ਫ਼ਰੀਦਕੋਟ (22 ਅਪ੍ਰੈਲ, 2015): ਪੰਜਾਬ ਤੋਂ ਪਾਕਿਸਤਾਨ ਸਥਿਤ ਗੁਰੁਦਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਦੇ ਜੋੜ ਮੇਲੇ ‘ਤੇ ਦਰਸ਼ਨ ਕਰਨ ਗਏ ਪਰਿਵਾਰ ਦੇ ਚਾਰ ਮੈਂਬਰਾਂ ਦੇ ਰਹੱਸਮਈ ਹਾਲਤਾਂ ਵਿੱਚ ਗੁੰਮ ਹੋਣ ਕਰਕੇ ਪੁਲਿਸ ਅਤੇ ਖੂਫੀਆ ਏਜ਼ੰਸੀਆਂ ਦੀ ਨੀਦ ਹਰਾਮ ਹੋ ਗਈ ਹੈ।
ਪੰਜਾਬੀ ਦੇ ਅਖਬਾਰ ਅਜੀਤ ਵਿੱਚ ਨਸ਼ਰ ਖਬਰ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਦੇ ਅਖੀਰੀ ਪਿੰਡ ਸਾਧਾਂਵਾਲਾ ਦੇ ਗ਼ਰੀਬ ਮਜ਼ਦੂਰ ਸੁਨੀਲ ਸਿੰਘ ਪੁੱਤਰ ਗਿਆਨ ਸਿੰਘ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਨਾਲ ,ਜਿਸ ‘ਚ ਉਸ ਦੀ ਪਤਨੀ ਸੁਨੀਤਾ ਰਾਣੀ, ਬੇਟੀ ਹੁਮਾ ਅਤੇ ਲੜਕਾ ਉਮੇਰ ਸ਼ਾਮਿਲ ਸੀ, 11 ਅਪ੍ਰੈਲ ਨੂੰ ਅਟਾਰੀ ਸਰਹੱਦ ਰਾਹੀਂ ਜੱਥੇ ਨਾਲ ਪਾਕਿਸਤਾਨ ਗਿਆ ਸੀ ।
ਜਥੇ ‘ਚ ਸ਼ਾਮਿਲ ਲੋਕਾਂ ਨੇ ਦੱਸਿਆ ਕਿ ਸੁਨੀਲ ਸਿੰਘ ਇਕ ਦਿਨ ਬਾਅਦ ਹੀ ਗੁਰਦੁਆਰਾ ਡੇਰਾ ਸਾਹਿਬ ਦੀ ਸਰਾਂ ਵਿਚ ਆਪਣਾ ਬੈਗ ਛੱਡ ਕੇ ਚਲਾ ਗਿਆ ਸੀ । ਸੁਨੀਲ ਸਿੰਘ ਗ਼ਰੀਬ ਪਰਿਵਾਰ ਨਾਲ ਸਬੰਧਿਤ ਹੈ ਅਤੇ ਪਿਛਲੇ ਪੰਜ-ਛੇ ਸਾਲਾਂ ਤੋਂ ਇਸ ਪਿੰਡ ਅੰਦਰ ਕੱਚੇ ਘਰ ‘ਚ ਰਹਿ ਰਿਹਾ ਸੀ
ਜਿਸ ਕਮਰੇ ਵਿਚ ਸੁਨੀਲ ਰਹਿੰਦਾ ਸੀ ਉਸ ਤੋਂ ਕੋਈ ਇਕ-ਡੇਢ ਕਿੱਲੋਮੀਟਰ ‘ਤੇ ਪਿੰਡ ਚੁੱਘੇ ਵਾਲਾ ਦੇ ਨਾਲ ਹੀ ਫੌਜ਼ ਦਾ ਫਾਇਰਿੰਗ ਰੇਂਜ ਹੈ ਅਤੇ ਉਸਦੇ ਨਜ਼ਦੀਕ ਹੀ ਗੋਲਾ-ਬਾਰੂਦ ਦਾ ਡੰਪ ਵੀ ਹੈ ।ਸੁਨੀਲ ਸਿੰਘ ਆਪਣੇ ਪਰਿਵਾਰ ਦਾ ਗੁਜ਼ਾਰਾ ਮਜ਼ਦੂਰੀ ਤੋਂ ਕਮਾ ਕੇ ਕਰਦਾ ਸੀ ।ਉਸਦੀ ਪਤਨੀ ਸੁਨੀਤਾ ਰਾਣੀ ਵੀ ਨਰੇਗਾ ਵਿਚ ਮਜ਼ਦੂਰ ਹੈ ਅਤੇ ਉਨ੍ਹਾਂ ਦੇ ਬੱਚੇ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ । ਜਿਨ੍ਹਾਂ ਦੀ ਉਮਰ 10 ਤੋਂ 11 ਸਾਲ ਵਿਚ ਹੈ ।
ਭਾਈ ਮਰਦਾਨਾ ਸੁਸਾਇਟੀ ਦੇ ਮੈਂਬਰ ਜਗਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਰਦੁਆਰਾ ਪੰਜਾ ਸਾਹਿਬ ਯਾਤਰਾ ਲਈ ਸੁਨੀਲ ਸਿੰਘ ਅਤੇ ਉਸਦੀ ਪਤਨੀ ਸੁਨੀਤਾ ਰਾਣੀ ਜਿਨ੍ਹਾਂ ਦੇ ਵੋਟਰ ਸ਼ਨਾਖ਼ਤੀ ਕਾਰਡ ਨੰਬਰ ਕ੍ਰਮਵਾਰ 1407936 ਅਤੇ 1407946 ਹਨ ਜਦੋਂ ਕਿ ਬੱਚਿਆਂ ਬੇਟੀ ਹੁਮਾ ਅਤੇ ਪੁੱਤਰ ਉਮੇਰ ਦੇ ਆਧਾਰ ਕਾਰਡ ਨੰਬਰ ਕ੍ਰਮਵਾਰ 725467078709 ਅਤੇ 685358539923 ਹਨ ਆਦਿ ਇਨ੍ਹਾਂ ਦਸਤਾਵੇਜ਼ ਦੇ ਆਧਾਰ ‘ਤੇ ਉਸਨੇ ਆਪਣੇ ਪਰਿਵਾਰ ਦਾ ਪਾਕਿਸਤਾਨ ਲਈ ਵੀਜ਼ਾ ਲਗਵਾਇਆ ਸੀ, ਉਸ ਨੇ ਆਪਣੇ ਪਾਸਪੋਰਟ ਵਿਚ ਆਪਣਾ ਜਨਮ ਸਥਾਨ ਵੀ ਪਿੰਡ ਸਾਧਾਂਵਾਲਾ ਜ਼ਿਲ੍ਹਾ ਫ਼ਰੀਦਕੋਟ ਦਰਜ ਕਰਵਾਇਆ ਹੋਇਆ ਹੈ ਪਰ ਪਿੰਡ ਵਾਸੀਆਂ ਅਨੁਸਾਰ ਉਹ ਕੇਵਲ ਪਿਛਲੇ ਪੰਜ-ਛੇ ਸਾਲਾਂ ਤੋਂ ਇੱਥੇ ਰਹਿ ਰਿਹਾ ਸੀ ।
ਮਿਲੀ ਜਾਣਕਾਰੀ ਅਨੁਸਾਰ ਸੁਨੀਲ ਸਿੰਘ ਦੇ ਪਰਿਵਾਰ ਦਾ ਕੋਈ ਜੱਦੀ ਘਰ, ਰਿਹਾਇਸ਼ ਆਦਿ ਨਹੀਂ, ਇਸਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਨੂੰ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ ਅਤੇ ਪਾਸਪੋਰਟ ਜਾਰੀ ਕਰਨ ਦੀ ਲੋੜੀਂਦੀ ਸਿਫ਼ਾਰਸ਼ ਜਾਰੀ ਕੀਤੀ ਹੋਈ ਹੈ ।
ਪ੍ਰਸ਼ਾਸਨ ਦੀ ਰਿਪੋਰਟ ਦੇ ਆਧਾਰ ‘ਤੇ ਪਾਸਪੋਰਟ ਦਫ਼ਤਰ ਨੇ 25 ਜੁਲਾਈ 2014 ਨੂੰ ਸੁਨੀਲ ਸਿੰਘ ਅਤੇ ਉਸਦੇ ਪਰਿਵਾਰ ਨੂੰ ਪਾਸਪੋਰਟ ਜਾਰੀ ਕੀਤੇ ਹਨ ।ਸੁਨੀਲ ਸਿੰਘ ਦੇ ਨਾਲ ਮਜ਼ਦੂਰੀ ਕਰਨ ਵਾਲੇ ਨਾਨਕ ਸਿੰਘ ਨੇ ਕਿਹਾ ਕਿ ਸੁਨੀਲ ਸਿੰਘ ਸ਼ਾਂਤ ਸੁਭਾਅ ਦਾ ਵਿਅਕਤੀ ਸੀ ਅਤੇ ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦਾ ਸੀ ।
ਉਹ ਦਿਹਾੜੀ ਟੱਪਾ ਕਰਕੇ ਆਪਣਾ ਪਰਿਵਾਰ ਪਾਲਦਾ ਸੀ । ਸੁਨੀਲ ਸਿੰਘ ਦੇ ਪਾਕਿਸਤਾਨ ਵਿਚ ਲਾਪਤਾ ਹੋਣ ਨਾਲ ਪ੍ਰਸ਼ਾਸਨ ਵੱਲੋਂ ਉਸਨੂੰ ਜਾਰੀ ਕੀਤੇ ਦਸਤਾਵੇਜ਼ ਸ਼ੱਕ ਦੇ ਘੇਰੇ ਵਿਚ ਨਜ਼ਰ ਆਉਂਦੇ ਹਨ ।ਜਾਣਕਾਰੀ ਅਨੁਸਾਰ ਸੁਨੀਲ ਸਿੰਘ ਪਿੰਡ ਸਾਧਾਂਵਾਲਾ ਦਾ ਵਸਨੀਕ ਹੀ ਨਹੀਂ ਅਤੇ ਨਾ ਹੀ ਕਿਸੇ ਨੂੰ ਉਸ ਦੀ ਪੱਕੀ ਰਿਹਾਇਸ਼ ਬਾਰੇ ਪਤਾ ਹੈ ਅਤੇ ਪ੍ਰਸ਼ਾਸਨ ਨੇ ਡੂੰਘਾਈ ਨਾਲ ਪੜਤਾਲ ਕੀਤੇ ਬਿਨਾਂ ਉਸਨੂੰ ਅਹਿਮ ਦਸਤਾਵੇਜ਼ ਜਾਰੀ ਕਰ ਦਿੱਤੇ ।ਪਿੰਡ ਦੇ ਸਰਪੰਚ ਹਰਜੀਤ ਸਿੰਘ ਨੇ ਕਿਹਾ ਕਿ ਉਹ ਸੁਨੀਲ ਸਿੰਘ ਨੂੰ ਇਕ ਦੋ ਵਾਰ ਹੀ ਮਿਲਿਆ ਹੈ ਅਤੇ ਉਸ ਬਾਰੇ ਉਹ ਬਹੁਤਾ ਕੁਝ ਨਹੀਂ ਜਾਣਦੇ ।
ਸੁਨੀਲ ਸਿੰਘ ਅਤੇ ਉਸਦੇ ਪਰਿਵਾਰ ਦੀ ਪਾਕਿਸਤਾਨ ਵਿਚ ਅਚਨਚੇਤ ਲਾਪਤਾਈ ਸਰਕਾਰ ਤੇ ਖੂਫੀਆਂ ਏਜੰਸੀਆਂ ਲਈ ਵੱਡੀ ਸਿਰਦਰਦੀ ਬਣ ਗਈ ਹੈ, ਫ਼ੌਜ ਕੇਂਦਰੀ ਪੁਲਿਸ ਦੀਆਂ ਖੂਫੀਆਂ ਏਜੰਸੀਆਂ ਉਦੇ ਚਰਿੱਤਰ ਤੇ ਪਿਛੋਕੜ ਬਾਰੇ ਜਾਣਕਾਰੀ ਲੈਣ ਵਿਚ ਰੁੱਝ ਗਈਆਂ ਹਨ ।