ਅੰਮ੍ਰਿਤਸਰ(22 ਦਸੰਬਰ, 2015): ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਲੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਸਤਾਨ ਸਿੰਘ ਦੀ ਦੇਸ਼ ਧਰੋਹ ਦੇ ਦੋਸ਼ਾਂ ਹੇਠ ਹੋਈ ਗ੍ਰਿਫਤਾਰੀ ਨੂੰ ਲੈਕੇ ਕੀਤੀ ਨੁਕਤਾਚੀਨੀ ਉਤੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਭਾਈ ਮੋਹਕਮ ਸਿੰਘ ਸਮੇਤ ਸਿੱਖ ਆਗੂਆਂ ਦੀਆਂ ਹੋਈਆਂ ਗ੍ਰਿਫਤਾਰੀਆਂ ਉਤੇ ਦੋਨੋ ਸੰਸਥਾਵਾਂ ਦੇ ਮੁਖੀ ਕਿਉਂ ਚੁੱਪ ਹਨ।

ਉਹਨਾਂ ਕਿਹਾ ਕਿ ਭਾਰਤ ਵਾਂਗ, ਪਾਕਿਸਤਾਨ ਇੱਕ ਪ੍ਰਭੂਸੱਤਾ ਸੰਪੰਨ ਆਜ਼ਾਦ ਮੁਲਕ ਹੈ ਅਤੇ ਉਸਦਾ ਆਪਣਾ ਇੱਕ ਜਸਟਿਸ ਸਿਸਟਮ ਹੈ। ਉਹਨਾਂ ਸਪਸ਼ਟ ਕੀਤਾ ਕਿ ਉਹ ਜਾਤੀ ਤੌਰ ਉਤੇ ਨਾ ਤਾਂ ਮਸਤਾਨ ਸਿੰਘ ਦੇ ਹੱਕ ਜਨ ਅਤੇ ਨਾ ਖਿਲ਼ਾਫ ਹਨ। ਉਹਨਾਂ ਹੈਰਾਨੀ ਜਿਤਾਉਦਿਆਂ ਪੁਛਿਆ ਕਿ ਬਾਦਲ ਜਾਂ ਮੱਕੜ ਦਾ ਕੀ ਪ੍ਰਤੀਕਰਮ ਹੋਵੇਗਾ ਜੇਕਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਫੈਸਲਾ ਕਰਦੀ ਹੈ ਕਿ ਪੰਜਾਬ ਸਰਕਾਰ ਵਲੋਂ ੧੦ ਨਵੰਬਰ ਨੂੰ ਹੋਏ ਪੰਥਕ ਇੱਕਠ ਦੇ ਪ੍ਰਬੰਧਕਾਂ ਦੀਆਂ ਗ੍ਰਿਫਤਾਰੀਆਂ ਦੇ ਸਬੰਧ ਵਿੱਚ ਸੱਚਾਈ ਜਾਣਨ ਲਈ ਉਹ ਇੱਕ ਖੋਜ ਕਮੇਟੀ ਏਧਰ ਪੰਜਾਬ ਭੇਜੇਗੀ।
ਉਹਨਾਂ ਕਿਹਾ ਕਿ ਮਸਤਾਨ ਸਿੰਘ ਦੇ ਖਿਲ਼ਾਫ ਪਾਕਿਸਤਾਨ ਕਮੇਟੀ ਦੇ ਮੌਜੂਦਾ ਪ੍ਰਧਾਨ ਸ਼ਾਮ ਸਿੰਘ ਦੇ ਸ਼ਿਕਾਇਤ ਉਤੇ ਹੀ ਪਰਚਾ ਦਰਜ ਕੀਤਾ ਗਿਆ ਹੈ ਜਿਵੇਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੀ ਸ਼ਿਕਾਇਤ ਉਤੇ ਭਾਈ ਧਿਆਨ ਸਿੰਘ ਮੰਡ ਅਤੇ ਉਸਦੇ ਸਾਥੀਆਂ ਖਿਲ਼ਾਫ ਅਕਾਲ ਤਖਤ ਸਾਹਿਬ ਉਤੇ ਭਾਸ਼ਨ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ ਹੈ।
ਉਹਨਾਂ ਦੋਨਾਂ ਕੇਸਾਂ ਵਿੱਚ ਵੱਡਾ ਅੰਤਰ ਦਸਦਿਆਂ ਕਿ ਸਾਡੀ ਜਾਣਕਾਰੀ ਅਨੁਸਾਰ ਗੁਰਪੁਰਬ ਮੌਕੇ ਮਸਤਾਨ ਸਿੰਘ ਅਤੇ ਉਸ ਦੇ ਸਾਥੀਆਂ ਨੇ ਪਾਕਿਸਤਾਨ ਗੁ ਪ੍ਰ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵਿਰੁੱਧ ਪ੍ਰਦਰਸ਼ਨ ਕਰਦਿਆਂ ਹਿੰਸਕ ਹੁੰਦਿਆਂ ਦਫਤਰ ਦੀ ਭੰਨ-ਤੋੜ ਕੀਤੀ ਜਦਕਿ ਬੰਦੀ ਛੋੜ ਦਿਵਸ ਮੌਕੇ ਭਾਈ ਧਿਆਨ ਸਿੰਘ ਮੰਡ ਅਤੇ ਉਹਨਾਂ ਦੇ ਸਾਥੀਆਂ ਵਲੋਂ ਅਮਨ-ਪੂਰਵਕ ਤਰੀਕੇ ਨਾਲ ਆਪਣੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।
ਉਹਨਾਂ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਤਰਕ ਕਿ ਮਸਤਾਨ ਸਿੰਘ ਦੀ ਗ੍ਰਿਫਤਾਰੀ ਪਾਕਿਸਤਾਨ ਸਰਕਾਰ ਦੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲ਼ਅੰਦਾਜੀ ਹੈ, ਦਾ ਹਵਾਲਾ ਦੇਂਦਿੰਆਂ ਕਿਹਾ ਕਿ ਇਸੇ ਤਰਕ ਨਾਲ ਭਾਈ ਮੋਹਕਮ ਸਿੰਘ, ਜਸਕਰਨ ਸਿੰਘ, ਗੁਰਦੀਪ ਸਿੰਘ ਬਠਿੰਡਾ ਅਤੇ ਹੋਰਨਾਂ ਆਗੂਆਂ ਦੀ ਗ੍ਰਿਫਤਾਰੀ ਵੀ ਪੰਜਾਬ ਸਰਕਾਰ ਦੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜੀ ਬਣਦੀ ਹੈ। ਉਹਨਾਂ ਜਥੇਦਾਰ ਮੱਕੜ ਅਤੇ ਮਨਜੀਤ ਸਿੰਘ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਬਾਦਲ ਦਾ ਥਾਪੜਾ ਹਾਸਿਲ ਕਰਨ ਦੇ ਚੱਕਰ ਵਿੱਚ ਨਵੀਆਂ ਨੀਵਾਣ ਨੂੰ ਨਾ ਛੋਹਣ। ਉਹਨਾਂ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਸ਼ਾਸਕਾਂ ਜਾਂ ਗੈਰ-ਸਿੱਖਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਸਿੱਖ ਆਪਸ ਵਿੱਚ ਹੀ ਲੜਦੇ ਆ ਰਹੇ ਹਨ।