ਬਾਕੂ, ਅਜ਼ਰਬਾਈਜਾਨ: ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਅਨੁਸਾਰ, ਸੰਸਥਾ ਦੇ ਨੁਮਾਇੰਦਿਆਂ ਨੇ ਇਸ ਹਫ਼ਤੇ ਬਾਕੂ, ਅਜ਼ਰਬਾਈਜਾਨ ਵਿੱਚ ਉੱਚ-ਪੱਧਰੀ ਮੁਲਾਕਾਤਾਂ ਦੀ ਇੱਕ ਅਹਿਮ ਲੜੀ ਮੁਕੰਮਲ ਕੀਤੀ ਹੈ। ਸੰਸਥਾ ਵੱਲੋਂ ਜਾਰੀ ਕੀਤੇ ਗਏ ਇਸ ਲਿਖਤੀ ਬਿਆਨ ਦੀ ਕਾਪੀ ‘ਸਿੱਖ ਸਿਆਸਤ’ ਕੋਲ ਮੌਜੂਦ ਹੈ। ਇਹ ਫੇਰੀ ਸਿੱਖ ਕੂਟਨੀਤੀ, ਕੌਮਾਂਤਰੀ ਹਮਾਇਤ ਅਤੇ ਅਜ਼ਾਦ ਖਾਲਿਸਤਾਨ ਦੀ ਸਥਾਪਨਾ ਰਾਹੀਂ ਆਤਮ-ਨਿਰਣੈ ਦੇ ਹੱਕ ਬਾਰੇ ਵਿਸ਼ਵ-ਵਿਆਪੀ ਜਾਗਰੂਕਤਾ ਪੈਦਾ ਕਰਨ ਦੇ ਯਤਨਾਂ ਵਿੱਚ ਇੱਕ ਵੱਡਾ ਮੀਲ ਪੱਥਰ ਹੈ।

ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਯੂਰਪ ਤੋਂ ਆਏ ਸਿੱਖ ਨੁਮਾਇੰਦਿਆਂ ਨੇ ਸਰਕਾਰੀ, ਅਕਾਦਮਿਕ ਅਤੇ ਸੱਭਿਆਚਾਰਕ ਪੱਧਰ ਦੀਆਂ ਮੁਲਾਕਾਤਾਂ ਵਿੱਚ ਹਿੱਸਾ ਲਿਆ। ਇਸ ਫੇਰੀ ਦੌਰਾਨ ਫੈਡਰੇਸ਼ਨ ਦੇ ਵਫ਼ਦ ਨੇ ਅਜ਼ਰਬਾਈਜਾਨ ਸਰਕਾਰ ਦੇ ਨੁਮਾਇੰਦਿਆਂ ਨਾਲ ਪਾਰਲੀਮੈਂਟ ਵਿੱਚ ਮੁਲਾਕਾਤ ਕੀਤੀ, ਜਿੱਥੇ ਸਿੱਖਾਂ ਅਤੇ ਅਜ਼ਰਬਾਈਜਾਨ ਵਿਚਕਾਰ ਇਤਿਹਾਸਿਕ ਸੰਬੰਧਾਂ ਅਤੇ ਇਸ ਸਾਂਝੀ ਵਿਰਾਸਤ ਨੂੰ ਸੰਭਾਲਣ ਦੀ ਅਹਿਮੀਅਤ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ੧੯੮੪ ਵਿੱਚ ਕੀਤੀ ਗਈ ਸਿੱਖ ਨਸਲਕੁਸ਼ੀ, ਖੇਤਰੀ ਸਹਿਯੋਗ ਅਤੇ ਕੌਮਾਂਤਰੀ ਪੱਧਰ ‘ਤੇ ਆਪਸੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੇ ਮੁੱਦਿਆਂ ‘ਤੇ ਵੀ ਡੂੰਘੀ ਚਰਚਾ ਹੋਈ। ਅਜ਼ਰਬਾਈਜਾਨ ਦੇ ਨੁਮਾਇੰਦਿਆਂ ਨੇ ਇਹਨਾਂ ਯਾਦਗਾਰੀ ਸਮਾਗਮਾਂ ਦੀ ਮਹੱਤਤਾ ਨੂੰ ਮਾਨਤਾ ਦਿੰਦੇ ਹੋਏ ਸਿੱਖਾਂ ਨਾਲ ਸੰਬੰਧ ਮਜ਼ਬੂਤ ਕਰਨ ਦੀ ਗੱਲ ਦੁਹਰਾਈ।

ਵਫ਼ਦ ਨੇ ਯੂਨੈਸਕੋ (UNESCO) ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਇਤਿਹਾਸਿਕ ਅਸਥਾਨ “ਅਤੇਸ਼ਗਾਹ” ਵਿਖੇ ਇੱਕ ਯਾਦਗਾਰੀ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ। ਇਸ ਮੌਕੇ ਇਤਿਹਾਸਕਾਰਾਂ ਅਤੇ ਵਿਦਵਾਨਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੌਰਾਨ ਇਸ ਖੇਤਰ ਵਿੱਚੋਂ ਲੰਘਣ ਬਾਰੇ ਦਸਤਾਵੇਜ਼ੀ ਹਵਾਲੇ ਅਤੇ ਸਿੱਖਾਂ ਤੇ ਅਜ਼ਰਬਾਈਜਾਨ ਵਿਚਕਾਰ ਚੱਲਦੇ ਸੰਬੰਧਾਂ ਦੇ ਵੇਰਵੇ ਸਾਂਝੇ ਕੀਤੇ। ਇਸ ਫੇਰੀ ਦਾ ਇੱਕ ਹੋਰ ਅਹਿਮ ਪਹਿਲੂ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਅਤੇ ਬਾਕੂ ਇਨੀਸ਼ੇਟਿਵ ਗਰੁੱਪ ਵਿਚਕਾਰ ਇੱਕ ਅਹਿਮ ਸਮਝੌਤੇ (Memorandum of Understanding) ਦਾ ਰਸਮੀਕਰਨ ਸੀ। ਇਹ ਅਹਿਮ ਦਸਤਾਵੇਜ਼ ਸਿੱਖ ਇਤਿਹਾਸ ਦੀ ਖੋਜ, ਦਸਤਾਵੇਜ਼ੀਕਰਨ, ਸਾਂਭ-ਸੰਭਾਲ ਅਤੇ ਜਨਤਕ ਸਿੱਖਿਆ ਪ੍ਰਣਾਲੀ ਵਿੱਚ ਨਿਰੰਤਰ ਸਹਿਯੋਗ ਲਈ ਇੱਕ ਪੱਕਾ ਢਾਂਚਾ ਸਥਾਪਤ ਕਰੇਗਾ ਜੋ ਅੰਤਰਰਾਸ਼ਟਰੀ ਮੰਚ ‘ਤੇ ਸਿੱਖ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵੱਲ ਵੱਡਾ ਕਦਮ ਹੈ।

ਇਸ ਤੋਂ ਇਲਾਵਾ, ਨੁਮਾਇੰਦਿਆਂ ਨੇ ਬਾਕੂ ਸਟੇਟ ਯੂਨੀਵਰਸਿਟੀ ਵਿਖੇ “ਜੂਨ ੧੯੮੪: ਨਸਲਕੁਸ਼ੀ ਦੀ ਨਿਰੰਤਰਤਾ ਵਜੋਂ ਹੱਦੋਂਬਾਹਰੀ ਧੱਕੇਸ਼ਾਹੀ (Transnational Repression)” ਵਿਸ਼ੇ ‘ਤੇ ਕਰਵਾਏ ਗਏ ਕੌਮਾਂਤਰੀ ਅਕਾਦਮਿਕ ਸੰਮੇਲਨ ਵਿੱਚ ਵੀ ਹਿੱਸਾ ਲਿਆ। ਇਸ ਸੰਮੇਲਨ ਵਿੱਚ ਸਿੱਖ ਆਗੂਆਂ, ਕਾਨੂੰਨੀ ਮਾਹਿਰਾਂ ਅਤੇ ਮਨੁੱਖੀ ਹੱਕਾਂ ਦੇ ਵਕੀਲਾਂ ਨੇ ਦਰਬਾਰ ਸਾਹਿਬ ‘ਤੇ ਹੋਏ ਹਮਲੇ ਅਤੇ ਇਸਦੇ ਨਤੀਜਿਆਂ ਦੀ ਇਤਿਹਾਸਿਕ, ਕਾਨੂੰਨੀ ਅਤੇ ਸਮਕਾਲੀ ਪੜਚੋਲ ਕੀਤੀ। ਬਾਕੂ ਵਿੱਚ ਹੋਈਆਂ ਇਹ ਸਰਗਰਮੀਆਂ ਕੌਮਾਂਤਰੀ ਮੰਚ ‘ਤੇ ਸਿੱਖਾਂ ਦੇ ਲਗਾਤਾਰ ਵੱਧ ਰਹੇ ਪ੍ਰਭਾਵ ਨੂੰ ਦਰਸਾਉਂਦੀਆਂ ਹਨ। ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਨੇ ਮੁੜ ਦੁਹਰਾਇਆ ਹੈ ਕਿ ਉਹ ਕੌਮਾਂਤਰੀ ਤਾਲਮੇਲ ਵਧਾਉਣ, ਸਿੱਖ ਵਿਰਾਸਤ ਦੀ ਸੰਭਾਲ ਕਰਨ, ਹੱਦੋਂਬਾਹਰੀ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਅਤੇ ਸੁਤੰਤਰ ਖਾਲਿਸਤਾਨ ਦੀ ਸਥਾਪਨਾ ਸਮੇਤ ਸਿੱਖਾਂ ਦੇ ਸਮੂਹਿਕ ਹੱਕਾਂ ਲਈ ਆਪਣੀ ਵਚਨਬੱਧਤਾ ‘ਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ ਰਹੇਗੀ।