ਜੂਨ 1984 ਵਿਚ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਉਹ ਦੁਖਾਂਤਕ ਅਧਿਆਇ ਹੈ, ਜਿਸ ਦੀ ਚੀਸ ਸਿੱਖ ਮਾਨਸਿਕਤਾ ਦੇ ਧੁਰ ਅੰਦਰ ਤਕ ਫੈਲੀ ਹੋਈ ਹੈ। ਇਸ ਪੁਸਤਕ ਦਾ ਲੇਖਕ ਉਸ ਸਮੇਂ ਦੌਰਾਨ ਯੂ. ਐਨ. ਆਈ ਲਈ ਅੰਮ੍ਰਿਤਸਰ ਤੋਂ ਪੱਤਰਕਾਰੀ ਕਰਦਿਆਂ ਇਨ੍ਹਾਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਹੈ ਤੇ ਇਸ ਪੁਸਤਕ ਰਾਹੀਂ ਉਹ ਆਪਣੀਆਂ ਯਾਦਾਂ ਤੇ ਸਿਮਰਤੀ ਵਿਚ ਪਏ ਤੱਥਾਂ, ਪੀੜਾਂ ਤੇ ਦਰਦਾਂ ਦਾ ਮਹਿਜ਼ ਉਲੇਖ ਹੀ ਨਹੀਂ ਕਰਦਾ, ਬਲਕਿ ਉਸ ਨੇ ਜੋ ਕੁਝ ਦੇਖਿਆ, ਹੰਢਾਇਆ ਅਤੇ ਮਹਿਸੂਸ ਕੀਤਾ, ਉਸ ਦੀ ਈਮਾਨਦਾਰੀ ਨਾਲ ਤਸਵੀਰਕਸ਼ੀ ਕਰਦਾ ਹੈ; ਤੇ ਘਟਨਾਵਾਂ ਨੂੰ ਨੇੜਿਓਂ ਵਾਚਦਿਆਂ ਇਨ੍ਹਾਂ ਦੇ ਪਿੱਛੇ ਦਿੱਖ ਤੇ ਅਦਿੱਖ ਪਾਤਰਾਂ ਦੇ ਕਿਰਦਾਰ ਨੂੰ ਵੀ ਨੰਗਿਆਂ ਕਰਦਾ ਹੈ। ਹੱਡੀਂ ਹੰਢਾਈਆਂ ਸਿੱਖਾਂ ਦੀਆਂ ਸਿਆਸੀ ਕਮਜ਼ੋਰੀਆਂ ਦੀ ਕਸਕ ਤੇ ਸਿੱਖਾਂ ਵੱਲੋਂ ਭੋਗੇ ਲੰਬੇ ਸੰਤਾਪ ਦੀ ਚੀਸ ਵੀ ਇਸ ਪੁਸਤਕ ਦੇ ਆਰ-ਪਾਰ ਫੈਲੀ ਹੋਈ ਹੈ।