ਗੁਰੂ ਨਾਨਕ ਦੇਵ ਜੀ ਬਾਰੇ ਜਿਸ ਮਨੁਖ ਨੇ ਹੁਣੇ ਇਕ ਫਿਲਮ ਬਣਾਈ ਹੈ (ਵੈਸੇ ਤਾਂ ਸਾਨੂੰ ਉਸ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ) ਉਸ ਦੇ ਬਿਆਨਾਂ ਨੇ, ਭਾਵੇਂ ਜਾਣੇ-ਅਣਜਾਣੇ ਵਿਚ ਹੀ ਸਹੀ, ਸਿੱਖੀ ਅੰਦਰ ਤੁਰੀ ਆਉਂਦੀ ਬੁੱਤਾਂ ਦੀ ਪੁਰਾਣੀ ਮਰਜ਼ ਨੂੰ ਵਿਚਾਰ ਦੇ ਮੰਚ ਤੇ ਲੈ ਆਂਦਾ ਹੈ। ਇਸ ਫਿਲਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਫਿਲਮਕਾਰ ਨੇ ਇਕ ਨਵੀਂ ਕਿਸਮ ਦਾ ਬੁੱਤ ਪੇਸ਼ ਕੀਤਾ ਹੈ। ਜਿਥੋਂ ਤੱਕ ਨਵੀਂ ਕਿਸਮ ਦੇ ਬੁੱਤ ਦਾ ਸਵਾਲ ਹੈ ਉਸ ਬਾਰੇ ਇਹੀ ਕਹਿਣਾ ਬਣਦਾ ਹੈ ਕਿ ਗੁਰੂ ਸਾਹਿਬ ਨੇ ਤਾਂ ਖਿਆਲਾਂ ਦੇ ਬੁੱਤ ਵੀ ਤੋੜ ਦਿੱਤੇ ਅਤੇ ਉਹ ਫਿਲਮਕਾਰ ਹਾਲੇ ਵੀ ਇਹ ਸਿੱਧ ਕਰਨ ਵਿਚ ਉਲਝਿਆ ਹੋਇਆ ਹੈ ਕਿ ਪਰਛਾਵਾਂ ਬੁੱਤ ਵਰਗਾ ਨਹੀਂ ਹੁੰਦਾ। ਹਕੀਕਤ ਇਹ ਹੈ ਕਿ ਪੱਥਰ, ਮਿੱਟੀ, ਲੱਕੜ ਅਤੇ ਕਾਗਜ਼ ਦੇ ਬੁੱਤ ਨਾਲੋਂ ਪਰਛਾਵਾਂ ਬੁੱਤ ਦਾ ਵਧੇਰੇ ਲੁਭਾਉਣਾ ਰੂਪ ਹੈ। ਇਹ ਪਰਛਾਵਾਂ ਮਨੁੱਖੀ ਹੈ ਜਾਂ ਮਸ਼ੀਨੀ ਇਸ ਗੱਲ ਵਿਚ ਉਕਾ ਹੀ ਫਰਕ ਨਹੀਂ ਹੈ ਕਿਉਂਕਿ ਆਖਰ ਦੋਵੇਂ ਹੀ ਬੁੱਤ ਦੀ ਪੂਰਤੀ ਕਰਦੇ ਹਨ।