ਸ੍ਰੀ ਅੰਮ੍ਰਿਤਸਰ: ਦਰਬਾਰ ਸਾਹਿਬ ਹਮਲੇ ਦੀ 42ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਡੇਢ ਦਹਾਕੇ ਤੋਂ ਦਲ ਖਾਲਸਾ ਵਲੋਂ ਹਰ ਸਾਲ 5 ਜੂਨ ਨੂੰ ਯਾਦਗਾਰੀ ਮਾਰਚ ਕੀਤਾ ਜਾਂਦਾ ਹੈ।



ਪਾਰਟੀ ਦੇ ਰਾਜਨੀਤਿਕ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਧਰਮ ‘ਤੇ ਹਮਲਾ ਜਿਸ ਨੂੰ ਆਪ੍ਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਹੈ, ਇੱਕ ਜ਼ਾਲਮਾਨਾ ਅਤੇ ਘਿਨਾਉਣਾ ਕਾਰਾ ਸੀ, ਜਿੱਥੇ ਸਿਰਫ਼ 72 ਘੰਟਿਆਂ ਦੇ ਅੰਦਰ ਸੈਂਕੜੇ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਕਦੇ ਵੀ ਸੁਰੱਖਿਅਤ ਨਹੀਂ ਰਹੇ ਅਤੇ ਹਰ ਸ਼ਾਸਨ, ਭਾਵੇਂ ਉਹ ਧਰਮ ਨਿਰਪੱਖ ਦੇ ਬੁਰਕੇ ਹੇਠ ਕਾਂਗਰਸ ਹੋਵੇ ਜਾਂ ਰਾਸ਼ਟਰਵਾਦੀ ਹਿੰਦੂਤਵ ਭਾਜਪਾ, ਸਾਰਿਆਂ ਨੇ ਸਿੱਖਾਂ ਨੂੰ ਕੰਧ ਵੱਲ ਧੱਕਿਆ ਹੈ, ਜਿੱਥੇ ਉਨ੍ਹਾਂ ਨੂੰ ਸਵੈ-ਰੱਖਿਆ ਵਿੱਚ ਵਿਰੋਧ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ‘ਤੇ ਫੌਜੀ ਹਮਲਾ ਹਿੰਦੂ-ਭਾਰਤ ਦੇ ਅਖੌਤੀ ਲੋਕਤੰਤਰੀ ਤਾਣੇ-ਬਾਣੇ ਦੇ ਅਕਸ ‘ਤੇ ਧੱਬਾ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਸਟੇਟ ਨੇ ਧਰਮ ਯੁੱਧ ਮੋਰਚਾ ਜੋ ਲੋਕਤੰਤਰੀ ਲੀਹਾਂ ਤੇ ਚੱਲ ਰਿਹਾ ਸੀ ਦਾ ਰਾਜਨੀਤਿਕ ਹੱਲ ਲੱਭਣ ਦੀ ਥਾਂ ਫੌਜੀ ਹੱਲ ਲੱਭਿਆ। ਅੱਜ ਤੱਕ, ਸਟੇਟ ਦਾ ਦ੍ਰਿਸ਼ਟੀਕੋਣ ਸਿੱਖ ਵਿਰੋਧੀ ਹੀ ਚੱਲਿਆ ਆ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਫੌਜੀ ਹਮਲੇ ਨਾਲ ਸਬੰਧਤ ਸਰਕਾਰੀ ਫਾਈਲਾਂ ਨੂੰ ਜਨਤਕ ਕੀਤਾ ਜਾਵੇ ਅਤੇ ਸੰਯੁਕਤ ਰਾਸ਼ਟਰ ਅਧੀਨ ਇਸ ਦੀ ਅੰਤਰਰਾਸ਼ਟਰੀ ਏਜੰਸੀ ਕੋਲੋਂ ਜਾਂਚ ਕਰਵਾਈ ਜਾਵੇ।
ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਸਕੱਤਰ ਰਣਬੀਰ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੀਆਂ ਯਾਦਾਂ ਅਤੇ ਯਾਦਗਾਰਾਂ ਕੌਮੀ ਇਤਿਹਾਸ ਨੂੰ ਸਿਰਜਦੀਆਂ ਹਨ ਅਤੇ ਕੌਮ ਅੰਦਰ ਅਣਖ ਨਾਲ ਜਿਊਣ ਦੀ ਵਚਨਬੱਧਤਾ ਨੂੰ ਉਜਾਗਰ ਕਰਦੀਆਂ ਹਨ।