨ ਕਰਦੇ ਹਨ ਪਾਣੀ ਜੀਵਨ ਦਾ ਆਧਾਰ ਸਰੋਤ ਹੈ ਜੀਵਨ ਲਈ ਅੰਮ੍ਰਿਤ ਸਮਾਨ ਹੈ ਪਰ ਅਜੋਕੇ ਸਮੇਂ ਵਿੱਚ ਪਾਣੀ ਦੀ ਬਰਬਾਦੀ ਨੂੰ ਗੁਰੂ ਗ੍ਰੰਥ ਸਾਹਿਬ ਦੁਆਰਾ ਰਚੀ ਬਾਣੀ ਨੂੰ ਆਧਾਰ ਬਣਾ ਕੇ ਰੋਕਿਆ ਜਾ ਸਕਦਾ ਹੈ। ਵਾਤਾਵਰਨ ਵਿੱਚ ਹਵਾ ਦਾ ਅਹਿਮ ਸਥਾਨ ਹੈ ਧਰਤੀ ਤੇ ਪਸ਼ੂ, ਪੰਛੀ, ਮਨੁੱਖ ਸਾਹ ਹੀ ਹਵਾ ਕਰਕੇ ਲੈਂਦੇ ਹਨ ਉਦਯੋਗਾਂ, ਵਾਹਨਾ ਦੁਆਰਾ ਛੱਡਿਆ ਜਾ ਰਿਹਾ ਜ਼ਹਿਰੀਲਾ ਧੂੰਆਂ ਵਾਤਾਵਰਣ ਨੂੰ ਦੂਸ਼ਿਤ ਬਣਾ ਰਿਹਾ ਗੁਰੂ ਨਾਨਕ ਬਾਣੀ ਵਿੱਚ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਉਹ ਹਵਾ ਹੀ ਹੈ ਜੋ ਧਰਤੀ ਨੂੰ ਸੰਜੀਵਤਾ ਬਖਸ਼ਦੀ ਹੈ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਵਰਤਮਾਨ ਸਮੇਂ ਵਿੱਚ ਭੂ-ਪ੍ਰਦੂਸ਼ਣ ਵੀ ਇੱਕ ਅਹਿਮ ਕਾਰਨ ਹੈ ਭੂਮੀ ਦੇ ਭੌਤਿਕ ਰਸਾਇਣਿਕ ਜਾਂ ਜੈਵਿਕ ਗੁਣਾਂ ਚ ਅਜਿਹੀ ਕੋਈ ਵੀ ਮਾੜੀ ਤਬਦੀਲੀ ਜੋ ਜੀਵ-ਜੰਤੂਆ ਮਨੁੱਖਾ ਲਈ ਮਾੜੀ ਹੋਵੇ ਜਿਸ ਤੋਂ ਭੂਮੀ ਦੀ ਉਦਯੋਗਤਾ ਖ਼ਤਮ ਹੁੰਦੀ ਹੋਵੇ ਉਹ ਭੂ ਪ੍ਰਦੂਸ਼ਣ ਹੀ ਹੈ। ਗੁਰੂ ਨਾਨਕ ਬਾਣੀ ਵਿੱਚ ਧਰਤੀ ਨੂੰ ਮਾਤਾ ਕਿਹਾ ਗਿਆ ਹੈ ਅਤੇ ਮਾਤਾ ਦਾ ਤਾਂ ਸਤਿਕਾਰ ਬਹੁਤ ਹੀ ਬਣਦਾ ਹੈ ਜਿਸ ਭੂ ਨੇ ਭਾਵ ਧਰਤੀ ਨੇ ਸਮੁੱਚੀ ਲੁਕਾਈ ਦਾ ਭਾਰ ਆਪਣੇ ਉੱਪਰ ਉਠਾਇਆ ਹੋਇਆ ਹੈ, ਉਹ ਧੰਨ ਹੈ ਉਸ ਤੋਂ ਬਲਿਹਾਰੇ ਜਾਈਏ ਪਰ ਅਪਮਾਨ, ਬੇਕਦਰੀ ਮਨੁੱਖ ਜੋ ਆਪਣੇ ਸਵਾਰਥ ਵਾਸਤੇ ਕਰਦਾ ਹੈ ਉਹ ਅਕਿਰਤਘਣਤਾ ਹੀ ਹੈ।
ਸੰਤੁਲਿਤ ਵਾਤਾਵਰਨ ਦੀ ਸਥਾਪਨਾ ਚ ਰੁੱਖ ਵਡਮੁੱਲਾ ਯੋਗਦਾਨ ਪਾਉਂਦੇ ਹਨ। ਹਵਾ ਪ੍ਦੂਸ਼ਣ ਨੂੰ ਰੋਕਣ ਲਈ ਅਤੇ ਖੁਸ਼ਹਾਲ ਹਰਿਆਵਲੀ ਧਰਤੀ ਬਣਾਉਣ ਲਈ ਯੋਗਦਾਨ ਪਾਉਂਦੇ ਹਨ। ਵਰਤਮਾਨ ਸਮੇਂ ਵਿੱਚ ਰੁੱਖਾਂ ਦੀ ਕਟਾਈ ਸਾਨੂੰ ਇੱਕ ਹਨ੍ਹੇਰੇ ਭਵਿੱਖ ਵੱਲ ਲੈ ਜਾ ਰਹੀ ਹੈ ਮਨੁੱਖ ਨੂੰ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਨੂੰ ਛੱਡ ਕੇ ਹਵਾ, ਪਾਣੀ, ਭੂ ਨੂੰ ਸੁਰੱਖਿਤ ਕਰਨਾ ਚਾਹੀਦਾ ਹੈ ਜੋ ਭਵਿੱਖ ਵਿੱਚ ਧਰਤੀ ਤੇ ਜੀਵਨ ਸੁਖਾਲਾ ਸੰਭਵ ਰਹਿ ਸਕੇ।
-ਕੁਲਵਿੰਦਰ ਜੀਤ ਕੌਰ