ਬਰੇਸੀਆ, ਇਟਲੀ: ਸਿੱਖ ਦੇ ਪ੍ਰਚਾਰ ਅਤੇ ਸੰਸਾਰ ਭਰ ਵਿੱਚ ਡੁੱਚ ਭਾਸ਼ਾ ਬੋਲਣ ਵਾਲਿਆਂ ਡੁੱਚ ਭਾਸ਼ਾ ‘ਚ ਤਿਆਰ ਕੀਤੀ ‘ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ’ ਨਾਂਅ ਦੀ ਕਿਤਾਬ ਸਿੱਖੀ ਸੇਵਾ ਸੁਸਾਇਟੀ, ਇਟਲੀ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ।
ਸਿੱਖੀ ਸੇਵਾ ਸੁਸਾਇਟੀ, ਇਟਲੀ ਵੱਲੋਂ ਕਈ ਸਾਲਾਂ ਤੋਂ ਇਟਲੀ ‘ਚ ਇਟਾਲੀਅਨ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਸਿੱਖ ਧਰਮ ਦਾ ਲਿਟਰੇਚਰ ਇਟਾਲੀਅਨ ਭਾਸ਼ਾ ਵਿਚ ਛਾਪ ਕੇ ਲੋਕਾਂ ਤੱਕ ਫ੍ਰੀ ਪਹੁੰਚਾ ਰਹੀ ਹੈ। ਪਿਛਲੇ ਸਮੇਂ ਵਿਚ ਸਿੱਖੀ ਸੇਵਾ ਸੁਸਾਇਟੀ ਵੱਲੋਂ ਸਿੱਖ ਧਰਮ ਬਾਰੇ, ਸਿੱਖ ਸ਼ਹੀਦਾਂ ਬਾਰੇ, ਸਿੱਖ ਜਰਨੈਲਾਂ ਬਾਰੇ ਵੱਖ-ਵੱਖ ਵਿਸ਼ਿਆਂ ‘ਤੇ ਬਹੁਤ ਸਾਰਾ ਸਾਹਿਤ ਵੰਡਿਆ ਜਾ ਚੁੱਕਾ ਹੈ, ਜਿਸ ਨੂੰ ਇਟਾਲੀਅਨ ਲੋਕਾਂ ਨੇ ਬਹੁਤ ਵਧੀਆ ਹੁੰਗਾਰਾ ਦਿੱਤਾ ਹੈ।

ਹੁਣ 23 ਅਪ੍ਰੈਲ 2016 ਦਿਨ ਸਨਿਚਰਵਾਰ ਨੂੰ ਜਰਮਨੀ ਦੇ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ‘ਚ ਡੁੱਚ ਭਾਸ਼ਾ ‘ਚ ਤਿਆਰ ਕੀਤੀ ‘ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ’ ਨਾਂਅ ਦੀ ਕਿਤਾਬ ਰਿਲੀਜ਼ ਕੀਤੀ ਜਾ ਰਹੀ ਹੈ।
ਸੰਸਥਾ ਦੇ ਅਹੁਦੇਦਾਰਾਂ ਸ: ਜਗਜੀਤ ਸਿੰਘ ਅਤੇ ਸ: ਗੁਰਸ਼ਰਨ ਸਿੰਘ ਨੇ ਦੱਸਿਆ ਕਿ ਇਹ ਕਿਤਾਬ ਜਰਮਨੀ ਤੋਂ ਇਲਾਵਾ ਯੂਰਪ ਦੇ ਡੁੱਚ ਬੋਲਣ ਵਾਲੇ ਬੈਲਜੀਅਮ, ਸਵਿੱਸ, ਆਸਟਰੀਆ ਆਦਿ ਦੇਸ਼ਾਂ ਵਿਚ ਪੜ੍ਹੀ ਜਾਏਗੀ ਅਤੇ ਇਹ ਕਿਤਾਬ ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਦੇਸ਼ਾਂ ‘ਚ ਰਿਲੀਜ਼ ਵੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਕਿਤਾਬ ਨੂੰ 2014 ਵਿਚ ਇਟਾਲੀਅਨ ਭਾਸ਼ਾ ‘ਚ ਛਪਵਾਕੇ ਮੁਫ਼ਤ ਵੰਡਿਆ ਜਾ ਚੁੱਕਾ ਹੈ।
ਇਹ ਕਿਤਾਬ ਹੁਣ ਡੁੱਚ ਭਾਸ਼ਾ ਵਿਚ ਤਿਆਰ ਕੀਤੀ ਗਈ ਹੈ। ਇਸ ਕਿਤਾਬ ਨੂੰ ਛਾਪਣ ਦਾ ਉਪਰਾਲਾ ਸਿੱਖੀ ਸੇਵਾ ਸੁਸਾਇਟੀ ਇਟਲੀ ਵੱਲੋਂ ਯੂਰਪ ਦੇ ਡੁੱਚ ਬੋਲਣ ਵਾਲੇ ਲੋਕਾਂ ਨੂੰ ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਪ੍ਰਤੀ ਜਾਗਰੂਕ ਕਰਨ ਦਾ ਹੈ। ਇਸ ਕਿਤਾਬ ਵਿਚ ਬਹੁਤ ਹੀ ਵਧੀਆ ਤਰੀਕੇ ਨਾਲ ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦਿੱਤੀ ਗਈ ਹੈ।